ਸਮਾਜਿਕ ਦੂਰੀ ਬਨਾਮ ਡਾਕਟਰ ਤੇ ਮਰੀਜ਼ ਦੀ ਦੂਰੀ

  • -ਰਮੇਸ਼ ਬੱਗਾ ਚੋਹਲਾ – (ਲੁਧਿਆਣਾ)

ਮੋਬ:+91 9463 132 719

ਸਾਡੇ ਸਮਾਜ ਵਿਚ ਡਾਕਟਰ ਨੂੰ ਰੱਬ ਮੰਨਿਆ ਜਾਂਦਾ ਹੈ। ਉਪਰ ਵਾਲੇ ਰੱਬ ਤੱਕ ਪਹੁੰਚ ਤਾਂ ਕਿਸੇ (ਸੱਚੀ-ਸੁੱਚੀ) ਕਰਨੀ ਵਾਲੇ ਮਹਾਂਪੁਰਖ ਦੀ ਹੋ ਸਕਦੀ ਹੈ ਪਰ ਧਰਤੀ ਦੇ ਰੱਬ (ਡਾਕਟਰ) ਤੱਕ ਪਹੁੰਚ ਤਕਰੀਬਨ ਹਰੇਕ ਵਿਅਕਤੀ (ਗ਼ਰੀਬ-ਅਮੀਰ) ਦੀ ਚਾਹੁੰਦਿਆਂ ਨਾ ਚਾਹੁੰਦਿਆਂ ਹੋ ਹੀ ਜਾਂਦੀ ਹੈ।

ਸਿਆਣੇ ਕਹਿੰਦੇ ਹਨ ਕਿ ਬਿਮਾਰੀ ਨਾ ਤਾਂ ਕਿਸੇ ਨੂੰ ਪੁੱਛ ਕੇ ਆਉਂਦੀ ਹੈ ਅਤੇ ਨਾ ਹੀ ਵੇਲਾ-ਕੁਵੇਲਾ ਦੇਖ ਕੇ। ਅਜੋਕੇ ਸਮੇਂ ਵਿਚ ਕੋਰੋਨਾ ਦੀ ਬਿਮਾਰੀ ਉਰਫ਼ ਮਹਾਂਮਾਰੀ ਦਾ ਵੀ ਕੁੱਝ ਅਜਿਹਾ ਹੀ ਹਾਲ ਹੈ। ਮਨੁੱਖਤਾ ਲਈ ਅਤਿ ਘਾਤਿਕ ਸਾਬਤ ਹੋ ਰਹੀ ਇਸ ਮਹਾਂਮਾਰੀ ਨੇ ਜਿਥੇ ਦੇਸ਼-ਵਿਦੇਸ਼ ਦੀਆਂ ਸਰਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਉਥੇ ਨਾਲ ਹੀ ਆਮ ਆਦਮੀ ਨੂੰ ਵੀ ਫ਼ਿਕਰਮੰਦੀ ਵਿਚ ਪਾ ਦਿੱਤਾ ਹੈ। ਇਸ ਬਿਮਾਰੀ ਦੇ ਪ੍ਰਭਾਵ ਨੂੰ ਘਟਾਉਣ/ਹਟਾਉਣ ਵਿਚ ਪ੍ਰਸ਼ਾਸਨ ਦੇ ਨਾਲ-ਨਾਲ ਡਾਕਟਰ ਤੇ ਉਨ੍ਹਾਂ ਦਾ ਸਹਿਯੋਗੀਆਂ ਅਮਲਾ ਵੀ ਬੜਾ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਭਾਵੇਂ ਬਹੁਤ ਸਾਰੇ ਡਾਕਟਰ ਆਪਣੇ ਫ਼ਰਜ ਨੂੰ ਪਹਿਚਾਣਦੇ ਹੋਏ ਇਸ ਸੰਕਟ ਦੀ ਘੜੀ ਵਿਚ ਆਪਣੀ ਜ਼ਿੰਮੇਵਾਰੀ ਨੂੰ ਨਿਭਾਅ ਰਹੇ ਹਨ ਪਰ ਕਈ ਹਸਪਤਾਲ ਅਤੇ ਉਨ੍ਹਾਂ ਨਾਲ ਜੁੜੇ ਡਾਕਟਰ ਹਰੇਕ ਸਧਾਰਣ ਮਰੀਜ ਨੂੰ ਵੀ ਕੋਰੋਨਾ ਦੀ ਐਨਕ ਲਗਾ ਕੇ ਦੇਖਣ ਲੱਗ ਪਏ ਹਨ। ਇਸੇ ਤਰ੍ਹਾਂ ਦਾ ਇੱਕ ਕੌੜਾ ਤਜ਼ਰਬਾ ਮਹਾਂਨਗਰ ਦੇ ਕੁੱਝ ਹਸਪਤਾਲਾਂ ਵਿਚ ਜਾ ਕੇ ਅਤੇ ਕੁੱਝ ਡਾਕਟਰਾਂ ਨਾਲ ਸਿੱਧੀ ਗੱਲਬਾਤ ਕਰਕੇ ਮੇਰੇ ਨਾਲ ਵੀ ਹੋਇਆ ਹੈ।

