(ਸਮਾਜ ਵੀਕਲੀ)
ਸਦਾ ਸਿੱਖਦੇ ਰਹਿਣ ਵਾਲਾ ਬੰਦਾ ਸਦਾ ਨਵਾਂ ਨਕੋਰ ਅਤੇ ਸਮੇਂ ਦਾ ਹਾਣੀ ਬਣਿਆ ਰਹਿੰਦਾ ਹੈ। ਸਿੱਖਣ ਦਾ ਕਾਰਜ ਮਾਂ ਦੀ ਗੋੰਦੀ ਤੋਂ ਪਿਓ ਦੇ ਮੋਢਿਆਂ ਉੱਤੋਂ ਗੁਜਰਦਾ ਹੋਇਆ ਘਰ ਦੇ ਵਿਹੜੇ ਤੋਂ ਬਾਅਦ ਗੁਆਂਢ, ਮੁਹੱਲੇ ਤੋਂ ਹੁੰਦਾ ਹੋਇਆ ਭਾਗਾਂ ਵਾਲਿਆਂ ਲਈ ਸਕੂਲ ਵਿੱਚ ਪਹੁੰਚ ਕੇ ਬਾ-ਦਸਤੂਰ ਚੱਲਦਾ ਹੈ। ਨਾਲੋਂ ਨਾਲ ਚੱਲਦਾ ਰਹਿੰਦਾ ਹੈ ਸਮਾਜ ਵਿੱਚ। ਸਕੂਲ ਅੰਦਰ ਨਿਸ਼ਚਿਤ, ਨਿਯਮਿਤ ਅਤੇ ਦੇਖਿਆ, ਪਰਖਿਆ ਸਿੱਖਣ ਕਾਰਜ ਅਗਾਂਹਵਧੂ ਹੁੰਦਾ ਹੈ ਜਦਕਿ ਸਮਾਜ ਵਿੱਚ ਹਮੇਸ਼ਾ ਅਗਾਂਹਵਧੂ ਹੋਵੇ ਜ਼ਰੂਰੀ ਨਹੀਂ ਕਈ ਵਾਰ ਪਿਛਾਂਹਖਿੱਚੂ ਵੀ ਵਰਤਾਰਾ ਵੇਖਣ ਨੂੰ ਮਿਲ ਜਾਂਦਾ ਹੈ।
ਸਕੂਲ ਕਿਉਂਕਿ ਸਹੀ ਦਿਸ਼ਾ ਵਿੱਚ ਸਥਾਪਿਤ ਉਦੇਸ਼ ਦੀ ਪ੍ਰਾਪਤੀ ਲਈ ਸਥਾਪਿਤ ਹੁੰਦਾ ਹੈ ਤਾਂ ਕਰਕੇ ਹੀ ਬੱਚੇ ਲਈ ਸਕੂਲ ਦਾ ਬਹੁਤ ਵੱਡਾ ਮਹੱਤਵ ਹੈ। ਸਮਾਜ ਦੇ ਭਲੇ ਲਈ ਸੋਚਣ ਅਤੇ ਕੰਮ ਕਰਨ ਵਾਲੇ ਹਰ ਵਿਅਕਤੀ ਵੱਲੋਂ ਇਸ ਦੇ ਮਹੱਤਵ ਨੂੰ ਸਮਝਦੇ ਹੋਏ ਹੀ ਹਰੇਕ ਬੱਚੇ ਦੀ ਸਕੂਲ ਤੱਕ ਪਹੁੰਚ ਯਕੀਨੀ ਬਣਾਉਣ ਅਤੇ ਮੁੱਢਲੀ ਸਿੱਖਿਆ ਮੁਫ਼ਤ ਵਿੱਚ ਮਿਲੇ ਇਸ ਲਈ ਯਤਨ ਅਤੇ ਸਿਫਾਰਿਸ਼ ਕੀਤੀ ਜਾਂਦੀ ਹੈ।
