
ਅਨੇਕਾਂ ਪ੍ਰਾਜੈਕਟਾਂ ਦੀ ਟੈਂਡਰ ਪ੍ਰਕਿ੍ਆ ਮੁਕੰਮਲ-‘ਸੇਫ ਸਿਟੀ’ ਤਹਿਤ ਲੱਗਣਗੇ ਸੀ.ਸੀ.ਟੀ.ਵੀ ਕੈਮਰੇ
ਸਮੂਹ ਸਰਕਾਰੀ ਇਮਾਰਤਾਂ ਦੀਆਂ ਛੱਤਾਂ ’ਤੇ ਲੱਗਣਗੇ ਸੋਲਰ ਪਲਾਂਟ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ‘ਸਮਾਰਟ ਸਿਟੀ’ ਪ੍ਰਾਜੈਕਟ ਤਹਿਤ ਰਹਿੰਦੇ ਵਿਕਾਸ ਕੰਮਾਂ ਦੀ ਜਲਦ ਸ਼ੁਰੂਆਤ ਤੇ ਉਨ੍ਹਾਂ ਨੂੰ ਮਿੱਥੇ ਸਮੇਂ ਅੰਦਰ ਨੇਪਰੇ ਚਾੜ੍ਹਨ ਲਈ ਹਲਕੇ ਦੇ ਵਿਧਾਇਕ ਸ. ਨਵਤੇਜ ਸਿੰਘ ਚੀਮਾ , ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੁੱਪਲ ਤੇ ਐਸ.ਐਸ.ਪੀ. ਸ੍ਰੀਮਤੀ ਕੰਵਰਦੀਪ ਕੌਰ ਵਲੋੋਂ ਮੀਟਿੰਗ ਕਰਕੇ ਵੱਖ-ਵੱਖ ਪ੍ਰਾਜੈਕਟਾਂ ਦੀ ‘ਸਟੇਟਸ ਰਿਪੋਰਟ’ ਉੱਪਰ ਚਰਚਾ ਕੀਤੀ ਗਈ।
ਲੋਕ ਨਿਰਮਾਣ ਵਿਭਾਗ ਦੇ ਸਥਾਨਕ ਰੈਸਟ ਹਾਊਸ ਵਿਖੇ ਹੋਈ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ‘ਸਮਾਰਟ ਸਿਟੀ’ ਪ੍ਰਾਜੈਕਟ ਤਹਿਤ ਫਰਵਰੀ ਮਹੀਨੇ ਦੌਰਾਨ ਸੁਲਤਾਨਪੁਰ ਲੋਧੀ ਵਿਖੇ ਸ਼ੁਰੂ ਕੀਤੇ ਗਏ 134.18 ਕਰੋੜ ਰੁਪੈ ਦੀ ਵਿਕਾਸ ਕੰਮਾਂ ਦੀ ਸਮੀਖਿਆ ਕੀਤੀ ਗਈ।
ਵਿਧਾਇਕ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਵਿਕਾਸ ਕੰਮਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇਗਾ ਤਾਂ ਜੋ ਇਸ ਪਾਵਨ ਨਗਰੀ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਬਿਹਤਰੀਨ ਸਹੂਲਤਾਂ ਦੇਣ ਦੇ ਨਾਲ-ਨਾਲ ਸ਼ਹਿਰ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਵਿਚ ਵੀ ਮਦਦ ਮਿਲੇ।
ਉਨ੍ਹਾਂ ਇਹ ਵੀ ਦੱਸਿਆ ਕਿ ਮੈਂਬਰ ਪਾਰਲੀਮੈਂਟ ਸ. ਜਸਬੀਰ ਸਿੰਘ ਡਿੰਪਾ ਵਲੋਂ ਕੀਤੇ ਯਤਨਾਂ ਸਦਕਾ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਨੂੰ ਮਾਡਲ ਰੇਲਵੇ ਸਟੇਸ਼ਨ ਵਜੋਂ ਵਿਕਸਤ ਕਰਨ ਲਈ 40 ਕਰੋੜ ਰੁਪੈ ਮਨਜ਼ੂਰ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਸਮਾਰਟ ਸਿਟੀ ਪ੍ਰਾਜੈਕਟ ਤਹਿਤ 77.1 ਕਰੋੜ ਰੁਪੈ ਨਾਲ ਕਪੂਰਥਲਾ ਸੁਲਤਾਨਪੁਰ ਲੋਧੀ ਵਾਇਆ ਫੱਤੂਢੀਂਗਾ ਸੜਕ ਨੂੰ 4 ਮਾਰਗੀ ਕਰਨਾ, 26.66 ਕਰੋੜ ਰੁਪੈ ਨਾਲ ਡਡਵਿੰਡੀ ਤੋਂ ਸੁਲਤਾਨਪੁਰ ਲੋਧੀ ਤੱਕ ਵਾਇਆ ਰੇਲ ਕੋਚ ਫੈਕਟਰੀ ਸੜਕ ਨੂੰ ਚੌੜਾ ਤੇ ਮਜਬੂਤ ਕਰਨਾ , 26.09 ਕਰੋੜ ਰੁਪੈ ਦੀ ਲਾਗਤ ਨਾਲ ਪਵਿੱਤਰ ਵੇਈਂ ਦੇ ਕਿਨਾਰੇ ਪੱਕੇ ਕਰਨਾ , 2.3 ਕਰੋੜ ਰੁਪੈ ਦੀ ਲਾਗਤ ਨਾਲ ਮੋਰੀ ਮਹੱਲਾ, ਸੈਂਟਰਲ ਪਾਰਕ ਤੇ ਜਵਾਲਾ ਜੀ ਵਿਖੇ ਪਾਰਕਾਂ ਦੀ ਉਸਾਰੀ ਸ਼ਾਮਿਲ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਸੋਲਰ ਪਲਾਂਟ ਲੱਗਣ ਦਾ ਕੰਮ ਕਾਫੀ ਤੇਜੀ ਨਾਲ ਜਾਰੀ ਹੈ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਵਿਖੇ ਸਾਰੀਆਂ ਸਰਕਾਰੀ ਇਮਾਰਤਾਂ ਦੀਆਂ ਛੱਤਾਂ ’ਤੇ ਸੌਰ ਊਰਜਾ ਪਲਾਂਟ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੀਵਰੇਜ਼ ਟ੍ਰੀਟਮੈਂਟ ਪਲਾਂਟ ਦੀ ਪਾਇਪ ਲਾਇਨ ਵਿਛਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਤੋਂ ਇਲਾਵਾ ਡਡਵਿੰਡੀ-ਸੁਲਤਾਨਪੁਰ ਲੋਧੀ ਸੜਕ ਨੂੰ 4 ਮਾਰਗੀ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ ਜਦਕਿ ਫੱਤੂਢੀਂਗਾ- ਸੁਲਤਾਨਪੁਰ ਲੋਧੀ ਰੋਡ ਨੂੰ 4 ਮਾਰਗੀ ਕਰਨ ਦੇ ਕੰਮ ਸਬੰਧੀ ਜੰਗਲਾਤ ਵਿਭਾਗ ਵਲੋਂ ਤੇਜੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।
ਐਸ.ਐਸ.ਪੀ. ਕਪੂਰਥਲਾ ਨੇ ਕਿਹਾ ਕਿ ਸਮਾਰਟ ਸਿਟੀ ਤਹਿਤ ਸ਼ਹਿਰ ਦੀ ਸੁਰੱਖਿਆ ਲਈ ਸੀ.ਸੀ.ਟੀ.ਵੀ. ਲਾਉਣ ਬਾਰੇ ਮੁੱਢਲਾ ਸਰਵੇ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਇੰਟੈਡਰੇਟਿਡ ਕੰਟਰੋਲ ਰੂਮ ਨਾਲ ਸਾਰੇ ਕੈਮਰਿਆਂ ਨਾਲ ਜੋੜਿਆ ਜਾਵੇਗਾ ਤਾਂ ਜੋ ਸ਼ਹਿਰ ਦੀ ਸੁਰੱਖਿਆ ਲਈ ਕੋਨੇ-ਕੋਨੇ ’ਤੇ ਨਜ਼ਰ ਰੱਖੀ ਜਾ ਸਕੇ।