(ਸਮਾਜ ਵੀਕਲੀ)
ਜੇਕਰ ਡਾਕਟਰ ਨੂੰ ਧਰਤੀ ਉੱਪਰ ਦੂਸਰਾ ਰੱਬ ਕਿਹਾ ਜਾਂਦਾ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ।ਸਾਡੇ ਦੇਸ ਵਿੱਚ ਬਹੁਤ ਸਾਰੇ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ।ਇਹਨਾਂ ਲੋਕਾਂ ਨੂੰ ਸਿਹਤ ਅਤੇ ਸਿੱਖਿਆ ਦੀ ਵੱਡੇ ਪੱਧਰ ‘ਤੇ ਲੋੜ ਹੈ।ਜੋ ਸਾਡੀਆਂ ਸਰਕਾਰਾਂ ਪੂਰੀ ਨਹੀਂ ਕਰਦੀਆਂ ਇਸੇ ਕਰਕੇ ਸਮਾਜਸੇਵੀ ਸੰਗਠਨ ਇਹਨਾਂ ਲੋਕਾਂ ਦੀਆਂ ਇਹ ਦੋਵੇਂ ਲੋੜਾਂ ਪੂਰੀਆਂ ਕਰਨ ਦੀ ਅਣਥੱਕ ਕੋਸ਼ਿਸ਼ ਵਿੱਚ ਹਮੇਸ਼ਾ ਲੱਗੇ ਰਹਿੰਦੇ ਹਨ। ਜੇਕਰ ਕੋਈ ਵਿਅਕਤੀ ਡਾਕਟਰ ਹੋਣ ਦੇ ਨਾਲ-ਨਾਲ ਸਮਾਜਸੇਵੀ ਵੀ ਹੋਵੇ ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ।ਅਜਿਹੀ ਹੀ ਇੱਕ ਮਹਾਨ ਸਖਸੀਅਤ ਦਾ ਨਾਂ ਹੈ ਡਾਕਟਰ ਰਾਜਦੁਲਾਰ ਸਿੰਘ, ਜੋ ਇੱਕ ਡਾਕਟਰ ਹੋਣ ਦੇ ਨਾਲ-ਨਾਲ ਇੱਕ ਵਧੀਆ ਸਮਾਜ-ਸੇਵਿਕ ਵੀ ਹੈ।
ਡਾਕਟਰ ਰਾਜਦੁਲਾਰ ਸਿੰਘ ਦਾ ਜਨਮ 21 ਜਨਵਰੀ 1970 ਵਿੱਚ ਮਾਸਟਰ ਮਲਕੀਤ ਸਿੰਘ ਘਰ ਅਤੇ ਮਾਤਾ ਸ਼੍ਰੀਮਤੀ ਅਜੀਤ ਕੌਰ ਜੀ ਦੀ ਕੁੱਖੋਂ ਮੋਗਾ ਜ਼ਿਲ੍ਹੇ ਦੇ ਪਿੰਡ ਸੇਖਾ ਕਲ੍ਹਾਂ ਵਿੱਚ ਹੋਇਆ।ਇਹਨਾਂ ਨੇ ਦਸਵੀਂ ਤੱਕ ਦੀ ਪੜ੍ਹਾਈ ਪਿੰਡ ਸੇਖਾ ਕਲ੍ਹਾਂ ਦੇ ਸਰਕਾਰੀ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਡੀ. ਐੱਮ. ਕਾਲਿਜ ਮੋਗਾ ਤੋਂ ਪ੍ਰੀ-ਮੈਡੀਕਲ ਪਾਸ ਕਰਨ ਉਰੰਤ ਬੀ.ਏ.ਐੱਮ.ਐੱਸ.ਦੀ ਡਿਗਰੀ ਪਹਿਲੀ ਪੁਜੀਸ਼ਨ ਵਿੱਚ ਪਾਸ ਕੀਤੀ।
