ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਪੁਲਵਾਮਾ ਦਹਿਸ਼ਤੀ ਹਮਲੇ ਤੋਂ ਪੰਜ ਦਿਨ ਮਗਰੋਂ ਅੱਜ ਆਪਣੀ ਚੁੱਪੀ ਤੋੜਦਿਆਂ ਭਾਰਤ ਨੂੰ ਯਕੀਨ ਦਿਵਾਇਆ ਕਿ ਜੇਕਰ ਨਵੀਂ ਦਿੱਲੀ ਇਸ ਫਿਦਾਈਨ ਹਮਲੇ ਬਾਰੇ ‘ਕਾਰਵਾਈਯੋਗ ਖੁਫ਼ੀਆ ਜਾਣਕਾਰੀ’ ਉਨ੍ਹਾਂ ਨਾਲ ਸਾਂਝੀ ਕਰਦਾ ਹੈ ਤਾਂ ਉਹ ਪੁਲਵਾਮਾ ਦਹਿਸ਼ਤੀ ਹਮਲੇ ਦੇ ਸਾਜ਼ਿਸ਼ਘਾੜਿਆਂ ਖ਼ਿਲਾਫ਼ ਕਾਰਵਾਈ ਕਰਨਗੇ। ਖ਼ਾਨ ਨੇ ਹਾਲਾਂਕਿ ਵੀਡੀਓ ਸੁਨੇਹੇ ਵਿੱਚ ਚੇਤਾਵਨੀ ਵੀ ਦਿੱਤੀ ਕਿ ਜੇਕਰ ਪਾਕਿਸਤਾਨ ਖ਼ਿਲਾਫ਼ ਕੋਈ ਕਾਰਵਾਈ ਕੀਤੀ ਜਾਂਂਦੀ ਹੈ ਤਾਂ ਇਸ ਦਾ ਢੁੱਕਵਾਂ ਜਵਾਬ ਦਿੱਤਾ ਜਾਵੇਗਾ। ਖ਼ਾਨ ਨੇ ਕਿਹਾ ਕਿ ਉਹ ਭਾਰਤ ਦੇ ਦੋਸ਼ਾਂ ਦਾ ਪਹਿਲਾਂ ਇਸ ਲਈ ਜਵਾਬ ਨਹੀਂ ਦੇ ਸਕੇ ਕਿਉਂਕਿ ਉਹ ਸਾਊਦੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਦੀ ਫੇਰੀ ਵਿੱਚ ਰੁੱਝੇ ਸਨ।
ਕੌਮ ਦੇ ਨਾਂ ਸੁਨੇਹੇ ਤੋਂ ਫ਼ੌਰੀ ਮਗਰੋਂ ਇਮਰਾਨ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ ’ਤੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ ਦੇ ਹੇਠਾਂ ਲਿਖਿਆ ਹੈ ‘ਮੇਰੇ ਮੁਲਕ ਨਾਲ ਆਢਾ ਨਾ ਲਾਇਓ।’
ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਪਾਕਿਸਤਾਨ ਅਧਾਰਿਤ ਜੈਸ਼-ਏ-ਮੁਹੰਮਦ ਵੱਲੋਂ ਕੀਤੇ ਫਿਦਾਈਨ ਹਮਲੇ ਵਿੱਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਮੁਲਕ ਦੇ ਨਾਂ ਜਾਰੀ ਵੀਡੀਓ ਸੁਨੇਹੇ ਵਿੱਚ
ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਖਿੱਤੇ ਵਿੱਚ ਸਥਿਰਤਾ ਦਾ ਹਾਮੀ ਹੈ। ਖ਼ਾਨ ਨੇ ਕਿਹਾ, ‘ਅਸੀਂ ਸਮਝਦੇ ਹਾਂ ਕਿ ਇਸ ਸਾਲ ਭਾਰਤ ਵਿੱਚ ਆਮ ਚੋਣਾਂ ਹੋਣੀਆਂ ਹਨ ਤੇ ਪਾਕਿਸਤਾਨ ’ਤੇ ਇਲਜ਼ਾਮਤਰਾਸ਼ੀ ਕਰਕੇ ਹਜ਼ੂਮ ਤੋਂ ਵੋਟਾਂ ਲੈਣੀਆਂ ਥੋੜ੍ਹੀਆਂ ਸੁਖਾਲੀਆਂ ਹੋ ਜਾਣਗੀਆਂ, ਪਰ ਮੈਂ ਆਸ ਕਰਦਾ ਹਾਂ ਕਿ ਬਿਹਤਰ ਸਮਝ ਵਿਕਸਿਤ ਹੋਵੇਗੀ ਤੇ ਭਾਰਤ ਸੰਵਾਦ ਲਈ ਤਿਆਰ ਹੋ ਜਾਵੇਗਾ।’ ਉਨ੍ਹਾਂ ਕਿਹਾ, ‘ਜਦੋਂ ਵੀ ਕਦੇ ਕਸ਼ਮੀਰ ’ਚ ਕੋਈ ਘਟਨਾ ਵਾਪਰਦੀ ਹੈ ਤਾਂ ਦਿੱਲੀ ਹਰ ਵਾਰ ਇਸ ਦਾ ਦੋਸ਼ ਪਾਕਿਸਤਾਨ ਸਿਰ ਮੜ੍ਹਦਾ ਹੈ ਤੇ ਮੁੜ ਮੁੜ ਪਾਕਿਸਤਾਨ ਨੂੰ ‘ਬਲੀ ਦਾ ਬਕਰਾ’ ਬਣਾਇਆ ਜਾਂਦਾ ਹੈ।’ ਵਜ਼ੀਰੇ ਆਜ਼ਮ ਨੇ ਕਿਹਾ ਕਿ ਅਫ਼ਗ਼ਾਨ ਮੁੱਦੇ ਵਾਂਗ ਕਸ਼ਮੀਰ ਮਸਲਾ ਵੀ ਗੱਲਬਾਤ ਨਾਲ ਹੀ ਹੱਲ ਹੋਵੇਗਾ।
ਇਮਰਾਨ ਨੇ ਕਿਹਾ, ‘ਜੇਕਰ ਤੁਹਾਡੇ ਕੋਲ ਹਮਲੇ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਸਬੰਧੀ ਕਾਰਵਾਈਯੋਗ ਕੋਈ ਸੂਹੀਆ ਜਾਣਕਾਰੀ ਹੈ ਤਾਂ ਉਹ ਸਾਨੂੰ ਦਿੱਤੀ ਜਾਵੇ। ਮੈਂ ਤੁਹਾਨੂੰ ਗਾਰੰਟੀ ਦਿੰਦਾ ਹਾਂ ਕਿ ਅਸੀਂ ਇਸ ’ਤੇ ਕਾਰਵਾਈ ਕਰਾਂਗੇ, ਇਸ ਲਈ ਨਹੀਂ ਕਿ ਸਾਡੇ ’ਤੇ ਕਿਸੇ ਤਰ੍ਹਾਂ ਦਾ ਦਬਾਅ ਹੈ ਬਲਕਿ ਇਸ ਲਈ ਕਿਉਂਕਿ ਉਹ (ਦਹਿਸ਼ਤਗਰਦ) ਪਾਕਿਸਤਾਨ ਦੇ ਵੀ ਦੁਸ਼ਮਣ ਹਨ।’ ਖ਼ਾਨ ਨੇ ਕਿਹਾ, ‘ਮੈਂ ਭਾਰਤੀ ਮੀਡੀਆ ਵਿੱਚ ਸੁਣਿਆ ਤੇ ਵੇਖਿਆ ਹੈ ਕਿ ਸਿਆਸਤਦਾਨ ਪਾਕਿਸਤਾਨ ਤੋਂ ਬਦਲਾ ਲੈਣ ਦੀਆਂ ਗੱਲਾਂ ਆਖ ਰਹੇ ਹਨ। ਜੇਕਰ ਭਾਰਤ ਸੋਚਦਾ ਹੈ ਕਿ ਉਹ ਪਾਕਿਸਤਾਨ ’ਤੇ ਹਮਲਾ ਕਰੇਗਾ, ਤਾਂ ਫ਼ਿਰ ਅਸੀਂ ਸੋਚਾਂਗੇ ਨਹੀਂ ਬਲਕਿ ਇਸ ਦਾ ਜਵਾਬ ਦੇਵਾਂਗੇ।’ ਖ਼ਾਨ ਨੇ ਸਾਫ਼ ਕਰ ਦਿੱਤਾ ਕਿ ਜੰਗ ਸ਼ੁਰੂ ਕਰਨੀ ਸਾਡੇ ਹੱਥ ਹੈ ਤੇ ਇਹ ਬਹੁਤ ਸੌਖਾ ਕੰਮ ਹੈ, ਪਰ ਇਸ ਨੂੰ ਖ਼ਤਮ ਕਰਨਾ ਸਾਡੇ ਹੱਥ ਨਹੀਂ ਤੇ ਕੋਈ ਨਹੀਂ ਜਾਣਦਾ ਕੀ ਵਾਪਰੇਗਾ। ਵਜ਼ੀਰੇ ਆਜ਼ਮ ਨੇ ਕਿਹਾ ਕਿ ਪਾਕਿਸਤਾਨ, ਭਾਰਤ ਨਾਲ ਦਹਿਸ਼ਤਗਰਦੀ ਬਾਰੇ ਗੱਲਬਾਤ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ, ‘ਮੈਂ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਇਹ ਨਵਾਂ ਤੇ ਨਵੀਂ ਸੋਚ ਵਾਲਾ ਪਾਕਿਸਤਾਨ ਹੈ। ਪਾਕਿਸਤਾਨ ਨਾਲ ਸੰਵਾਦ ਮੌਕੇ ਭਾਰਤ ਅਤਿਵਾਦ ਨੂੰ ਗੱਲਬਾਤ ਦਾ ਹਿੱਸਾ ਬਣਾਉਣ ਦੀ ਗੱਲ ਕਰਦਾ ਹੈ। ਇਸ ਖਿੱਤੇ ਵਿੱਚ ਅਤਿਵਾਦ ਵੱਡਾ ਮੁੱਦਾ ਹੈ ਤੇ ਅਸੀਂ ਇਸ ਨੂੰ ਖ਼ਤਮ ਕਰਨਾ ਚਾਹੁੰਦੇ ਹਾਂ। ਜੇਕਰ ਕੋਈ ਦਹਿਸ਼ਤੀ ਹਮਲਿਆਂ ਲਈ ਪਾਕਿਸਤਾਨੀ ਸਰਜ਼ਮੀਂ ਵਰਤਦਾ ਹੈ ਤਾਂ ਇਹ ਸਾਡੇ ਨਾਲ ਦੁਸ਼ਮਣੀ ਵਾਲੀ ਗੱਲ ਹੈ। ਇਹ ਸਾਡੇ ਹਿੱਤਾਂ ਖਿਲਾਫ਼ ਹੈ। ਅਸੀਂ ਪਿਛਲੇ 15 ਸਾਲਾਂ ਤੋਂ ਅਤਿਵਾਦ ਨਾਲ ਲੜ ਰਹੇ ਹਾਂ।’
ਇਸੇ ਦੌਰਾਨ ਪਾਕਿਸਤਾਨ ਦੀ ਸਿਵਲ ਤੇ ਫ਼ੌਜੀ ਲੀਡਰਸ਼ਿਪ ਵੱਲੋਂ ਇਸ ਹਫ਼ਤੇ ਮੀਟਿੰਗ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਦਾਅਵਾ ਇਕ ਮੀਡੀਆ ਰਿਪੋਰਟ ’ਚ ਕੀਤਾ ਗਿਆ ਹੈ। ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਕੌਮੀ ਸੁਰੱਖਿਆ ਤੇ ਵਿਦੇਸ਼ ਨੀਤੀ ਬਾਰੇ ਫੈਸਲੇ ਲੈਣ ਵਾਲੀ ਮੁਲਕ ਦੀ ਸਭ ਤੋਂ ਤਾਕਤੀ ਕੌਮੀ ਸੁਰੱਖਿਆ ਕਮੇਟੀ (ਐਨਐਸਐਸੀ) ਦੀ ਇਸ ਹਫ਼ਤੇ ਮੀਟਿੰਗ ਹੋਵੇਗੀ, ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਰਨਗੇ ਤੇ ਇਸ ਵਿੱਚ ਅਹਿਮ ਸੰਘੀ ਮੰਤਰੀਆਂ ਤੋਂ ਇਲਾਵਾ ਤਿੰਨੋਂ ਸੈਨਾਵਾਂ ਦੇ ਮੁਖੀ ਵੀ ਸ਼ਾਮਲ ਹੋਣਗੇ। ਸੂਤਰਾਂ ਮੁਤਾਬਕ ਇਸ ਉੱਚ ਪੱਧਰੀ ਕਮੇਟੀ ਵੱਲੋਂ ਪੁਲਵਾਮਾ ਹਮਲੇ ਮਗਰੋਂ ਬਣੇ ਹਾਲਾਤ ’ਤੇ ਨਜ਼ਰਸਾਨੀ ਕੀਤੀ ਜਾਵੇਗੀ।
ਪਾਕਿਸਤਾਨ ਨੇ ਦੋਵਾਂ ਮੁਲਕਾਂ ਵਿੱਚ ਵਧਦੇ ਤਣਾਅ ਨੂੰ ਘੱਟ ਕਰਨ ਲਈ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਦਖ਼ਲ ਦੀ ਮੰਗ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਯੂਐਨ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੂੰ ਇਕ ਪੱਤਰ ਲਿਖ ਕੇ ਪੁਲਵਾਮਾ ਹਮਲੇ ਮਗਰੋਂ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਆਈ ਤਲਖੀ ਨੂੰ ਘੱਟ ਕਰਨ ਲਈ ਕਿਹਾ ਹੈ।
ਖ਼ਾਨ ਨੇ ਕਿਹਾ ਕਿ ਵਿਸ਼ਵ ਦਾ ਕਿਹੜਾ ਕਾਨੂੰਨ ਹਰ ਕਿਸੇ ਨੂੰ ਜੱਜ ਤੇ ਜਿਊਰੀ ਬਣਨ ਦੀ ਇਜਾਜ਼ਤ ਦਿੰਦਾ ਹੈ। ਉਨ੍ਹਾਂ ਕਿਹਾ ਕਿ ਕੀ ਭਾਰਤ ਇਸ ਮੁੱਦੇ ਨੂੰ ਫ਼ੌਜ ਦੇ ਸਿਰ ’ਤੇ ਹੱਲ ਕਰਨਾ ਚਾਹੁੰਦਾ ਹੈ?