ਹੋਇਆ ਇੰਜ ਕਿ ਪਿਛਲੇ ਦਿਨੀਂ ਮੈਂ ਸੁੱਕੀ ਖੰਘ ਦਾ ਸ਼ਿਕਾਰ ਹੋ ਗਿਆ।ਪਹਿਲਾਂ ਪਹਿਲ ਤਾਂ ਮੈਂ ਇਸ ਵੱਲ ਕੋਈ ਖਾਸ ਤਵੱਜੋਂ ਹੀ ਨਾ ਦਿੱਤੀ। ਸਿਰਫ ਬੁੱਤਾ-ਸਾਰ (ਘਰੇਲੂ ਓਹੜ-ਪੋਹੜ) ਪ੍ਰਬੰਧ ਅਧੀਨ ਹੀ ਇਸ ਤੋਂ ਖਹਿੜਾ ਛੁੱਡਵਾਉਣ ਦੇ ਉਪਰਾਲਾ ਜਿਹਾ ਕਰੀ ਗਿਆ। ਪਰ ਜਦੋਂ ਕੋਰੋਨਾ ਦਾ ਕਹਿਰ ਵੱਧਣ ਲੱਗਾ ਤਾਂ ਮੇਰੀ ਚਿੰਤਾ ਵੀ ਕੁੱਝ ਵੱਧਣ ਲੱਗੀ। ਕੋਈ ਵਿਦੇਸ਼ੀ ਰੁਝਾਨ ਅਤੇ ਉਡਾਣ ਨਾ ਹੋਣ ਕਰਕੇ ਇਸ ਚਿੰਤਾ ਦਾ ਪੱਧਰ ਕੁੱਝ ਸਧਾਰਣ ਹੀ ਰਿਹਾ। ਚਿੰਤਾ ਕਿਸੇ ਵੀ ਪੱਧਰ ਦੀ ਹੋਵੇ ਇਹ ਬੰਦੇ ਨੂੰ ਚਿਖਾ ਦੇ ਬਰਾਬਰ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਦੀ । ਜਿਉਂਦੇ ਜੀਅ ਚਿਖਾ ਵਿਚ ਪੈਣ ਨਾਲੋਂ ਚੰਗਾ ਸੀ ਕਿਸੇ ਚੰਗੇ ਹਸਪਤਾਲ ਵਿਚ ਜਾ ਕੇ ਕਿਸੇ ਮਾਹਿਰ ਡਾਕਟਰ ਦੇ ਮੱਥੇ ਲੱਗਿਆ ਜਾਵੇ ਅਤੇ ਆਪਣਾ ਦੁੱਖ ਫ਼ਰੋਲਿਆ ਜਾਵੇ। ਆਪਣੇ iਖ਼ਆਲ ਨੂੰ ਅਮਲੀ ਰੂਪ ਦੇਣ ਲਈ ਮੈਂ ਮਹਾਂਨਗਰ ਵਿਚ ਇੱਕ ਸਵਾਮੀ ਜੀ ਦੇ ਨਾਂ ‘ਤੇ ਚੱਲ ਰਹੇ ਹਸਪਤਾਲ ਵੱਲ ਹੋ ਤੁਰਿਆ। ਜਦੋਂ ਮੈਂ ਹਸਪਤਾਲ ਵਿਚ ਪ੍ਰਵੇਸ਼ ਕੀਤਾ ਤਾਂ ਉਥੋਂ ਦਾ ਮਾਹੌਲ ਆਮ ਵਰਗਾ ਨਾ ਹੋ ਕਿ ਕਾਫ਼ੀ ਸਖ਼ਤ ਸੀ ਭਾਵ ਕਈ ਤਰ੍ਹਾਂ ਦੀਆਂ ਛਾਣਨੀਆਂ ਲੱਗੀਆਂ ਹੋਈਆਂ ਸਨ ਜਿਨ੍ਹਾਂ ਵਿਚੋਂ ਦੀ ਮਰੀਜ਼ ਨੂੰ ਚੰਗੀ ਤਰ੍ਹਾਂ ਛਾਂਣਿਆ-ਪੁਣਿਆ (ਪੁੱਛਗਿੱਛ ਕਰਕੇ) ਜਾ ਰਿਹਾ ਸੀ। ਇਹ ਛਾਣਨੀਆਂ ਮੇਰੇ ‘ਤੇ ਲਗਾਈਆਂ ਗਈਆਂ। ਚੰਗੀ ਤਰ੍ਹਾਂ ਪੁੱਛ-ਪੜਤਾਲ ਅਤੇ ਤਸੱਲੀ ਕਰਨ ਤੋਂ ਬਾਅਦ ਮੈਨੂੰ ਕਾਰਡ ਬਣਾਵਾ ਕੇ ਮੁੜ ਉਥੇ ਹੀ ਆਉਣ ਲਈ ਕਿਹਾ ਗਿਆ ਜਿਥੇ ਮੇਰੇ ਉਪਰ ਕਈ ਅਣਸੁਖਾਂਵੇ ਸਵਾਲਾਂ ਦੀ ਬੁਛਾੜ ਕੀਤੀ ਗਈ ਸੀ।