ਭਾਰਤ ਵਿੱਚ ‘ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਕਾਨੂੰਨ-2009’ ਲਾਗੂ ਕਰਨਾ ਇਸ ਪਾਸੇ ਚੁੱਕਿਆ ਗਿਆ ਸਲਾਹੁਣਯੋਗ ਕਦਮ ਹੈ। ਇਸ ਨਾਲ 6 ਤੋਂ 14 ਸਾਲ ਦੀ ਉਮਰ ਦੇ ਬੱਚੇ ਨੂੰ ਮੁਫ਼ਤ ਵਿੱਚ ਮੁੱਢਲੀ ਸਿੱਖਿਆ ਪ੍ਰਦਾਨ ਕਰਨ ਦੀ ਵਿਵਸਥਾ ਹੈ। ਮੁੱਢਲੀ ਸਿੱਖਿਆ ਉਹ ਘੱਟੋ-ਘੱਟ ਸਿੱਖਿਆ ਹੈ ਜੋ ਕਿਸੇ ਬੱਚੇ ਨੂੰ ਸਮਾਜਕ ਜੀਵ ਦੀ ਤਰ੍ਹਾਂ ਵਰਤਾਓ ਕਰਨਾ ਸਿਖਾਉੰਦੀ ਹੈ। ਇਹ ਪੜ੍ਹਨ, ਲਿਖਣ, ਸੁਣਨ ਅਤੇ ਸਮਝਣ ਦੀ ਯੋਗਤਾ ਪੈਦਾ ਕਰ ਦਿੰਦੀ ਹੈ। ਭੂਤਕਾਲ ਵਿੱਚ ਜਿੰਨ੍ਹਾਂ ਦੇਸ਼ਾਂ ਨੇ ਸਿੱਖਿਆ ਉੱਤੇ ਬਜਟ ਦਾ ਵੱਡਾ ਹਿੱਸਾ ਖਰਚਿਆ ਸੀ ਅੱਜ ਤਰੱਕੀ ਦੀਆਂ ਸ਼ਿਖਰਾਂ ਤੇ ਹਨ ਅਤੇ ਲਗਾਤਾਰ ਸਿੱਖਿਆ ਖੇਤਰ ਨੂੰ ਮਜ਼ਬੂਤ ਬਣਾ ਰਹੇ ਹਨ।
ਪੰਜਾਬ ਜੋ ਕਿ ਸਿੱਖਿਆ ਦੇ ਖੇਤਰ ਵਿੱਚ ਇੱਕ ਮਾਣਮੱਤਾ ਖੇਤਰ ਸੀ ਵਿੱਚ ਸਿੱਖਿਆ ਅੰਗਰੇਜ਼ੀ ਰਾਜ ਸਮੇਂ ਸਰਕਾਰੀ ਸ਼ਾਜ਼ਿਸ਼ ਨਾਲ ਖ਼ਤਮ ਕਰ ਦਿੱਤੀ ਗਈ। ਫਿਰ ਆਪਣੀ ਲੋੜ ਪੂਰੀ ਕਰਨ ਜੋਗੀ ਸਕੂਲੀ ਸਿੱਖਿਆ ਹੌਲੀ-ਹੌਲੀ ਮਜ਼ਬੂਰੀ ਵਸ ਅੰਗਰੇਜ਼ ਨੇ ਦਿੱਤੀ। ਉਹਨਾਂ ਤੋਂ ਆਜ਼ਾਦੀ ਲਈ – ਇਹਨਾਂ ਕੋਲ਼ ਦੀ ਸੱਤਾ ਆ ਗਈ। 73 ਸਾਲਾਂ ਵਿੱਚ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਗਈਆਂ। ਸਮੇਂ – ਸਮੇਂ ਨੀਤੀਆਂ ਘੜੀਆਂ ਗਈਆਂ, ਰਾਸ਼ਟਰੀ ਸ਼ਾਖਰਤਾ ਮਿਸ਼ਨ, ਉਪਰੇਸ਼ਨ ਬਲੈਕ-ਬੋਰਡ, ਸਰਵ-ਸਿੱਖਿਆ ਅਭਿਆਨ, ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ, ਵਰਗੀਆਂ ਸਕੀਮਾਂ ਚਲਾਈਆਂ ਗਈਆਂ।
