ਸਬ-ਇੰਸਪੈਕਟਰ ਛੇੜਛਾੜ ਦੇ ਦੋਸ਼ ਹੇਠ ਗ੍ਰਿਫ਼ਤਾਰ

ਚੰਡੀਗੜ੍ਹ ਪੁਲੀਸ ਨੇ ਸਥਾਨਕ ਸਿਹਤ ਵਿਭਾਗ ਦੀ ਇਕ ਮਹਿਲਾ ਸਫ਼ਾਈ ਸੇਵਿਕਾ (ਸਵੀਪਰ) ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਹਰਿਆਣਾ ਪੁਲੀਸ ਦੇ ਸਬ-ਇੰਸਪੈਕਟਰ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸਬ-ਇੰਸਪੈਕਟਰ ਸੁਖਵਿੰਦਰ ਪਾਲ ਵਜੋਂ ਹੋਈ ਹੈ। ਉਹ ਪੰਚਕੂਲਾ ਦੇ ਸੈਕਟਰ-5 ਥਾਣੇ ਵਿਚ ਤਾਇਨਾਤ ਹੈ। ਸੁਖਵਿੰਦਰ ਪਾਲ ਇਥੇ ਸੈਕਟਰ 23-ਬੀ ਵਿਚ ਸਰਕਾਰੀ ਕੁਆਰਟਰ ਵਿਚ ਰਹਿੰਦਾ ਹੈ। ਇਸ ਘਟਨਾ ਦਾ ਪਤਾ ਲੱਗਣ ’ਤੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕ੍ਰਿਸ਼ਨ ਚੱਢਾ ਦੀ ਅਗਵਾਈ ਹੇਠ ਸਫਾਈ ਸੇਵਕ ਸੈਕਟਰ-22 ਦੀ ਪੁਲੀਸ ਚੌਕੀ ਮੂਹਰੇ ਇਕੱਠੇ ਹੋ ਗਏ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਫਾਈ ਸੇਵਕ ਆਪਣੀ ਮਹਿਲਾ ਸਾਥਣ ਨਾਲ ਛੇੜਛਾੜ ਕਰਨ ਵਾਲੇ ਸਬ-ਇੰਸਪੈਕਟਰ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਸਨ। ਸਫਾਈ ਸੇਵਕਾਂ ਦੇ ਰੋਸ ਨੂੰ ਦੇਖਦਿਆਂ ਸੈਕਟਰ-17 ਥਾਣੇ ਦੇ ਕਾਰਜਕਾਰੀ ਐੱਸਐਚਓ ਨੀਰਜ ਸਰਨਾ ਮੌਕੇ ’ਤੇ ਪੁੱਜੇ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਨਗਰ ਨਿਗਮ ਦੇ ਮੇਅਰ ਰਾਜ਼ੇਸ ਕਾਲੀਆ ਵੀ ਪੁਲੀਸ ਚੌਕੀ ਪੁੱਜ ਗਏ ਅਤੇ ਮਹਿਲਾ ਸਫਾਈ ਮੁਲਾਜ਼ਮ ਨੂੰ ਮਦਦ ਦਾ ਭਰੋਸਾ ਦਿੱਤਾ। ਮੇਅਰ ਸ੍ਰੀ ਕਾਲੀਆ ਨੇ ਪੁਲੀਸ ਅਧਿਕਾਰੀਆਂ ਨੂੰ ਸਬ-ਇੰਸਪੈਕਟਰ ਵਿਰੁੱਧ ਤੁਰੰਤ ਕੇਸ ਦਰਜ ਕਰਨ ਦੀ ਗੱਲ ਕਹੀ। ਇਸ ਮੌਕੇ ਪੀੜਤ ਸਫਾਈ ਸੇਵਿਕਾ ਨੇ ਦੱਸਿਆ ਕਿ ਉਸ ਦੀ ਡਿਊਟੀ ਸੈਕਟਰ 23-ਬੀ ਵਿਚ ਸੀ। ਉਸ ਨੇ ਦੋਸ਼ ਲਾਇਆ ਕਿ ਦੋ ਮਹੀਨੇ ਪਹਿਲਾਂ ਸਬ ਇੰਸਪੈਕਟਰ ਨੇ ਉਸ ਨੂੰ ਇਹ ਬਹਾਨਾ ਲਾ ਕੇ ਆਪਣੇ ਘਰ ਬੁਲਾਇਆ ਸੀ ਕਿ ਉਸ ਦੀ ਪਤਨੀ ਇਥੇ ਨਹੀਂ ਹੈ ਅਤੇ ਉਹ ਘਰ ਦੇ ਅੰਦਰੋਂ ਵੀ ਸਫਾਈ ਕਰ ਦੇਵੇ। ਪੀੜਤਾ ਅਨੁਸਾਰ ਇਸ ਦੌਰਾਨ ਸਬ-ਇੰਸਪੈਕਟਰ ਨੇ ਮਾੜੀ ਨੀਅਤ ਨਾਲ ਉਸ ਦਾ ਹੱਥ ਫੜ੍ਹ ਲਿਆ ਅਤੇ ਸਰੀਰਕ ਛੇੜਛਾੜ ਕੀਤੀ। ਪੀੜਤਾ ਅਨੁਸਾਰ ਜਦੋਂ ਉਹ ਅੱਜ ਸਬ-ਇੰਸਪੈਕਟਰ ਦੀ ਪਤਨੀ ਕੋਲ ਉਸ ਦੀ ਸ਼ਿਕਾਇਤ ਕਰਨ ਗਈ ਤਾਂ ਉਸ ਨੇ ਵੀ ਉਲਟਾ ਪੁੱਠਾ-ਸਿੱਧਾ ਬੋਲਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਇਸ ਘਟਨਾ ਦਾ ਖੁਲਾਸਾ ਆਪਣੇ ਹੋਰ ਸਾਥੀਆਂ ਕੋਲ ਕੀਤਾ। ਪੁਲੀਸ ਅਧਿਕਾਰੀਆਂ ਨੇ ਸਾਰੀਆਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਸਬ-ਇੰਸਪੈਕਟਰ ਵਿਰੁੱਧ ਧਾਰਾ 354, 354-ਏ ਅਤੇ 509 ਤਹਿਤ ਕੇਸ ਦਰਜ ਕਰਕੇ ਸਬ-ਇੰਸਪੈਕਟਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮੌਕੇ ਪੁਲੀਸ ਹਿਰਾਸਤ ਦੌਰਾਨ ਸਬ-ਇੰਸਪੈਕਟਰ ਨੇ ਦੱਸਿਆ ਕਿ ਉਸ ਉਪਰ ਗਲਤ ਦੋਸ਼ ਲਗਾਏ ਗਏ ਹਨ। ਬਾਅਦ ’ਚ ਸਬ-ਇੰਸਪੈਕਟਰ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।

Previous articleਰਾਜਨਾਥ ਨੇ ਹੈੱਡਕੁਆਰਟਰ ਤੋਂ ਸ਼ੁਰੂ ਕੀਤੇ ਫ਼ੌਜ ’ਚ ਸੁਧਾਰ
Next articleਪਾਣੀ ’ਚ ਘਿਰੇ ਲੋਕਾਂ ਤੱਕ ਪਹੁੰਚਣ ਲਈ ਨਹੀਂ ਮਿਲ ਰਹੀਆਂ ਕਿਸ਼ਤੀਆਂ