ਪ੍ਰਬੰਧਕਾਂ ਦੇ ਕਹੇ ਮੁਤਾਬਿਕ ਮੈਂ ਕਾਰਡ ਬਣਾਵਾ ਕੇ ਮੁੜ ਉਸੇ ਹੀ ਸਥਾਨ ‘ਤੇ ਆ ਗਿਆ ਜਿਥੋਂ ਗਿਆ ਸੀ।ਹੁਣ ਮੈਨੂੰ ਮੁੱਖ ਦਰਵਾਜ਼ੇ ਨਾਲ ਬਣੇ ਕਮਰੇ ਜਿਹੜਾ ਕਿਸੇ ਮੈਡੀਕਲ ਮਨੋਰਥ ਲਈ ਨਹੀਂ ਸਗੋਂ ਕਿਸੇ ਹੋਰ ਉਦੇਸ਼ ਦੀ ਪੁਰਤੀ ਹਿੱਤ ਬਣਾਇਆ ਗਿਅ ਸੀ,ਦੀਆਂ ਪੋੜ੍ਹੀਆਂ ਚੜ੍ਹ ਜਾਣ ਲਈ ਕਿਹਾ ਗਿਆ।ਜਦੋਂ ਮੈਂ ਉਪਰ ਗਿਆ ਤਾਂ ਦੇਖਿਆ ਕਿ ਉਥੇ ਇੱਕ ਜੂਨੀਅਰ/ਸਿਖਾਂਦਰੂ ਡਾਕਟਰ ਬੈਠਾ ਹੋਇਆ ਸੀ।ਜਦੋਂ ਮੈਂ ਉਸ ਡਾਕਟਰ ਸਾਹਿਬ ਕੋਲ ਗਿਆ ਤਾਂ ਉਸ ਨੇ ਮੈਨੂੰ ਉਸ ਕੁਰਸੀ ‘ਤੇ ਬੈਠਣ ਲਈ ਕਿਹਾ ਜਿਹੜੀ ਉਸ ਦੇ ਮੇਜ ਦੇ ਸਾਹਮਣੇ ਪਰ ਪੰਜ ਫ਼ੁੱਟ ਦੀ ਦੂਰ ਰੱਖੀ ਹੋਈ ਸੀ।ਉਸ ਦੀ ਇਹ ਵਿਉਂਤਬੰਦੀ ਉਸ ਖ਼ੌਫ਼ਜ਼ਦਾ ਮਾਹੌਲ ਨੂੰ ਬਿਆਨ ਕਰ ਰਹੀ ਸੀ ਜਿਹੜਾ ਕੋਰੋਨਾ ਦੇ ਕਹਿਰ ਕਰਕੇ ਪੈਦਾ ਹੋ ਰਿਹਾ ਸੀ।ਜਦੋਂ ਮੈਂ ਉਸ ਦੇ ਸਾਹਮਣੇ ਬੈਠ ਕੇ ਆਪਣਾ ਦੁੱਖ ਸੁਣਾਇਆ ਤਾਂ ਉਸ ਨੇ ਮੇਰੀਆਂ ਕਹੀਆਂ ਨੂੰ ਆਧਾਰ ਬਣਾ ਕੇ ਪੀਲੇ ਕਾਰਡ ਦਾ ਪੰਨਾ ਭਰ ਦਿੱਤਾ।ਆਪਣੀ ਜਾਂਚ ਵਿਚ ਡਾਕਟਰ ਸਾਹਿਬ ਨੇ ਆਪਣੇ ਮੇਜ਼ ‘ਤੇ ਪਏ ਕਿਸੇ ਵੀ ਯੰਤਰ ਬੀ.ਪੀ ਸੈੱਟ,ਸਟੈਥੋਸਕੋਪ ਅਤੇ ਥਰਮਾਮੀਟਰ ਆਦਿ ਦੀ ਵਰਤੋਂ ਨਹੀਂ ਕੀਤੀ।15 ਕੁ ਦਿਨਾਂ ਦੀ ਦਵਾਈ ਲਿਖ ਕੇ ਮੈਨੂੰ ਉਥੋਂ ਤੋਰਨ ਵਿਚ ਹੀ ਭਲਾ ਸਮਝਿਆ।ਮੈਂ ਆਪਣੀ ਬਿਮਾਰੀ ਨਾਲ ਸਬੰਧਤ ਅਜੇ ਕੁੱਝ ਹੋਰ ਸਾਂਝ ਉਸ ਨਾਲ ਪਾਉਣੀ ਚਾਹੁੰਦਾ ਸੀ ਪਰ ਉਸ ਨੇ ਮੈਨੂੰ ਟਾਇਮ ਨਾਲ ਹੀ ਫ਼ਤਿਹ ਬੁਲਾ ਦਿੱਤੀ।

