ਸਬਰ ਤੇ ਕਿਰਤ ਬਣਿਆ ਪੰਜਾਬ ਦੀਆਂ ਧੀਆਂ ਦਾ ਗਹਿਣਾ

ਸੱਤ ਲੱਖ ਰੁਪਏ ਦੇ ਕਰਜ਼ੇ ਹੇਠ ਦੱਬਿਆ ਕਿਸਾਨ ਨਿਰਮਲ ਸਿੰਘ ਖੁਦਕੁਸ਼ੀ ਕਰ ਗਿਆ ਤਾਂ ਉਸ ਦੀ ਵਿਧਵਾ ਰਾਣੀ ਕੌਰ ਜ਼ਿੰਦਗੀ ਨੂੰ ਸ਼ਰੀਕ ਬਣ ਕੇ ਟੱਕਰੀ। ਪਤੀ ਕਰਜ਼ੇ ਤੋਂ ਹਾਰ ਗਿਆ ਤਾਂ ਘਰ ਦੀ ਬਰਕਤ ਚਲੀ ਗਈ ਤੇ ਪੈਲ਼ੀਆਂ ਦੀ ਰੌਣਕ। ਗੋਦ ਵਿੱਚ ਤਿੰਨ ਸਾਲ ਦਾ ਬੱਚਾ ਲਈ ਰਾਣੀ ਕੌਰ ਨੇ ਦੁੱਖਾਂ ਨਾਲ ਟੱਕਰ ਲੈਣ ਦੀ ਠਾਣੀ। ਉਸ ਨੇ ਹਿੰਮਤ ਤੇ ਕਿਰਤ ਕਰਕੇ ਭਾਣੇ ਦੀ ਗੋਡਣੀ ਲਵਾ ਦਿੱਤੀ। ਮਾਨਸਾ ਦੇ ਭੰਮੇ ਕਲਾਂ ਦੀ ਇਸ ਔਰਤ ਨੇ ਘਰ ਨੂੰ ਪੈਰਾਂ ਸਿਰ ਕਰ ਲਿਆ। ਤਾਹੀਓਂ ਇਰਾਦੇ ਬੋਲਦੇ ਹਨ, ‘‘ਅਸੀਂ ਮਰਨਾ ਨਹੀਂ, ਜਿਊਣਾ ਹੈ।’’ ਰਾਣੀ ਕੌਰ ਨੇ ਆਪਣੀ ਵਿਥਿਆ ਸੁਣਾਈ, ‘‘ਡੇਢ ਏਕੜ ਪੈਲੀ, ਸੱਤ ਲੱਖ ਦਾ ਕਰਜ਼, ਪਤੀ ਖ਼ੁਦਕਸ਼ੀ ਕਰ ਗਿਆ, ਬੱਚਾ ਛੋਟਾ ਤੇ ਦੁੱਖ ਵੱਡੇ। ਪੈਰਾਂ ਨੂੰ ਚੱਪਲਾਂ ਕਦੇ ਨਸੀਬ ਨਾ ਹੋਈਆਂ।’’ ਉਸ ਨੇ ਦੱਸਿਆ, ‘‘ਬਾਬੇ ਨਾਨਕ ਨੂੰ ਧਿਆ ਕੇ ਖੁਦ ਪੈਲ਼ੀਆਂ ਵਿਚ ਜਾਣ ਲੱਗੀ। ਜ਼ਮੀਨ ਠੇਕੇ ’ਤੇ ਦੇ ਦਿੱਤੀ, ਮੱਝਾਂ ਰੱਖ ਲਈਆਂ, ਕੱਟਰੂ ਪਾਲ ਕੇ ਵੱਡੇ ਕਰਕੇ ਵੇਚ ਦੇਣੇ। ਕਈ ਵਰ੍ਹੇ ਲੱਗ ਗਏ ਪਰ ਸੰਜਮ ਰੱਖਿਆ ਤੇ ਦਿਨ ਰਾਤ ਮਿਹਨਤ ਕੀਤੀ। ਕਿਸਾਨਾਂ ਦੇ ਖੇਤਾਂ ’ਚ ਦਿਹਾੜੀ ਵੀ ਕੀਤੀ।’’ ਅੱਜ ਰਾਣੀ ਕੌਰ ਦੀ ਕਿਰਤ ਨੂੰ ਭਾਗ ਲੱਗ ਗਏ ਹਨ। ