ਆਸਟਰੇਲੀਆ ਦਾ ਸਟਾਰ ਬੱਲੇਬਾਜ਼ ਸਟੀਵ ਸਮਿੱਥ ਜ਼ਖ਼ਮੀ ਹੋਣ ਕਾਰਨ ਵੀਰਵਾਰ ਨੂੰ ਖੇਡੇ ਜਾਣ ਵਾਲੇ ਐਸ਼ੇਜ਼ ਲੜੀ ਦੇ ਤੀਜੇ ਟੈਸਟ ਮੈਚ ’ਚੋਂ ਬਾਹਰ ਹੋ ਗਿਆ ਹੈ। ਕ੍ਰਿਕਟ ਆਸਟਰੇਲੀਆ ਨੇ ਅੱਜ ਕਿਹਾ, ‘‘ਸਟੀਵ ਸਮਿੱਥ ਹੈਡਿੰਗਲੇ ਵਿੱਚ ਹੋਣ ਵਾਲਾ ਐਸ਼ੇਜ਼ ਲੜੀ ਦਾ ਤੀਜਾ ਮੁਕਾਬਲਾ ਨਹੀਂ ਖੇਡ ਸਕੇਗਾ।’’ ਕੋਚ ਜਸਟਿਨ ਲੈਂਗਰ ਨੇ ਕਿਹਾ ਕਿ ਸਮਿੱਥ ਨੇ ਅੱਜ ਆਸਟਰਲੀਆ ਦੇ ਸਿਖਲਾਈ ਕੈਂਪ ਵਿੱਚ ਵੀ ਹਿੱਸਾ ਨਹੀਂ ਲਿਆ।
ਲਾਰਡਜ਼ ਦੇ ਮੈਦਾਨ ’ਤੇ ਖੇਡੇ ਗਏ ਦੂਜੇ ਟੈਸਟ ਦੇ ਚੌਥੇ ਦਿਨ (ਸ਼ਨਿੱਚਰਵਾਰ ਨੂੰ) ਸਮਿੱਥ ਤੇਜ਼ ਗੇਂਦਬਾਜ਼ ਆਰਚਰ ਦੇ ਸਪੈਲ ਵਿੱਚ ਦੋ ਵਾਰ ਜ਼ਖ਼ਮੀ ਹੋ ਗਿਆ ਸੀ। ਪਹਿਲੀ ਗੇਂਦ ਉਸ ਦੇ ਹੱਥ, ਜਦਕਿ ਦੂਜੀ ਗਰਦਨ ’ਤੇ ਲੱਗੀ।
ਸਮਿੱਥ ਜਦੋਂ 80 ਦੌੜਾਂ ਬਣਾ ਕੇ ਖੇਡ ਰਿਹਾ ਸੀ ਤਾਂ ਆਰਚਰ ਦੀ 92.3 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਕੀਤੀ ਗਈ ਗੇਂਦ ਉਸ ਦੀ ਗਰਦਨ ਤੇ ਸਿਰ ਵਿਚਾਲੇ ਹਿੱਸੇ ’ਤੇ ਲੱਗੀ ਅਤੇ ਉਹ ਡਿੱਗ ਗਿਆ। ਇਸ ਮਗਰੋਂ ਉਸ ਨੂੰ ਮੈਚ ਵਿਚਾਲੇ ਛੱਡਣਾ ਪਿਆ।
ਹਾਲਾਂਕਿ 46 ਮਿੰਟ ਮਗਰੋਂ ਉਹ ਫਿਰ ਮੈਦਾਨ ’ਤੇ ਉਤਰਿਆ ਅਤੇ 92 ਦੌੜਾਂ ਪੂਰੀਆਂ ਕਰਕੇ ਕ੍ਰਿਸ ਵੋਕਸ ਦੀ ਗੇਂਦ ’ਤੇ ਐਲਬੀਡਬਲਯੂ ਆਊਟ ਹੋ ਗਿਆ। ਸਮਿੱਥ ਨੇ ਪਹਿਲੇ ਟੈਸਟ ਮੈਚ ਦੀਆਂ ਦੋਵਾਂ ਪਾਰੀਆਂ ਵਿੱਚ ਸੈਂਕੜੇ ਮਾਰ ਕੇ ਟੀਮ ਨੂੰ ਜਿੱਤ ਦਿਵਾਈ ਸੀ।
Sports ਸਮਿੱਥ ਸੱਟ ਕਾਰਨ ਤੀਜੇ ਐਸ਼ੇਜ਼ ਟੈਸਟ ’ਚੋਂ ਬਾਹਰ