ਉਸ ਡਾਕਟਰ ਦੀ ਦਵਾਈ ਮੈਂ 15 ਦਿਨ ਨਿਯਮਮਿਤ ਰੂਪ ਨਾਲ ਖਾਧੀ ਪਰ ਉਸ ਨਾਲ ਕੋਈ ਖਾਸ ਚਮਤਕਾਰ ਨਾ ਹੋਇਆ। ਉਨੀ-ਇੱਕੀ ਦਾ ਫ਼ਰਕ ਤਾਂ ਹੈ ਸੀ ਪਰ ਕੋਈ ਵਡੇਰੀ ਰਾਹਤ ਦਿਖਾਈ ਨਹੀਂ ਸੀ ਦੇ ਰਹੀ।

ਫਿਰ ਕਿਸੇ ਸਿਆਣੇ ਨੇ ਸਲਾਹ ਦਿੱਤੀ ਕਿ ਐਲੋਪੈਥੀ ਨਾਲੋ ਹੋਮੋਪੈਥੀ ਵਧੇਰੇ ਪ੍ਰਭਾਵਸ਼ੈਲੀ ਅਤੇ ਸਾਰਥਿਕ ਹੁੰਦੀ ਹੈ ਸੋ ਇਸ ਨੂੰ ਅਜ਼ਮਾਉਣਾ ਚਾਹੀਦਾ ਹੈ। ਇਸ ਅਜ਼ਮਾਇਸ਼ ਹਿੱਤ ਮੈਂ ਆਪਣੇ ਇੱਕ ਜਾਣਕਾਰ ਹੋਮੋਪੈਥਿਕ ਡਾਕਟਰ ਦੇ ਕਲੀਨਿਕ ‘ਤੇ ਪਹੁੰਚ ਗਿਆ।ਵੱਡਾ ਦਿਨ ਚੜ੍ਹਨ ਦੇ ਬਾਵਜ਼ੂਦ ਵੀ ਕਲੀਨਿਕ ਬੰਦ ਪਿਆ ਸੀ। ਜਦੋਂ ਬਾਹਰ ਲਿਖੇ ਨੰਬਰ ‘ਤੇ ਫ਼ੋਨ ਘੁਮਾਇਆ ਤਾਂ ਫ਼ੋਨ ਡਾਕਟਰ ਸਾਹਿਬ ਦੀ ਬਜਾਏ ਉਸ ਦੇ ਕੰਪਊਡਰ ਨੇ ਉਠਾਇਆ।