ਸਾਜੋ ਸਮਾਨ ਦੀ ਘਾਟ ਦੇ ਬਾਵਜੂਦ ਜੋ ਵਿਦਿਆਰਥੀ ਸਕੂਲੀ ਪੜ੍ਹਾਈ ਪੂਰੀ ਕਰ ਲੈਂਦੇ ਸਨ ਉਨ੍ਹਾਂ ਦਾ ਸਿੱਖਿਆ ਹਰ ਕਿਸੇ ਨੂੰ ਨਜ਼ਰ ਆਉਂਦਾ ਸੀ। ਸਾਲ2007- 2008 ਤੋਂ ਬਾਅਦ ਪੰਜਾਬ ਦੀ ਸਕੂਲੀ ਸਿੱਖਿਆ ਵਿੱਚ ਇੱਕ ਵੱਡੀ ਚੋਰ ਮੋਰੀ ਕਰ ਲਈ ਗਈ। ਇਸ ਦੇ ਸਿੱਟੇ ਵਜੋਂ ਸਿੱਖਿਆ ਤੋਂ ਉਸਦਾ ਅਸਲ ਉਦੇਸ਼ ਖੋਹ ਲਿਆ ਗਿਆ। ਸਕੂਲ ਫੈਕਟਰੀ ਵਿੱਚ ਬਦਲੇ ਜਾਣ ਲੱਗੇ। ਪੜ੍ਹ ਕੇ ਸਿਰਫ਼ ਸਰਟੀਫ਼ਿਕੇਟ ਪ੍ਰਾਪਤ ਹੋਣ ਲੱਗਾ।
ਵਿੱਦਿਆ ਵਿਚਾਰਣ ਦਾ ਗੁਣ ਗਾਇਬ ਹੋ ਗਿਆ। ਸਿੱਖਿਆ ਦੇ ਕਿਲੇ ਵਿੱਚ ਲੱਗੇ ਇਸ ਸੰਨ ਦਾ ਨਾਂ ਹੈ – ਪੜ੍ਹੋ ਪੰਜਾਬ ਪ੍ਰੋਜੈਕਟ। ਨਾਮ ਸੁਣ ਪੜ੍ਹ ਕੇ ਕੋਈ ਵੀ ਧੋਖਾ ਖਾ ਸਕਦਾ ਹੈ। ਇਸ ਉੱਤੇ ਬਾਹਰੋਂ ਧੋਤੀ ਤੂੰਮੜੀ ਅਤੇ ਅੰਦਰ ਵਿਸ਼ ਨਕੋਰ ਦੀ ਅਖੌਤ ਪੂਰੀ ਢੁਕਦੀ ਹੈ। ਸਿੱਖਿਆ ਵਿਭਾਗ ਦੇ ਅੰਦਰ ਇਹ ਇੱਕ ਨਵਾਂ ਢਾਂਚਾ ਫਸਾ ਦਿੱਤਾ ਗਿਆ। ਜਿਵੇਂ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰੱਖੀਆਂ ਜਾ ਸਕਦੀਆਂ, ਉਵੇਂ ਹੀ ਲੋਕ ਮੁੱਦਿਆਂ ਤੋਂ ਭੱਜਣ ਵਾਲੀਆਂ ਸਰਕਾਰਾਂ ਨੇ ਸਕੂਲੀ ਸਿੱਖਿਆ ਦੀ ਫ਼ਤਹਿ ਪ੍ਰਾਪਤ ਕਰਨ ਵਾਲੀ ਸ਼ਮਸ਼ੀਰ ਨੂੰ ਤਿਆਗ ਕੇ ਇਹ ਪੜ੍ਹੋ ਪੰਜਾਬ ‘ਲੱਕੜ ਦੀ ਤਲਵਾਰ’ ਮਨਜੂਰ ਕਰ ਲਈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮਿਆਰੀ ਪ੍ਰੀਖਿਆ ਸਿਸਟਮ ਦੇ ਸਮਾਨਅੰਤਰ ਸਿਸਟਮ ਖੜ੍ਹਾ ਕਰ ਦਿੱਤਾ ਗਿਆ।
ਭਰੋਸੇਯੋਗ ਅਤੇ ਕਾਨੂੰਨ ਦੁਆਰਾ ਸਥਾਪਿਤ ਸਿੱਖਿਆ ਅਧਿਕਾਰੀਆਂ ਦੇ ਅਹੁਦਿਆਂ ਦੇ ਬਰਾਬਰ ਚਾਪਲੂਸੀ ਕਰਨ ਵਾਲੇ, ਸਕੂਲ ਤੋਂ ਭੱਜੇ, ਚੌਧਰ ਦੇ ਭੁੱਖਿਆਂ ਦੀਆਂ ਟੀਮਾਂ ਬਣਾ ਕੇ ਸਕੂਲਾਂ ਦੇ ਸਹਿਜ ਭਰੇ ਵਾਤਾਵਰਨ ਵਿੱਚ ਦਹਿਸ਼ਤੀ ਅਤੇ ਨਾਂਹਪੱਖੀ ਹਵਾ ਘੋਲ਼ ਦਿੱਤੀ ਗਈ। ਮੋਦੀ ਦੇ ਨਾਹਰੇ ‘ਮੈਂ ਦੇਸ਼ ਨਹੀਂ ਬਿਕਨੇ ਦੂੰਗਾ’ ਵਾਂਗੂੰ ਪੜ੍ਹੋ ਪੰਜਾਬ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਅਤੇ ਵਿੱਦਿਅਕ ਕਾਰਜਾਂ ਤੋਂ ਦੂਰ ਕਰਕੇ ਅੰਕੜਿਆਂ ਦੀ ਘੁੰਮਣ ਘੇਰੀ ਵਿੱਚ ਫਸਾ ਲਿਆ। ਸਕੂਲ ਦਾ ਟਾਇਮ-ਟੇਬਲ, ਪੀਰੀਅਡ ਵਿੱਚ ਪੜ੍ਹਾਏ ਜਾਣ ਵਾਲੇ ਟਾਪਿਕ ਲਈ ਸਮੇਂ ਦੀ ਵੰਡ ਨੂੰ ਸਕੂਲ ਦੇ ਢਾਂਚੇ, ਬੱਚਿਆਂ ਦੀ ਗਿਣਤੀ, ਬੱਚਿਆਂ ਦੇ ਸਿੱਖਣ ਪੱਧਰ ਅਨੁਸਾਰ ਅਧਿਆਪਕ ਤੇ ਨਾ ਛੱਡ ਕੇ ਸਖਤੀ ਨਾਲ 10-10 ਮਿੰਟ, 15-15 ਮਿੰਟ ਦੇ ਵਕਫਿਆਂ ਵਿੱਚ ਵੰਡ ਦਿੱਤਾ।
