ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਮੁੜ ਸੰਬੋਧਨ ਕਰਕੇ ਕਰੋਨਾ ਲੌਕਡਾਊਨ ਨੂੰ ਕਰਫਿਊ ਸਮਝਣ ਲਈ ਕਿਹਾ;
ਦੇਸ਼ ’ਚ ਕਰੋਨਾਵਾਇਰਸ ਕਾਰਨ ਮੌਤਾਂ ਦੀ ਗਿਣਤੀ 10 ਹੋਈ
ਬੰਦ ਦੇ ਫੈਸਲੇ ਨੂੰ ਵਾਇਰਸ ਖ਼ਿਲਾਫ਼ ਫ਼ੈਸਲਾਕੁਨ ਲੜਾਈ ਲਈ ਜ਼ਰੂਰੀ ਦੱਸਿਆ
‘ਹੁਣ ਨਾ ਸੰਭਲੇ ਤਾਂ 21 ਸਾਲ ਪਿੱਛੇ ਧੱਕੇ ਜਾਵਾਂਗੇ’
ਘਰ ਤੋਂ ਬਾਹਰ ਕਦਮ ਵਾਇਰਸ ਨੂੰ ਸੱਦਾ, ‘ਸਮਾਜਿਕ ਦੂਰੀ’ ਨੂੰ ਦੱਸਿਆ ਇਕ-ਇਕੋ ਢੰਗ ਤਰੀਕਾ
ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅੱਧੀ ਰਾਤ ਤੋਂ ਅਗਲੇ 21 ਦਿਨਾਂ (14 ਅਪਰੈਲ) ਤਕ ਪੂਰੇ ਭਾਰਤ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਪਿਛਲੇ ਪੰਜ ਦਿਨਾਂ ਵਿੱਚ ਅੱਜ ਦੂਜੀ ਵਾਰ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਖ਼ਿਲਾਫ਼ ਫੈਸਲਾਕੁਨ ਲੜਾਈ ਲਈ ਅਜਿਹਾ ਕਰਨਾ ਜ਼ਰੂਰੀ ਹੋ ਗਿਆ ਹੈ, ਨਹੀਂ ਤਾਂ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਸਾਨੂੰ ਆਰਥਿਕ ਕੀਮਤ ਜ਼ਰੂਰ ਤਾਰਨੀ ਪੈ ਸਕਦੀ ਹੈ, ਪਰ ਲੋਕਾਂ ਦੀਆਂ ਜਾਨਾਂ ਬਚਾਉਣੀਆਂ ਉਨ੍ਹਾਂ ਦੀ ਸਰਕਾਰ ਦਾ ਸਿਖਰਲਾ ਹਿੱਤ/ਤਰਜੀਹ ਹੈ। ਉਨ੍ਹਾਂ ਦੇਸ਼ ਵਾਸੀਆਂ ਨੂੰ ਕਿਹਾ ਕਿ ਉਹ ਖਾਣ-ਪੀਣ, ਦਵਾਈ ਬੂਟੀ ਤੇ ਹੋਰ ਜ਼ਰੂਰੀ ਵਸਤਾਂ ਲਈ ਨਾ ਘਬਰਾਉਣ। ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਮਿਲ ਕੇ ਕੰਮ ਕਰਦਿਆਂ ਹਰ ਜ਼ਰੂਰੀ ਵਸਤਾਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣਗੇ।
ਉਨ੍ਹਾਂ ਦੇਸ਼ ਵਾਸੀਆਂ ਨੂੰ ਚੌਕਸ ਕਰਦਿਆਂ ਕਿਹਾ ਕਿ ਘਰ ਤੋਂ ਬਾਹਰ ਇਕ ਕਦਮ ਵਾਇਰਸ ਨੂੰ ਸੱਦਾ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ਵਾਸੀ ਇਸ ਲੌਕਡਾਊਨ ਨੂੰ ਕਰਫਿਊ ਹੀ ਸਮਝਣ। ਪ੍ਰਧਾਨ ਮੰਤਰੀ ਨੇ ਕਿਹਾ ਅਸੀਂ ਇਕ ਇਕ ਦੇਸ਼ ਵਾਸੀ ਨੂੰ ਬਚਾਉਣਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ‘ਜੇਕਰ ਹੁਣ ਅਸੀਂ ਅਗਲੇ 21 ਦਿਨ ਨਾ ਸੰਭਲੇ ਤਾਂ ਸਾਡਾ ਮੁਲਕ ਤੇ ਤੁਹਾਡੇ ਪਰਿਵਾਰ ਇੱਕੀ ਸਾਲ ਪਿੱਛੇ ਧੱਕੇ ਜਾਣਗੇ।’ ਉਨ੍ਹਾਂ ਕਿਹਾ ਕਿ ਬੰਦ ਦੇ ਅਰਸੇ ਦੌਰਾਨ ਲੋਕਾਂ ਦੇ ਘਰੋਂ ਬਾਹਰ ਪੈਰ ਪੁੱਟਣ ’ਤੇ ਮੁਕੰਮਲ ਰੋਕ ਰਹੇਗੀ। ਪ੍ਰਧਾਨ ਮੰਤਰੀ ਨੇ ਹੱਥ ਜੋੜ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਇਸ ਅਪੀਲ ’ਤੇ ਡਟ ਕੇ ਪਹਿਰਾ ਦੇਣ। ਉਨ੍ਹਾਂ ਕਿਹਾ ਕਿ ਮਾਹਿਰਾਂ ਅਤੇ ਇਸ ਮਾਰੂ ਵਾਇਰਸ ਖਿਲਾਫ਼ ਲੜ ਰਹੇ ਮੁਲਕਾਂ ਦੇ ਤਜਰਬੇ ਤੋਂ ਸਾਫ਼ ਹੈ ਕਿ ਇਸ ਬਿਮਾਰੀ ਦਾ ਟਾਕਰਾ ਸਿਰਫ਼ ‘ਸਮਾਜਿਕ ਦੂਰੀ’ ਨਾਲ ਹੀ ਕੀਤਾ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਸਮਾਜਿਕ ਦੂਰੀ’ ਨਾ ਸਿਰਫ਼ ਲਾਗ ਦੇ ਪੀੜਤਾਂ ਬਲਕਿ ਉਨ੍ਹਾਂ ਸਮੇਤ ਦੇਸ਼ ਦੇ ਹਰ ਨਾਗਰਿਕ ਲਈ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਅਸੀਂ ਇਸ ਚੁਣੌਤੀ ’ਚੋਂ ਸਫ਼ਲ ਹੋ ਕੇ ਨਿਕਲਾਂਗੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਆਪਣਾ ਤੇ ਆਪਣੇ ਪਰਿਵਾਰਾਂ ਦਾ ਧਿਆਨ ਰੱਖਣ। ਉਨ੍ਹਾਂ ਐਤਵਾਰ 22 ਮਾਰਚ ਦੇ ਜਨਤਾ ਕਰਫਿਊ ਨੂੰ ਸਫ਼ਲ ਬਣਾਉਣ ਲਈ ਹਰ ਭਾਰਤੀ ਵੱਲੋਂ ਪਾਏ ਯੋਗਦਾਨ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਨੇ ਕਈ ਕਹਿੰਦੇ ਕਹਾਉਂਦੇ ਮੁਲਕਾਂ ਦੀਆਂ ਗੋਡਣੀਆਂ ਲੁਆ ਛੱਡੀਆਂ ਹਨ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਚੁਣੌਤੀਆਂ ਲਗਾਤਾਰ ਵਧ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਆਮ ਆਦਮੀ ਦੇ ਫ਼ਿਕਰ ਨੂੰ ਦੂਰ ਕਰਦਿਆਂ ਕਿਹਾ ਕਿ ਲੋਕ 21 ਦਿਨਾਂ ਦੇ ਦੇਸ਼ ਵਿਆਪੀ ਬੰਦ ਦੌਰਾਨ ਜ਼ਰੂਰੀ ਸਾਮਾਨ ਤੇ ਦਵਾਈਆਂ ਦੀ ਉਪਲਬਧਤਾ ਨੂੰ ਲੈ ਕੇ ਨਾ ਘਬਰਾਉਣ।