ਜਦੋਂ ਮੈਂ ਡਾਕਟਰ ਸਾਹਿਬ ਨੂੰ ਮਿਲਣ ਦੀ ਇੱਛਾ/ਮਜ਼ਬੂਰੀ ਪ੍ਰਗਟ ਕੀਤੀ ਤਾਂ ਉਸ ਨੇ ਕਿਹਾ ‘ਜੀ ਕੋਰੋਨਾ ਕਰਕੇ ਡਾਕਟਰ ਸਾਹਿਬ ਅੱਜਕੱਲ੍ਹ ਕਲੀਨਿਕ ਨਹੀਂ ਆ ਰਹੇ ਸਿਰਫ਼ ਫ਼ੋਨ ‘ਤੇ ਹੀ ਮਸ਼ਵਰੇ ਵੇਚ ਰਹੇ ਹਨ।ਜਦੋਂ ਕੋਈ ਮਸ਼ਵਰਾ ਖ੍ਰੀਦ ਲੈਂਦਾ ਹੈ ਤਾਂ ਉਸ ਦੇ ਮੁਤਾਬਿਕ ਦਵਾਈ ਮੈਂ ਬਣਾ ਦਿੰਦਾ ਹਾਂ। ਇਸ ਤਰ੍ਹਾਂ ਕਰਕੇ ਅਸੀਂ ਸਮਾਜਿਕ ਦੂਰੀ,ਮਰੀਜ਼ ਦੀ ਮਜ਼ਬੂਰੀ ਅਤੇ ਆਪਣੇ ਖਾਣ ਲਈ ਚੂਰੀ (ਫ਼ੀਸ ਲੈ ਕੇ) ਤਿੰਨਾਂ ਦਾ ਹੀ ਧਿਆਨ ਰੱਖ ਰਹੇ ਹਾਂ।ਤੁਸੀਂ ਡਾਕਟਰ ਸਾਹਿਬ ਨੂੰ ਫ਼ੋਨ ਮਿਲਾ ਕੇ ਇਸ ਤੋਂ ਬਾਅਦ ਮੇਰੇ ਕੋਲ ਆ ਕੇ ਲਾਹੇ ਪ੍ਰਾਪਤ ਕਰ ਸਕਦੇ ਹੋ’।

ਇਸ ਤੋਂ ਬਾਅਦ ਉਸ ਨੇ ਮੈਨੂੰ ਡਾਕਟਰ ਸਾਹਿਬ ਦਾ ਇੱਕ ਅਤਿ ਨਿੱਜੀ ਮੋਬਾਇਲ ਨੰਬਰ ਨੋਟ ਕਰਵਾ ਦਿੱਤਾ ਪਰ ਇਨ੍ਹਾਂ ਤਿਲਾਂ ਵਿਚੋਂ ਤੇਲ ਦੀ ਆਸ ਨਾ ਬੱਝਦੀ ਦੇਖ ਕੇ ਮੇਰੇ ਮਨ ਨੇ ਫ਼ੋਨ ਕਰਨ ਦਾ ਹੁੰਗਾਰਾ ਨਾ ਭਰਿਆ।