ਇਹਨਾਂ ਦੇ ਮਾਤਾ-ਪਿਤਾ ਦਾ ਅਧਿਆਪਨ ਪੇਸ਼ਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਰਾਜਦੁਲਾਰ ਸਿੰਘ ਨੂੰ ਡਾਕਟਰੀ ਪੇਸ਼ਾ ਅਪਨਾਉਣ ਲਈ ਉਤਸ਼ਾਹਤ ਕੀਤਾ।ਹੁਣ ਡਾਕਟਰ ਰਾਜਦੁਲਾਰ ਸਿੰਘ ਮੋਗਾ ਜ਼ਿਲ੍ਹੇ ਦੀ ਤਹਿਸੀਲ ਬਾਘਾਪੁਰਾਣਾ ਦੇ ਇਤਿਹਾਸਿਕ ਪਿੰਡ ਸਮਾਲਸਰ ਵਿੱਚ ਆਪਣਾ ਕਲੀਨਿਕ ਚਲਾ ਰਹੇ ਹਨ। ਰਾਜਦੁਲਾਰ ਸਿੰਘ ਨੂੰ ਸਮਾਜ ਸੇਵਾ ਦੀ ਲਗਨ ਆਪਣੀ ਮੁੱਢਲੀ ਪੜ੍ਹਾਈ ਦੇ ਸਮੇਂ ਤੋਂ ਹੀ ਲੱਗ ਗਈ ਸੀ।
ਸਰਦੇ ਪੁੱਜਦੇ ਪ੍ਰੀਵਾਰ ਨਾਲ ਸਬੰਧ ਹੋਣ ਕਰਕੇ ਰਾਜਦੁਲਾਰ ਸਿੰਘ ਆਪਣੇ ਲੋੜਵੰਦ ਸਹਿਪਾਠੀਆਂ ਦੀ ਸਟੇਸ਼ਨਰੀ ਆਦਿ ਨਾਲ ਮਦਦ ਕਰਦੇ ਸਨ।ਇਹਨਾਂ ਦਾ ਇੱਕ ਸਹਿਪਾਠੀ ਜੋ ਪੜ੍ਹਨ ਵਿੱਚ ਹੁਸ਼ਿਆਰ ਪਰ ਆਰਥਿਕ ਪੱਖੋਂ ਕਮਜੋਰ ਸੀ, ਦੀ ਹਰ ਸਾਲ ਦੋ ਵਰਦੀਆਂ ਨਾਲ ਮਦਦ ਕਰਦੇ ਸਨ। 1994 ਵਿੱਚ ਰਾਜਦੁਲਾਰ ਸਿੰਘ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਲੋੜਵੰਦ ਮਰੀਜ ਨੂੰ ਸਰਜਰੀ ਕਰਵਾਉਣ ਲਈ ਲੈ ਕੇ ਗਏ ਤਾਂ ਇਹਨਾਂ ਨੇ ਦੇੀਖਆ ਕੇ ਕਿਸੇ ਗਰੀਬ ਮਰੀਜ ਕੋਲ ਪੈਸੇ ਘੱਟ ਹੋਣ ਕਰਕੇ ਹਸਪਤਾਲ ਦੇ ਡਾਕਟਰ ਨੇ ਉਸ ਮਰੀਜ (ਜੋ ਗੁਰਦਿਆਂ ਦੇ ਰੋਗ ਤੋਂ ਪੀੜਿਤ ਸੀ) ਦਾ ਇਲਾਜ ਕਰਨ ਤੋਂ ਨਾਂਹ ਕਰ ਦਿੱਤੀ।
ਅੱਖੀਂ ਡਿੱਠੀ ਇਸ ਘਟਨਾ ਨੇ ਰਾਜਦੁਲਾਰ ਸਿੰਘ ਦੇ ਮਨ ਉੱਪਰ ਅਜਿਹਾ ਗਹਿਰਾ ਅਸਰ ਕੀਤਾ ਕਿ ਇਹਨਾਂ ਨੇ ਮਰੀਜ ਨੂੰ ਆਪਣਾ ਪਤਾ ਲਿਖ ਕੇ ਦਿੱਤਾ ਅਤੇ ਕਲੀਨਿਕ ਉੱਪਰ ਆਉਣ ਲਈ ਕਿਹਾ।