ਸਕੂਲ ਵਿਚ ਚਮਚਿਆਂ ਦੀ ਵਿਜਿਟ ਨੂੰ ਸਕੂਲ ਤੇ ਛਾਪਾ ਆਖ ਅਖਬਾਰਾਂ ਵਿੱਚ ਖਬਰਾਂ ਛਪਣ ਲੱਗੀਆਂ ਜਿਵੇਂ ਕਿਤੇ ਨਾਜਾਇਜ਼ ਸ਼ਰਾਬ ਦੀ ਭੱਠੀ ਫੜ੍ਹੀ ਹੋਵੇ। ਬਾਲ ਮਨੋਵਿਗਿਆਨ, ਸਿੱਖਿਆ ਵਾਤਾਵਰਨ, ਸਮਾਜਿਕ ਪ੍ਰਭਾਵ, ਹਰ ਬੱਚੇ ਦਾ ਨਿਆਰਾਪਣ ਵਰਗੇ ਸਰਵ – ਪ੍ਰਵਾਨਿਤ, ਸਰਵ-ਵਿਆਪਕ ਤੱਥਾਂ ਨੂੰ ਅੱਖੋਂ ਓਹਲੇ ਕਰਕੇ ਅਧਿਆਪਕ ਨੂੰ ਕਾਬੂ ਹੇਠ ਰੱਖਣ ਉੱਤੇ ਜ਼ੋਰ ਲਗਾ ਦਿੱਤਾ ਗਿਆ। ਹਾਲਾਤ ਇਹ ਬਣ ਗਏ ਕਿ ਬਾਰਵੀਂ ਪਾਸ ਕਰਕੇ ਵੀ ਬਹੁਤਿਆਂ ਨੂੰ ਪ੍ਰਿੰਸੀਪਲ ਸ਼ਬਦ ਸਹੀ ਨਹੀਂ ਲਿਖਣਾ ਆਉਂਦਾ। ਕਾਰਨ – ਅਧਿਆਪਕ ਨੂੰ ਪੜ੍ਹੋ ਪੰਜਾਬ ਦੀ ਡਾਕ, ਛਾਪੇ (ਡਾਕੇ), ਸਖ਼ਤ ਸਮਾਂ ਸੀਮਾ ਵਿੱਚ ਬੰਨ੍ਹ ਦਿੱਤਾ ਗਿਆ।
ਜੇ ਇੱਕ ਮਿੰਟ ਵੀ ਇੱਧਰ ਉੱਧਰ ਚਮਚਿਆਂ ਦੇ ਡਾਕੇ ਦੌਰਾਨ ਪਾਇਆ ਗਿਆ ਤਾਂ ਕੋਮਲ ਮਨ ਬੱਚਿਆਂ ਸਾਹਮਣੇ ਉਹਨਾਂ ਦੇ ਅਧਿਆਪਕ ਨੂੰ ਜਲੀਲ ਕੀਤਾ ਜਾਣ ਲੱਗਾ। ਨੋਟਿਸ ਕੱਢੇ ਜਾਣ ਲੱਗੇ। ਅਧਿਆਪਕ ਦਾ ਧਿਆਨ ਵਿਸ਼ੇ ਵੱਲ ਘੱਟ ਘੜੀ ਵੱਲ ਜ਼ਿਆਦਾ ਹੋ ਗਿਆ। ਸਿਲੇਬਸ ਡਬਲ ਹੋ ਗਿਆ। ਸਾਰਾ ਸਾਲ ਪੜ੍ਹੋ ਪੰਜਾਬ ਪੜ੍ਹਾਇਆ ਗਿਆ ਅਤੇ ਪੇਪਰ ਬੋਰਡ ਦੀ ਕਿਤਾਬ ਵਿਚੋਂ ਲਿਆ ਗਿਆ। ਰਿਜਲਟ ਘੱਟ ਆਉਣਾ ਹੀ ਸੀ। ਨਤੀਜੇ ਅਧਿਆਪਕ ਨੂੰ ਝੱਲਣੇ ਪਏ। ਨਕਲ ਮਾਨਤਾ ਪ੍ਰਾਪਤ ਚੀਜ ਬਣ ਗਈ। ਵੇਖ ਕੇ ਅਣਡਿੱਠਾ ਹੋਣ ਲੱਗਾ। ਬੱਚਿਆਂ ਅੰਦਰੋਂ ਮਿਹਨਤ ਦਾ ਜਜ਼ਬਾ ਜਾਂਦਾ ਰਿਹਾ। ਸਰਟੀਫਿਕੇਟਡ ਅਨਪੜ੍ਹ ਵਧਣ ਲੱਗੇ।