ਭਾਵੇਂ ਇਸ ਪਾਸੇ ਤੋਂ ਮੇਰੀ ਆਸ ਪੂਰੀ ਨਹੀਂ ਹੋਈ ਸੀ ਪਰ ਮੈਂ ਆਸ ਦੇ ਦੀਵੇ ਨੂੰ ਬੁੱਝਣ ਨਹੀਂ ਦਿੱਤਾ। ਇਸ ਦੀਵੇ ਦੀ ਰੋਸ਼ਨੀ ਵਿਚ ਮੈਂ ਆਪਣੇ ਸ਼ਹਿਰ ਦੇ ਇੱਕ ਨਾਮੀ ਹੋਮੋਪੈਥਿਕ ਹਸਪਤਾਲ ਵਿਚ ਚਲਾ ਗਿਆ ਜਿਸ ਦਾ ਨਾਮਕਰਣ ਇੱਕ ਮਹਾਂਪੁਰਖ ਦੇ ਨਾਮ ਤੋਂ ਕੀਤਾ ਗਿਆ ਹੈ।ਜਦੋਂ ਮੈਂ ਉੱਥੇ ਪਹੁੰਚਿਆ ਤਾਂ ਕੁੱਝ ਕੁ ਮਰੀਜ਼ ਮੇਰੇ ਤੋਂ ਪਹਿਲਾਂ ਵੀ ਚੱਕਰਾਂ (ਸਮਾਜਿਕ ਦੂਰੀ ਵਾਲੇ) ਵਿਚ ਪਏ/ਖੜ੍ਹੇ ਹੋਏ ਸਨ।ਇੱਕ ਚੱਕਰ ਵਿਚ ਖੜ੍ਹ ਕੇ ਮੈਂ ਵੀ ਆਪਣੀ ਵਾਰੀ ਦੀ ਉਡੀਕ ਕਰਨ ਲੱਗ ਪਿਆ।ਜਲਦੀ ਹੀ ਇਹ ਉਡੀਕ ਪੂਰੀ ਹੋ ਗਈ ਅਤੇ ਸਵਾਗਤੀ-ਖਿੜਕੀ ਕੋਲ ਅਪੜ ਗਿਆ।

ਕੰਪਿਊਟਰ ਸਾਹਮਣੇ ਬੈਠੀ ਨਰਸ ਲੜਕੀ ਨੇ ਮੇਰੇ ਕੋਲੋਂ ਬਿਮਾਰੀ ਦੇ ਵੇਰਵੇ ਪੁੱਛ ਕੇ ਸਲਿਪ ਤਿਆਰ ਕਰ ਦਿੱਤੀ ਅਤੇ ਮੈਨੂੰ ਬੈਠਣ ਨੂੰ ਕਹਿ ਕੇ ਆਪ ਦਵਾਖ਼ਾਨੇ ਵਿਚ ਚਲੀ ਗਈ। ਮੈਨੂੰ ਉਮੀਦ ਸੀ ਕਿ ਕੁੱਝ ਸਮੇਂ ਬਾਅਦ ਮੈਨੂੰ ਸਬੰਧਤ ਡਾਕਟਰ ਸਾਹਿਬ ਆਪਣੇ ਕੈਬਿਨ ਵਿਚ ਬੁਲਾਉਣਗੇ ਅਤੇ ਲੋੜੀਂਦੀ ਜਾਂਚ ਕਰਕੇ ਬਣਦਾ ਇਲਾਜ਼ ਕਰਨਗੇ। ਪਰ ਕੋਰੋਨਾ ਦੀ ਘਬਰਾਹਟ ਕਾਰਨ ਇਸ ਤਰ੍ਹਾਂ ਦਾ ਕੁੱਝ ਵੀ ਨਹੀਂ ਹੋਇਆ। ਸੋਚ ਦੀ ਉਧੇੜ੍ਹ-ਬੁਨ ਵਿਚ ਪਏ ਨੂੰ ਨਰਸ ਕੁੜੀ ਨੇ ਆਵਾਜ਼ ਮਾਰ ਦਿੱੱਤੀ। ਜਦੋਂ ਮੈਂ ਉਸ ਦੇ ਕੋਲ ਗਿਆ ਤਾਂ ਉਸ ਨੇ ਹੋਮੋਪੈਥਿਕ ਦਵਾਈ ਦੀਆਂ ਦੋ ਕੁ ਸ਼ੀਸ਼ੀਆਂ ਮੇਰੇ ਹਵਾਲੇ ਕਰਦੇ ਬਣਦੀ ਫ਼ੀਸ ਮੰਗ ਲਈ। ਜਦੋਂ ਮੈਂ ਉਸ ਨਰਸ ਨੂੰ ਡਾਕਟਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰੇ ਨਾ ਹੋਣ ਦੀ ਗੱਲ ਕਹੀ ਤਾਂ ਉਸ ਨੇ ਕਿਹਾ, ‘ਇਹ ਮੈਡੀਸਨ ਅੰਦਰੋਂ ਡਾਕਟਰ ਸਾਹਿਬ ਨੇ ਹੀ ਲਿਖ ਕੇ ਦਿੱਤੀ ਹੈ, ਮੈਂ ਆਪਣੇ ਕੋਲੋਂ ਨਹੀਂ ਦਿੱਤੀ।’

