(ਸਮਾਜ ਵੀਕਲੀ)
ਇਸ ਸਮੇਂ ਜਲ ਸੰਕਟ ਭਾਰਤ ਦਾ ਹੀ ਨਹੀਂ ਪੂਰੇ ਵਿਸ਼ਵ ਦਾ ਮਸਲਾ ਬਣਦਾ ਜਾ ਰਿਹਾ ਹੈ। ਵਿਕਸਤ ਤੋਂ ਵਿਕਸਤ ਦੇਸ਼ ਵੀ ਪਾਣੀ ਦੇ ਸੰਭਾਵੀ ਸੰਕਟ ਤੋਂ ਚਿੰਤਤ ਹਨ। ਜੇਕਰ ਵਿਸ਼ਵ ਭਰ ਦੇ ਚਿੰਤਕ ਇਹ ਪ੍ਰਤੀਤ ਕਰ ਰਹੇ ਹਨ ਕਿ ਜੇਕਰ ਤੀਜਾ ਵਿਸ਼ਵ ਯੁੱਧ ਜਦੋਂ ਵੀ ਛਿੜਿਆ ਤਾਂ ਉਸ ਦਾ ਕਾਰਨ ਪਾਣੀ ਹੀ ਹੋਵੇਗਾ। ਪਾਣੀ ਦੀ ਖੋਹਾ – ਖਾਹੀ ਲਈ ਇਹ ਜੰਗ ਹੋ ਸਕਦੀ ਹੈ। ਜਿੰਨ੍ਹਾਂ ਚਿੰਤਕਾਂ ਨੇ ਪ੍ਰਗਟਾਵਾ ਕੀਤਾ ਹੈ ਕਿ ਅਗਲੀ ਜੰਗ ਪਾਣੀ ਲਈ ਹੋ ਸਕਦੀ ਹੈ, ਉਹ ਐਵੇਂ ਨਹੀਂ, ਸੋਚਣ ਦਾ ਮਾਮਲਾ ਹੈ, ਬਿਨਾਂ ਸ਼ੱਕ ਸਮੁੱਚੀ ਮਨੁੱਖ ਜਾਤੀ, ਬਨਸਪਤੀ, ਪਸ਼ੂ, ਪੰਛੀ ਜਗਤ ਲਈ ਪਾਣੀ ਸਭ ਤੋਂ ਪਹਿਲੀ ਬੁਨਿਆਦੀ ਲੋੜ ਹੈ।
ਸਭ ਤਰ੍ਹਾਂ ਦੇ ਜੀਵਨ ਲਈ ਪਾਣੀ ਪਹਿਲੀ ਤਰਜੀਹ ਹੈ। ਜੇਕਰ ਪਾਣੀ ਨਾ ਹੋਵੇ ਤਾਂ ਪ੍ਰਿਥਵੀ ਉੱਪਰ ਕੁਝ ਵੀ ਨਹੀਂ ਹੋਵੇਗਾ। ਕੇਵਲ ਉਹ ਧੁੰਦੂਕਾਰਾ ਜੋ ਅਰਬਾਂ ਸਾਲ ਪਹਿਲਾਂ ਇਸ ਧਰਤੀ ‘ਤੇ ਮੌਜੂਦ ਸੀ, ਮਨੁੱਖ ਦੀ ਉਤਪਤੀ ਪਾਣੀ ਵਿੱਚੋਂ ਹੀ ਹੋਈ ਸੀ। ਵਿਸ਼ਵ ਭਰ ਦੇ ਵਿਗਿਆਨੀਆਂ ਦਾ ਮਨੁੱਖ ਦੀ ਉਤਪਤੀ ਲਈ ਇਕ ਹੀ ਮਤ ਹੈ ਕਿ ਮਨੁੱਖ ਦੀ ਹੋਂਦ ਉਸ ਅਮੀਬਾ ਤੋਂ ਹੋਈ ਜੋ ਸਮੁੰਦਰ ਵਿਚ ਪੈਦਾ ਹੋਇਆ ਅਤੇ ਵਿਕਾਸ ਦੀਆਂ ਪੌੜੀਆਂ ਤੈਅ ਕਰਦਾ ਧਰਤੀ ਉੱਪਰ ਆਇਆ ਤੇ ਹੌਲੀ-ਹੌਲੀ ਵਿਕਸਤ ਹੋ ਕੇ ਮੌਜੂਦ ਸਥਾਨ ਉੱਪਰ ਪੁੱਜਾ।
ਮਨੁੱਖ ਦੀ ਆਰਥਿਕ ਤਰੱਕੀ ਦੇ ਸਾਧਨ ਖੇਤੀ ਅਤੇ ਉਦਯੋਗ ਹਨ, ਜਿਨ੍ਹਾਂ ਦੀ ਉੱਨਤੀ ਪਾਣੀ ਤੋਂ ਬਿਨਾਂ ਸੰਭਵ ਨਹੀਂ ਹੈ, ਅੱਜ ਵਿਸ਼ਵ ਪੱਧਰ ‘ਤੇ ਪਾਣੀ ਦੀ ਸਮੱਸਿਆ ਗੰਭੀਰ ਤੇ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ, ਉਂਝ ਤਾਂ ਕੈਨੇਡਾ ਤੋਂ ਬਿਨਾਂ ਦੁਨੀਆ ਦੇ ਸਾਰੇ ਦੇਸ਼ਾਂ ਵਿਚ ਪਾਣੀ ਦੀ ਕਮੀ ਮਹਿਸੂਸ ਕੀਤੀ ਜਾਣ ਲੱਗੀ ਹੈ, ਪਰ ਭਾਰਤ ਸਮੇਤ 35 ਦੇਸ਼ਾਂ ਵਿਚ ਪਾਣੀ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਅਫਗਾਨਿਸਤਾਨ, ਈਰਾਨ ਅਤੇ ਪੰਜ ਹੋਰ ਰੂਸੀ ਦੇਸ਼ਾਂ ਦੇ ਦਰਮਿਆਨ ਫੈਲੀ ਦੁਨੀਆ ਦੀ ਸਭ ਤੋਂ ਚੌਥੀ ਵੱਡੀ ਇਰਾਲ ਝੀਲ 80 /85% ਸੁੱਕ ਚੁੱਕੀ ਹੈ। ਇਸੇ ਤਰ੍ਹਾਂ ਜੌਰਡਨ ਦਾ ਅਜਰਾਕ ਨਾਂ ਦਾ ਨਖਲਿਸਤਾਨ ਹੋਇਆ ਕਰਦਾ ਸੀ।
ਇਹ ਨਖਲਿਸਤਾਨ ਅੱਜ ਪੂਰੀ ਤਰ੍ਹਾਂ ਸੁੱਕ ਚੁੱਕਾ ਹੈ ਅਤੇ ਗੰਦਗੀ ਦੇ ਢੇਰ ਵਿਚ ਬਦਲ ਚੁੱਕਾ ਹੈ। ਲਿਬੀਆ ਨੇ ਆਪਣਾ ਧਰਤੀ ਹੇਠਲਾ ਪਾਣੀ ਖਤਮ ਕਰ ਲਿਆ ਅਤੇ ਅੱਜ ਇਹ 1850 ਕਿਲੋਮੀਟਰ ਦੂਰ ਕੁਫਰਾ ਬੇਸਨ ਤੋਂ ਪਾਈਪਾਂ ਰਾਹੀਂ ਪੀਣ ਵਾਲਾ ਪਾਣੀ ਮੰਗਵਾ ਰਿਹਾ ਹੈ। ਚੇਨੱਈ ਦੇ ਕੋਇੰਬਟੂਰ ਦੀ ਇਕ ਖਬਰ ਮੁਤਾਬਕ ਅਗਲੇ ਦੋ ਦਹਾਕਿਆਂ ਵਿੱਚ ਭਾਰਤ ਨੂੰ ਵੀ ਪਾਣੀ ਆਯਾਤ ਕਰਨਾ ਪੈ ਸਕਦਾ ਹੈ। ਕੋਲੰਬੋ ਸਥਿਤ ਜਲ ਪ੍ਰਬੰਧਕ ਸਪੈਸ਼ਲਿਸਟ ਦਾ ਵੀ ਅਜਿਹਾ ਖਿਆਲ ਹੈ। ਇਸ ਤਰ੍ਹਾਂ ਮਨੁੱਖ ਦੀਆਂ ਨਲਾਇਕੀਆਂ ਕਾਰਨ ਦੁਨੀਆ ਭਰ ਵਿਚ ਹਜ਼ਾਰਾਂ ਝੀਲਾਂ ਅਤੇ ਦਰਿਆ ਮਾਰੂਥਲ ਦਾ ਰੂਪ ਧਾਰਨ ਕਰ ਚੁੱਕੇ ਹਨ।
ਵਿਸ਼ਵ ਬੈਂਕ ਦੀ ਪਾਣੀ ਸਬੰਧੀ ਰਿਪੋਰਟ ਕਹਿੰਦੀ ਹੈ ਕਿ ਜੇਕਰ ਅਸੀਂ ਨਾ ਸੁਧਰੇ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਭਿਆਨਕ ਹੋਵੇਗਾ। ਵਿਸ਼ਵ ਬੈਂਕ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਮਨੁੱਖ ਜਿਸ ਕਦਰ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਪਾਣੀ ਨੂੰ ਬੇਕਿਰਕੀ ਨਾਲ ਖਤਮ ਕਰਨ ‘ਤੇ ਤੁਲਿਆ ਹੋਇਆ ਹੈ, ਉਸ ਨਾਲ ਦਰਿਆ ਸੁੱਕ ਰਹੇ ਹਨ, ਪਿੰਡਾਂ ਵਿਚ ਛੱਪੜ, ਟੋਬੇ ਅਤੇ ਖੂਹ ਖਤਮ ਹੋ ਚੁੱਕੇ ਹਨ, ਜੋ ਕਿ ਬਰਸਾਤੀ ਪਾਣੀ ਨੂੰ ਧਰਤੀ ਅੰਦਰ ਸਮਾਉਣ ਦਾ ਜਰੀਆ ਹੁੰਦੇ ਸਨ।
ਦੂਜੇ ਪਾਸੇ ਮਾਹਿਰਾਂ ਦਾ ਕਹਿਣਾ ਹੈ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋਣ ਕਰਕੇ ਧਰਤੀ ਦੇ.ਤਾਪਮਾਨ’. ‘ਚ 3 ਤੋਂ ਸਾਢੇ 4 ਡਿਗਰੀ ਤੱਕ ਦਾ ਵਾਧਾ ਹੋ ਸਕਦਾ ਹੈ। ਤਾਪਮਾਨ ਵਧਣ ਕਰਕੇ ਆਉਂਦੇ 30 ਕੁ ਸਾਲਾਂ ਵਿਚ ਹਿਮਾਲਿਆ ਗਲੇਸ਼ੀਅਰ ਦਾ ਆਧਾਰ ਸੁੰਗੜ ਜਾਵੇਗਾ ਅਜਿਹਾ ਹੋਣ ਨਾਲ ਜਲ ਸੰਕਟ ਡੂੰਘਾ ਹੋਵੇਗਾ ਅਤੇ ਅਨਾਜ ਦੀ ਪੈਦਾਵਾਰ ਵਿਚ ਭਾਰੀ ਕਮੀ ਆਵੇਗੀ, ਜਿਸ ਨਾਲ ਭੁੱਖਮਰੀ ਵਿਚ ਭਾਰੀ ਵਾਧਾ ਹੋਵੇਗਾ। ਮਾਹਿਰਾਂ ਵੱਲੋਂ ਵਾਰ-ਵਾਰ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਜੇਕਰ ਮਨੁੱਖੀ ਸੱਭਿਅਤਾ ਨੇ ਪਾਣੀ ਦੀ ਦੁਰਵਰਤੋਂ ਇਸੇ ਤਰ੍ਹਾਂ ਜਾਰੀ ਰੱਖੀ ਤਾਂ ਧਰਤੀ ਦੇ ਵੱਡੇ ਹਿੱਸੇ ਉਪਰ ਮਾਰੂਥਲ ਪਸਰ ਜਾਵੇਗਾ ਅਤੇ ਸਮੁੱਚੇ ਜੀਵਨ ਦੀ ਹੋਂਦ ਖਤਰੇ ਵਿਚ ਪੈ ਜਾਵੇਗੀ।
ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣਾ ਚੰਗਾ – ਮਾੜਾ ਆਪ ਪਛਾਣੀਏ ਤੇ ਧਰਤੀ ਹੇਠ ਪਾਣੀ ਨੂੰ ਲੱਗੀ ਢਾਅ ਨੂੰ ਰੋਕ ਲਈਏ ਅਤੇ ਪਾਣੀ ਦੀ ਹਰ ਬੂੰਦ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ। ਜੇਕਰ ਅੱਜ ਅਸੀਂ ਇਸ ਮਸਲੇ ਪ੍ਰਤੀ ਸੁਚੇਤ ਨਾ ਹੋਏ ਤਾਂ ਕੱਲ੍ਹ ਬਹੁਤ ਦੇਰ ਹੋ ਚੁੱਕੀ ਹੋਵੇਗੀ।