ਸਮਤਾ ਸੈਨਿਕ ਦਲ ਦਾ ਸਥਾਪਨਾ ਦਿਵਸ ਮਨਾਇਆ ਗਿਆ

 ਫੋਟੋ ਕੈਪਸ਼ਨ: ਮੈਡਮ ਸੁਦੇਸ਼ ਕਲਿਆਣ ਆਪਣੇ ਵਿਚਾਰ ਪੇਸ਼ ਕਰਦੇ ਹੋਏ. ਸਟੇਜ ਤੇ ਵਿਰਾਜਮਾਨ ਹਨ ਜਸਵਿੰਦਰ ਵਰਿਆਣਾ ਅਤੇ ਲਾਹੌਰੀ ਰਾਮ  ਬਾਲੀ. 

ਜਲੰਧਰ : ਅੰਬੇਡਕਰ ਭਵਨ, ਅੰਬੇਡਕਰ ਮਾਰਗ (ਨਕੋਦਰ ਰੋਡ), ਜਲੰਧਰ ਵਿਖੇ ਆਲ ਇੰਡੀਆ ਸਮਤਾ ਸੈਨਿਕ ਦਲ ਦਾ ਸਥਾਪਨਾ ਦਿਵਸ ਬੜੀ ਧੂਮ ਧਾਮ ਅਤੇ ਸ਼ਰਧਾ ਪੂਰਵਕ ਮਨਾਇਆ ਗਿਆ.  ਮਸ਼ਹੂਰ ਅੰਬੇਡਕਰਵਾਦੀ , ਸੰਪਾਦਕ ਭੀਮ ਪਤ੍ਰਿਕਾ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ) ਦੇ ਮੁੱਖ ਮਾਰਗਦਰਸ਼ਕ ਲਾਹੌਰੀ ਰਾਮ  ਬਾਲੀ ਨੇ ਸਮਾਗਮ ਵਿਚ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ. ਦਲ ਦੇ ਵਿੱਤ ਸਕੱਤਰ ਐਡਵੋਕੇਟ ਕੁਲਦੀਪ ਭੱਟੀ ਨੇ ਆਏ ਹੋਏ ਸੱਜਣਾ ਦਾ ਸਵਾਗਤ ਕੀਤਾ ਅਤੇ ਸਟੇਜ ਸੰਚਾਲਨ ਬਾਖੂਬੀ ਨਿਭਾਇਆ.