ਉਸ ਨਰਸ ਦਾ ਇਹ ਜਵਾਬ ਮੈਨੂੂੂੂੂੂੂੰ ਹੈਰਾਨ ਕਰਨ ਦੇ ਨਾਲ ਇੱਕ ਝੱਟਕਾ ਵੀ ਦੇ ਗਿਆ। ਕਿਉਂਕਿ ਜਿਹੜਾ ਡਾਕਟਰ ਨਾ ਮੈਨੂੰ ਮਿਲਿਆ, ਨਾ ਕੋਈ ਚੈੱਕ-ਅੱਪ ਕੀਤੀ ਅਤੇ ਨਾ ਹੀ ਉਸ ਨੇ ਮੇਰੀ ਕੋਈ ਕੇਸ-ਹਿਸਟਰੀ ਪੜ੍ਹੀ/ਸੁਣੀ ਹੈ ਉਸ ਦੀ ਲਿਖੀ ਦਵਾਈ ਭਲਾ ਕਿੰਨੀ ਕੁ ਕਾਰਗਰ ਸਾਬਤ ਹੋ ਸਕਦੀ ਹੈ? ਇਹ ਸੋਚਣ ਵਾਲੀ ਗੱਲ ਸੀ, ਜਿਸ ਨੂੰ ਸੋਚਦਾ-ਸੋਚਦਾ ਮੈਂ ਆਪਣੇ ਘਰ ਪਹੁੰਚ ਗਿਆ।

ਅਜੋਕੇ ਸਮੇਂ ਕੋਰੋਨਾ ਦੀ ਦਹਿਸ਼ਤ ਕਾਰਨ ਮੈਡੀਕਲ ਮੰਚ ਦੇ ਬਹੁਤੇ ਕਲਾਕਾਰ (ਡਾਕਟਰ) ਲੋਕ ਭਲਾਈ ਦੇ ਮੰਚ ਤੋਂ ਹੇਠਾਂ ਉਤਰ ਕੇ ਪਰਦੇ ਪਿਛਲੀ (ਡਰੂ) ਭੂਮਿਕਾ ਅਦਾ ਕਰਨ ਲੱਗ ਪਏ ਹਨ।ਇਸ ਤਰ੍ਹਾਂ ਕਰਕੇ ਉਹ ਆਪਣੀ ਕਮਾਅ ਨੀਤੀ ਅਤੇ ਬਚਾਅ ਨੀਤੀ ਦੋਵਾਂ ਨੂੰ ਕਾਇਮ ਰੱਖੀ ਜਾ ਰਹੇ ਹਨ ਅਤੇ ਮਰੀਜ਼ਾਂ ਨੂੰ ਉਲਝਾਅ ਨੀਤੀ ਵਿਚ ਉਲਝਾਈ ਜਾ ਰਹੇ। ਰੱਬ ਖ਼ੈਰ ਕਰੇ!

Previous articleModi hails 3 services’ decision to show solidarity with Covid warriors
Next articleThree soldiers injured in Pak firing on LoC