ਰਾਜਦੁਲਾਰ ਸਿੰਘ ਨੇ ਉਸ ਮਰੀਜ ਨੂੰ 6 ਮਹੀਨੇ ਮੁਫ਼ਤ ਦਵਾਈ ਦੇ ਕੇ ਠੀਕ ਕਰ ਦਿੱਤਾ।ਇਸ ਵਾਕਿਆ ਤੋਂ ਬਾਅਦ ਰਾਜਦੁਲਾਰ ਸਿੰਘ ਨੇ ਪਿੱਛੇ ਮੁੜ ਕੇ ਨਾ ਦੇਖਿਆ ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਾਜ ਸੇਵਾ ਨੂੰ ਸਮਰਪਿਤ ਕਰ ਦਿੱਤਾ।ਇਸ ਤੋਂ ਇਲਾਵਾ 300 ਲੋੜਵੰਦ ਮਰੀਜਾਂ ਦੇ ਅੱਖਾਂ ‘ਚ ਲੈਨਜ ਪਵਾ ਚੁੱਕੇ ਹਨ।ਡਾਕਟਰ ਸਾਹਿਬ ਆਪਣੀ ਕਲੀਨਿਕ ਤੇ ਆਏ ਗਰੀਬ ਮਰੀਜ਼ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਰਹਿੰਦੇ ਹਨ।ਡਾਕਟਰ ਰਾਜਦੁਲਾਰ ਸਿੰਘ ਦਾ ਸਿੱਖਿਆ ਦੇ ਖੇਤਰ ਵਿੱਚ ਵੀ ਉੱਘਾ ਯੋਗਦਾਨ ਹੈ।ਇਹਨਾਂ ਨੇ ਹੁਣ ਤੱਕ 5 ਲੜਕਿਆਂ ਨੂੰ ਬੀ.ਟੈੱਕ ਦੀ ਉਚੇਰੀ ਸਿੱਖਿਆ ਆਪਣੇ ਖਰਚ ਤੇ ਕਰਵਾਈ ਹੈ।
ਡਾਕਟਰ ਰਾਜਦੁਲਾਰ ਸਿੰਘ ਦੀ ਅਣਥੱਕ ਮਿਹਨਤ ਨਾਲ ਪਿੰਡ ਸੇਖਾ ਕਲਾਂ ਵਿੱਚ 15 ਦੇ ਕਰੀਬ ਟਰਾਂਸਫ਼ਾਰਮਰ ਰਖਵਾ ਕੇ ਬਿਜਲੀ ਦੀ ਘੱਟ ਵੋਲਟੇਜ ਦੀ ਸਮੱਸਿਆ ਨੂੰ ਦੂਰ ਕੀਤਾ।ਇਸ ਤੋਂ ਇਲਾਵਾ 1998 ਵਿੱਚ ਆਪਣੇ ਪਿੰਡ ਦੇ ਸਹਿਯੋਗ ਨਾਲ 120,000 ਰੁ. ਦੀ ਲਾਗਤ ਨਾਲ ਬਿਜਲੀ ਦੀ 24 ਘੰਟੇ ਸਪਲਾਈ ਨਾਲ ਜੋੜਿਆ।ਇਹਨਾਂ ਨੇ 7 ਸਾਲ ਪਹਿਲਾਂ ਪਿੰਡ ਦਾ 22 ਸਾਲ ਤੋਂ ਬੰਦ ਪਿਆ ਵਾਟਰ ਵਰਕਸ ਚਾਲੂ ਕਰਵਾ ਕੇ ਪਿੰਡ ਵਾਸੀਆਂ ਦੇ ਘਰਾਂ ਤੱਕ ਪੀਣ ਵਾਲਾ ਪਾਣੀ ਪਹੁੰਚਦਾ ਕੀਤਾ।ਇਹਨਾਂ ਨੇ ਇੱਕ ਹੋਰ ਬਹੁਤ ਵੱਡਾ ਸਮਾਜ ਸੇਵਾ ਦਾ ਕੰਮ ਕਰਕੇ ਆਪਣੇ ਪਿੰਡ ਸੇਖਾ ਕਲ੍ਹਾਂ ਅਤੇ ਪਿੰਡ ਠੱਠੀ ਭਾਈ ਦੇ ਵਿਚਕਾਰ 7 ਏਕੜ ਵਿੱਚ ਬਣਿਆ ਮੁੱਢਲਾ ਸਿਹਤ ਕੇਂਦਰ, ਜੋ ਪਿਛਲੇ 24 ਸਾਲਾਂ ਤੋਂ ਬੰਦ ਪਿਆ ਸੀ, ਨੂੰ ਬਹੁਤ ਵੱਡੀ ਮੁਸ਼ੱਕਤ ਤੋਂ ਬਾਅਦ ਚਾਲੂ ਕਰਵਾਇਆ।
ਇਸ ਸਿਹਤ ਕੇਂਦਰ ਨੂੰ ਚਾਲੂ ਕਰਵਾਉਣ ਲਈ ਇਹਨਾਂ ਨੇ ਜ਼ਿਲ੍ਹਾ ਸਿਹਤ ਅਫ਼ਸਰ ਤੋਂ ਲੈ ਕੇ ਮੁੱਖ ਮੰਤਰੀ ਪੰਜਾਬ,ਸਿਹਤ ਮੰਤਰੀ ਪੰਜਾਬ ,ਰਾਜ ਸਰਕਾਰ ਦੇ ਸਿਹਤ ਅਫ਼ਸਰਾਂ, ਕੇਂਦਰੀ ਸਿਹਤ ਮੰਤਰੀ,ਪ੍ਰਧਾਨ ਮੰਤਰੀ ਅੰਤਰਾਸ਼ਟਰੀ ਮਨੁੱਖੀ ਅਧਿਕਾਰ ਅਤੇ ਸੰਯੁਕਤ ਰਾਸ਼ਟਰ ਨੂੰ ਵੀ ਲਿਖਤੀ ਬੇਨਤੀਆਂ ਕੀਤੀਆਂ।ਇਹਨਾਂ ਦੀਆਂ ਲਿਖ਼ਤੀ ਬੇਨਤੀਆਂ ਨੂੰ ਸਵੀਕਾਰ ਕਰਕੇ ਪੰਜਾਬ ਸਰਕਾਰ ਨੇ ਇਸ ਸਿਹਤ ਕੇਂਦਰ ਨੂੰ ਦੁਬਾਰਾ ਫ਼ਿਰ ਚਾਲੂ ਕਰ ਦਿੱਤਾ।ਇਸ ਸਿਹਤ ਕੇਂਦਰ ਦੀ ਪਿਛਲੇ 24 ਸਾਲਾਂ ਤੋਂ ਠੱਪ ਪਈ ਬਿਜਲੀ ਸਪਲਾਈ ਵੀ ਇਹਨਾਂ ਦੇ ਅਣਥੱਕ ਯਤਨਾਂ ਸਦਕਾ ਚਾਲੂ ਹੋ ਗਈ ਹੈ।
ਪਿੰਡ ਸਮਾਲਸਰ ਤੋਂ ਬਰਗਾੜੀ ਤੱਕ ਲਿੰਕ ਸੜਕ ਨੂੰ ਪ੍ਰਧਾਨ ਮੰਤਰੀ ਯੋਜਨਾ ਅਧੀਨ 18 ਫ਼ੁੱਟੀ ਕਰਵਾਉਣ ਪਿੱਛੇ ਵੀ ਇਹਨਾਂ ਦੀਆਂ ਲਿਖ਼ਤੀ ਬੇਨਤੀਆਂ ਦਾ ਸਿੱਟਾ ਹੈ।ਇਸ ਸੜਕ ਦੀ ਮਨਜੂਰੀ ਦਾ ਸੰਕਸ਼ਨ ਪੱਤਰ ਵੀ ਇਹਨਾਂ ਦੇ ਕੋਲ ਹੈ।ਡਾਕਟਰ ਰਾਜਦੁਲਾਰ ਸਿੰਘ ਇਸ ਸੜਕ ਨੂੰ 18 ਫ਼ੁੱਟੀ ਮਨਜੂਰ ਕਰਵਾਉਣ ਲਈ ਪਿਛਲੇ 10 ਸਾਲਾਂ ਤੋਂ ਸਬੰਧਿਤ ਅਧਿਕਾਰੀਆਂ ਨੁੰ ਲਿਖ਼ਤੀ ਬੇਨਤੀਆਂ ਕਰਦੇ ਆ ਰਹੇ ਸਨ।ਇਸ ਸਬੰਧੀ ਇਹਨਾਂ ਨੇ ਮੁੱਖ ਮੰਤਰੀ ਪੰਜਾਬ,ਉੱਪ ਮੁੱਖ ਮੰਤਰੀ ਪੰਜਾਬ, ਚੀਫ਼ ਇੰਜੀਨੀਅਰ ਅਤੇ ਨਿਗਰਾਨ ਇੰਜੀਨੀਅਰ ਪੰਜਾਬ ਮੰਡੀ ਬੋਰਡ ਅਤੇ ਇਸ ਤੋਂ ਇਲਾਵਾ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਵੀ ਲਿਖ਼ਤੀ ਬੇਨਤੀਆਂ ਕੀਤੀਆਂ ਸਨ।
ਸਾਲ 2012 ਵਿੱਚ ਪਿੰਡ ਸਮਾਲਸਰ ਦੀ ਟੈਲੀਫ਼ੋਨ ਐਕਸਚੇਂਜ ਵਿੱਚ ਬਰਾਡਬੈਂਡ ਕਨੈਕਸ਼ਨ ਵੀ ਇਹਨਾਂ ਦੀ ਬਦੌਲਤ ਚਾਲੂ ਹੋਏ ਸਨ।ਇਸ ਸਬੰਧੀ ਡਾਕਟਰ ਸਾਹਿਬ ਨੇ ਜੀ.ਐੱਮ.ਫ਼ਿਰੋਜ਼ਪੁਰ, ਸੀ.ਜੀ.ਐੱਮ.ਪੰਜਾਬ, ਕੇਂਦਰੀ ਸੰਚਾਰ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਲਿਖਿਆ ਸੀ। 1998 ਵਿੱਚ ਆਪਣੇ ਪਿੰੰਡ ਸੇਖਾਂ ਕਲ੍ਹਾਂ ਵਿੱਚ 200 ਦੇ ਕਰੀਬ ਲੈਂਡਲਾਈਨ ਟੈਲੀਫ਼ੋਨ ਵੀ ਚਾਲੂ ਕਰਵਾਏ ਸਨ।
ਡਾਕਟਰ ਰਾਜਦੁਲਾਰ ਸਿੰਘ ਕੁਦਰਤ ਨੂੰ ਵੀ ਬਹੁਤ ਪਿਆਰ ਕਰਦੇ ਹਨ।ਉਹਨਾ ਨੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ 1000 ਦੇ ਕਰੀਬ ਛਾਂਦਾਰ ਅਤੇ ਫ਼ਲਦਾਰ ਬੂਟੇ ਲਗਵਾਏ ਹਨ।ਜਿਨ੍ਹਾਂ ਵਿੱਚ 250 ਦੇ ਕਰੀਬ ਬੂਟੇ ਆਪਣੇ ਪਿੰਡ ਸੇਖਾ ਕਲ੍ਹਾਂ ਵਿੱਚ ਲਗਵਾਏ। ਇਹਨਾਂ ਬੂਟਿਆਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਆਪ ਹੀ ਉਠਾ ਰਹੇ ਹਨ।ਹੁਣ ਤੱਕ ਡਾਕਟਰ ਰਾਜਦੁਲਾਰ ਸਿੰਘ ਨੂੰ ਅਨੇਕਾਂ ਸਮਾਜਸੇਵੀ ਸੰਸਥਾਵਾਂ,ਕਲੱਬਾਂ, ਧਾਰਮਿਕ ਸੰਸਥਾਵਾਂ,ਸਹਿਤ ਸਭਾਵਾਂ ਅਤੇ ਡਿਪਟੀ ਕਮਿਸ਼ਨਰ ਮੋਗਾ ਵਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।ਅਜੇਹੇ ਸਮਾਜ ਸੇਵੀ ਡਾਕਟਰ ਦੀ ਸਾਡੇ ਸਮਾਜ ਨੂੰ ਬਹੁਤ ਲੋੜ ਹੈ।
ਰਮੇਸ਼ਵਰ ਸਿੰਘ ਪਟਿਆਲਾ
ਮੋ 99148¬80392