ਸਕੂਲਾਂ ਨੂੰ ਹੁਣ ਸੋਹਣੇ ਬਣਾਉਣ ਤੇ ਜ਼ੋਰ ਲਗਾ ਰੱਖਿਆ ਹੈ। ਅਧਿਆਪਕਾਂ ਨੂੰ ਜੇਬ ਵਿਚੋਂ ਖਰਚਣ ਜਾ ਲੋਕਾਂ ਤੋਂ ਪੈਸੇ ਇਕੱਠੇ ਕਰਨ ਲਈ ਕਿਹਾ ਗਿਆ। ਕੰਧਾਂ ਰੰਗੀਆਂ ਜਾ ਰਹੀਆਂ ਹਨ। ਅਧਿਆਪਕ ਕਿਸੇ ਤਕੜੇ ਉਸਾਰੀ ਠੇਕੇਦਾਰ ਵਾਂਗੂੰ ਰੇਤਾ-ਬਜਰੀ, ਸੀਮਿੰਟ ਸਰੀਆ ਦਾ ਜਾਣਕਾਰ ਹੋ ਗਿਆ ਹੈ। ਥੋਕ ਦੇ ਭਾਅ ਪ੍ਰਸੰਸਾ ਪੱਤਰ ਮੂੰਹ ਤੇ ਮਾਰੇ ਜਾ ਰਹੇ ਹਨ। ਸਕੂਲਾਂ ਵਿੱਚ ਕੈਮਰੇ, ਪ੍ਰੋਜੈਕਟਰ, ਲੈਬਾਂ ਬਣ ਰਹੀਆਂ ਹਨ।ਸਾਜੋ ਸਮਾਨ ਆ ਗਿਆ ਹੈ। ਕਰੋੜਾਂ ਰੁਪੱਇਆ ਮੁੱਖ ਗੇਟਾਂ ਤੇ ਖਰਚ ਕਰਵਾ ਦਿੱਤਾ ਗਿਆ ਹੈ। ਵੱਡੀ ਮਾਤਰਾ ਵਿੱਚ ਲੋਕਾਂ ਨੇ ਸਹਿਯੋਗ ਰਾਸ਼ੀ ਸਕੂਲਾਂ ਨੂੰ ਅਪ-ਟੂ-ਡੇਟ ਬਣਾਉਣ ਲਈ ਦਾਨ ਕੀਤੀ। ਆਨਲਾਈਨ ਉਦਘਾਟਨ ਕਰਕੇ ਪੰਜਾਬ ਸਰਕਾਰ ਆਪਣੀ ਪਿੱਠ ਆਪੇ ਹੀ ਥਾਪੜਾ ਲੈ ਰਹੀ ਹੈ ਅਖੇ ਅਸੀਂ ਸਕੂਲ ਸਮਾਰਟ ਬਣਾ ਦਿੱਤੇ ਹਨ।
ਕਰੋਨਾ ਨਾਂ ਦੀ ਬਿਮਾਰੀ ਦੇ ਓਹਲੇ ਵਿਚ ਆਨਲਾਈਨ ਪੜ੍ਹਾਈ ਅਤੇ ਮੁਲਾਂਕਣ ਦੇ ਨਾਂ ਹੇਠ ਸਭ ਦੀਆਂ ਅੱਖਾਂ ਵਿੱਚ ਧੂੜ ਪਾਈ ਗਈ। ਫਰਜੀ ਅੰਕੜਿਆਂ ਦੇ ਅੰਬਾਰ ਲਗਾ ਲਏ ਗਏ। ਸੰਪਰਕ ਵਿੱਚ ਆਏ ਵੱਡੀ ਗਿਣਤੀ ਵਿੱਚ ਵਿਦਿਆਰਥੀ ਸਿੱਖਣ ਦੀ ਉਸ ਪੱਧਰ ਉੱਤੇ ਹਨ ਕਿ ਉਹ ਸਮਾਰਟ ਤਾਂ ਕੀ ਵਿਦਿਆਰਥੀ ਵੀ ਨਜ਼ਰ ਨਹੀਂ ਆਉਂਦੇ। ਪ੍ਰੀਖਿਆਵਾਂ ਸਿਰ ਉੱਤੇ ਹਨ। ਬਹੁਤੇ ਕਾਹਲਿਆਂ ਨੇ ਪ੍ਰੀ-ਬੋਰਡ ਦੀ ਡੇਟ-ਸ਼ੀਟ ਤਿੰਨ ਵਾਰ ਸੋਧ ਕੇ ਭੇਜੀ। ਉਪਰੋਂ ਅਧਿਆਪਕਾਂ ਨੂੰ ਦਾਖਲੇ ਵਧਾਉਣ ਲਈ ਸਕੂਲੋਂ ਨਿਕਲਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸੇ ਸਮੇਂ ਬਾਲ ਮੇਲਾ ਕਰਵਾਏ ਜਾਣ ਤੋਂ ਬਿਨਾਂ ਸ਼ਾਇਦ ਫ਼ਰਜੀ ਅੰਕੜੇ ਦੀ ਫ਼ਾਇਲ ਦੀ ਜ਼ਿਲਦ ਨਹੀਂ ਬੰਨ੍ਹ ਹੋਣੀ ਸੀ। ਅਧਿਆਪਕ ਨੂੰ ਫੋਟੋਗ੍ਰਾਫਰ, ਡਾਟਾ ਓਪਰੇਟਰ ਅਤੇ ਕਨਸਟਰੱਕਟਰ ਵਿੱਚ ਬਦਲ ਕੇ ਉੱਪਰੋਂ ਬਦਲੀ ਨੀਤੀ ਸ਼ੱਕ ਦੇ ਘੇਰੇ ਵਿੱਚ ਹੈ। ਪੋਸਟਾਂ ਖ਼ਤਮ ਕੀਤੀਆਂ ਜਾ ਰਹੀਆਂ ਹਨ। ਸਮਾਰਟ ਸਕੂਲ ਲਈ ਵਿਦਿਆ ਵਿਚਾਰਨੀ ਬਣਦੀ ਹੈ।
ਸਕੂਲ ਇਮਾਰਤਾਂ ਨਹੀਂ ਹੁੰਦੇ। ਇਮਾਰਤ ਸਕੂਲ ਦਾ ਜ਼ਰੂਰੀ ਅੰਗ ਜ਼ਰੂਰ ਹੁੰਦੀ ਹੈ। ਸਮਾਰਟ ਬੱਚੇ ਦਿਖਾਈ ਨਹੀਂ ਦਿੰਦੇ। ਜੋ ਸ਼ੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕਰਵਾਏ ਜਾਂਦੇ ਹਨ ਉਹ ਆਟੇ ਵਿਚ ਲੂਣ ਜਿੰਨੇ ਕੁ ਹੋਣਹਾਰ ਅਤੇ ਮਿਹਨਤੀ ਬੱਚੇ ਹਮੇਸ਼ਾ ਤੋਂ ਰਹੇ ਹਨ ਬੱਸ ਹੁਣ ਉਹ ਮੀਡੀਆ ਚ ਹਨ। ਵਿਸ਼ੇਸ਼ ਪ੍ਰਾਪਤੀ ਕਿੱਥੇ ਹੈ? ਕੀ ਪੱਥਰ ਤੇ ਉਕਰਿਆ ‘ਸਮਾਰਟ’ ਬਹੁਗਿਣਤੀ ਬੱਚਿਆਂ ਦੀ ਸਖਸ਼ੀਅਤ ਚੋਂ ਝਲਕਣ ਲੱਗਾ ਹੈ? ਉੱਤਰ ਨਿਰਾਸ਼ਾਜਨਕ ਹਨ। ਨਕਲ ਅਪਗ੍ਰੇਡ ਹੋ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰੀਖਿਆ ਲੈਣ ਅਤੇ ਪ੍ਰਸ਼ਨ-ਪੱਤਰ ਛਾਪਣ ਦੀ ਸੁਤੰਤਰਤਾ ਗੁਆ ਚੁੱਕਾ ਹੈ। ਚਮਚੇ ਛਾਏ ਹੋਏ ਹਨ – ਬੱਚੇ ਪੜ੍ਹਾਉਣ ਤੋਂ, ਰਿਜਲਟ ਦੇਣ ਤੋਂ ਆਜ਼ਾਦ ਹਨ।
ਸਕੂਲਾਂ ਵਿੱਚ ਬੱਚਿਆਂ ਕੋਲ ਅਧਿਆਪਕਾਂ ਦੀ ਘਾਟ ਹੈ। ਸਕੂਲ ਪਹੁੰਚਿਆ ਅਧਿਆਪਕ ਕਦੇ ਪੇਂਟਰ ਪਿੱਛੇ ਭੱਜਦਾ ਹੈ ਕਦੇ ਆਟਾ-ਚੱਕੀ ਵੱਲ, ਕਦੇ ਬੀ. ਐੱਲ. ਓ. ਡਿਊਟੀ ਤੇ ਹੁੰਦਾ ਹੈ ਕਦੇ ਡੈਪੋ ਡਿਊਟੀ ਤੇ, ਕਦੇ ਵੋਟਾਂ ਪਵਾ ਰਿਹਾ ਹੁੰਦਾ ਹੈ ਕਦੇ ਇੱਟਾਂ ਖ੍ਰੀਦ ਰਿਹਾ ਹੁੰਦਾ ਹੈ। ਕਦੀ ਦੋਧੀ ਲੱਭਦਾ ਫਿਰਦਾ ਹੈ ਕਦੇ ਪਲੰਬਰ ਜਾਂ ਇਲੈਕਟ੍ਰੀਸ਼ਨ। ਪਰ ਯਾਦ ਰਹੇ ਰਿਜਲਟ ਉਸਦਾ ਬੱਚਿਆਂ ਨੂੰ ਪੜ੍ਹਾਉਣ ਦਾ ਵੇਖਿਆ ਜਾਵੇਗਾ। ਕੀ, ਕਦੋਂ, ਕਿੰਨਾ, ਕਿਵੇਂ ਪੜ੍ਹਾਉਣਾ ਹੈ ਸਭ ਉੱਪਰੋਂ ਆ ਰਿਹਾ ਹੈ। ਪੇਪਰ ਵੀ ਉੱਪਰੋਂ ਆਵੇਗਾ। ਅਧਿਆਪਕ ਅਤੇ ਵਿਦਿਆਰਥੀ ਦਾ ਆਪਸੀ ਰਿਸ਼ਤਾ ਟੁੱਟ ਗਿਆ ਹੈ ਜਾਂ ਕਹੀਏ ਤੁੜਵਾ ਦਿੱਤਾ ਹੈ । ਉਹ ਸਹਿਯੋਗੀ ਦੀ ਥਾਂ ਇੱਕ ਦੂਜੇ ਤੋਂ ਡਰਨ ਲੱਗੇ। ਜੀ ਹਾਂ ਡਰਨ ਲੱਗੇ। ਬੋਲ ਕੇ ਦੋਵਾਂ ਨੇ ਨਹੀਂ ਸੁਣਾਇਆ। ਅੰਦਰ ਘੁਲਦੀ ਜ਼ਹਿਰ ਨੇ ਸਿੱਖਿਆ ਨਾਮ ਦੀ ਕੋਮਲ ਵੇਲ਼ ਨੂੰ ਸੁਕਾ ਦਿੱਤਾ।
– ਰਮੇਸ਼ਵਰ ਸਿੰਘ
99148 80392