ਸ਼੍ਰੀ ਲਾਹੌਰੀ ਰਾਮ  ਬਾਲੀ ਨੇ ਆਪਣੇ ਭਾਸ਼ਣ ‘ਚ ਬੋਲਦਿਆਂ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਦੁਆਰਾ 13  ਮਾਰਚ, 1927  ਨੂੰ ਸਮਾਜਿਕ ਸਮਾਨਤਾ ਅਤੇ ਬਹੁਪੱਖੀ ਨਿਆਂ ਚਾਹੁਣ ਵਾਲੇ ਲੋਕਾਂ ਦੇ ਇੱਕ ਸਭਿਆਚਾਰਕ ਸੰਗਠਨ ‘ਸਮਤਾ ਸੈਨਿਕ ਦਲ’ ਦੀ ਸਥਾਪਨਾ ਕੀਤੀ ਗਈ. ਉਨ੍ਹਾਂ ਦੱਸਿਆ ਕਿ ਬਾਬਾ ਸਾਹਿਬ ਦੁਆਰਾ ਸਮੇਂ – ਸਮੇਂ ‘ਤੇ ਰਾਜਨੀਤਕ ਸੰਗਠਨ ਬਣਾਏ ਗਏ ਜਿਵੇਂ ‘ਡਿਪ੍ਰੇੱਸਡ ਕਲਾਸਿਜ਼ ਫੇਡਰੇਸ਼ਨ’, ‘ਸਵਤੰਤਰ ਮਜ਼ਦੂਰ ਪਾਰਟੀ’, ‘ਸ਼ਡਿਊਲਡ ਕਾਸਟ ਫੇਡਰੇਸ਼ਨ’, ਅਤੇ ਰਿਪਬਲਿਕਨ ਪਾਰਟੀ ਆਫ਼ ਇੰਡੀਆ ਦੀ ਸੰਕਲਪਨਾ. ਇਸਦੇ ਨਾਲ – ਨਾਲ  ਉਨ੍ਹਾਂ ਨੇ ‘ਮੂਕਨਾਇਕ’, ‘ਬਹਿਸ਼ਕ੍ਰਿਤ ਭਾਰਤ’, ‘ਸਮਤਾ’, ‘ਜਨਤਾ’ ਅਤੇ ‘ਪ੍ਰਬੁੱਧ ਭਾਰਤ’ ਵਰਗੇ ਸਮਾਚਾਰ ਪੱਤਰ ਸ਼ੁਰੂ ਕੀਤੇ. ਬਾਬਾ ਸਾਹਿਬ  ਨੇ ਆਪਣੇ ਰਾਜਨੀਤਕ ਸੰਗਠਨਾਂ ਦੇ ਨਾਲ – ਨਾਲ ਸਮਾਚਾਰ ਪੱਤਰਾਂ ਦੇ ਨਾਮਾਂ ਵਿਚ ਵੀ ਪਰਿਵਰਤਨ ਕੀਤਾ ਪਰੰਤੂ ਇਨ੍ਹਾਂ ਤੋਂ ਪਹਿਲਾਂ ਸਥਾਪਿਤ ‘ਸਮਤਾ ਸੈਨਿਕ ਦਲ’ ਦੇ ਨਾਮ ਵਿਚ ਜਾਂ ਇਸਦੇ ਉਦੇਸ਼ਾਂ ਅਤੇ ਕਾਰਜਕ੍ਰਮ  ਵਿਚ ਪਰਿਵਰਤਨ ਕਰਨ ਦੀ ਉਨ੍ਹਾਂ ਨੂੰ ਕਦੇ ਜਰੂਰਤ ਮਹਿਸੂਸ ਨਹੀਂ ਹੋਈ. ਇਸ ਤੋਂ ਪਤਾ ਲਗਦਾ ਹੈ ਕਿ ਬਾਬਾ ਸਾਹਿਬ ਡਾ. ਅੰਬੇਡਕਰ ਆਲ ਇੰਡੀਆ ਸਮਤਾ ਸੈਨਿਕ ਦਲ ਨੂੰ ਬਣਾਏ ਰੱਖਣਾ ਕਿੰਨਾ ਜਰੂਰੀ ਸਮਝਦੇ ਸਨ.  ਸ਼੍ਰੀ ਬਾਲੀ ਨੇ ਕਿਹਾ ਕਿ ਸਮਤਾ ਸੈਨਿਕ ਦਲ ਦੇ ਯਤਨਾਂ ਅਤੇ ਸੰਘਰਸ਼ ਸਦਕਾ ਹੀ ਬਾਬਾ ਸਾਹਿਬ ਦਾ ਅਣਪ੍ਰਕਾਸ਼ਤ ਸਾਹਿਤ ਸਰਕਾਰ ਦੁਆਰਾ ‘ ਬਾਬਾਸਾਹਿਬ ਡਾ. ਅੰਬੇਡਕਰ ਰਾਈਟਿੰਗਸ ਐਂਡ ਸਪੀਚੇਸ’ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਗਿਆ, ਜਿਸ ਦੇ ਹੁਣ ਤਕ 22 ਖੰਡ ਪ੍ਰਕਾਸ਼ਿਤ ਹੋ ਚੁਕੇ ਹਨ. ਸ਼੍ਰੀ ਬਾਲੀ ਨੇ ਅੱਗੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਦੁਆਰਾ ਬਣਾਇਆ ਸੰਵਿਧਾਨ ਸਾਡਾ ਮਹਾਨ ਗਰੰਥ ਹੈ ਜੋ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਉੱਨਤੀ ਦਾ ਮਾਰਗ ਦਰਸ਼ਾਉਂਦਾ ਹੈ. ਇਸ ਵੇਲੇ ਦੇਸ਼ ਦੇ ਹਾਲਾਤ ਖ਼ਰਾਬ ਹਨ. ਸੰਵਿਧਾਨ ਨੂੰ ਬਦਲਣ ਲਈ ਦੇਸ਼ ਵਿੱਚ ਸਾਜ਼ਿਸ਼ਾਂ ਚੱਲ ਰਹੀਆਂ ਹਨ. ਅਸੀਂ ਲੋਕਾਂ ਕੋਲ ਜਾਈਏ ਅਤੇ  ਉਨ੍ਹਾਂ ਨੂੰ ਹਾਲਾਤਾਂ ਬਾਰੇ ਜਾਣੂ ਕਰਾਈਏ. ਡਾ. ਅੰਬੇਡਕਰ ਤੋਂ ਬਿਨਾ ਕੋਈ ਵੀ ਲੋਕਾਂ ਨੂੰ ਏਕਤਾ ਦੇ ਸੂਤਰ ਵਿਚ ਨਓ ਹੀ ਪਰੋ ਸਕਦਾ ਜਿਸਦਾ ਸਬੂਤ ਦੇਸ਼ ਵਿਚ ਹਾਲ ਹੀ ਵਿਚ ਹੋ ਰਹੇ ਅੰਦੋਲਨ ਹਨ.

ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ) ਦੀ ਪ੍ਰਧਾਨ ਮੈਡਮ ਸੁਦੇਸ਼ ਕਲਿਆਣ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ.  ਦਲ ਦੇ ਸੂਬਾ ਪ੍ਰਧਾਨ ਜਸਵਿੰਦਰ ਵਰਿਆਣਾ ਨੇ ਸਾਥੀਆਂ ਦਾ ਧੰਨਵਾਦ ਕੀਤਾ  ਅਤੇ ਵੱਡੀ ਗਿਣਤੀ ਵਿਚ ਸਮਤਾ ਸੈਨਿਕ ਦਲ ਦੇ ਮੈਂਬਰ ਬਣਨ ਲਈ ਅਪੀਲ ਕੀਤੀ. ਇਸ ਮੌਕੇ ਬਲਦੇਵ ਰਾਜ ਭਾਰਦਵਾਜ, ਵਰਿੰਦਰ ਕੁਮਾਰ, ਨੀਤੀਸ਼, ਚਮਨ ਲਾਲ, ਕ੍ਰਿਸ਼ਨ ਕਲਿਆਣ, ਸੋਨੂ ਜੈਤੇਵਾਲੀ, ਹਰਮੇਸ਼ ਜੱਸਲ, ਪ੍ਰੋਫੈਸਰ ਤੀਰਥ ਬਸਰਾ, ਸੁਖਵਿੰਦਰ ਕੌਰ ਅਤੇ ਸੁਨੀਤਾ ਭਾਰਦਵਾਜ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ.

ਬਲਦੇਵ ਰਾਜ ਭਾਰਦਵਾਜ                                                                                                                (ਜਨਰਲ ਸਕੱਤਰ)

 

Previous articlePak seals Iran, Afghan borders over COVID-19 threat
Next articleਕੋਰੋਨਾ ਵਾਇਰਸ : 123 ਦੇਸ਼ਾਂ ਵਿਚ 1 ਲੱਖ 37 ਹਜ਼ਾਰ ਲੋਕ ਪੀੜਤ, 5 ਹਜ਼ਾਰ 77 ਲੋਕਾਂ ਦੀ ਹੋਈ ਮੌਤ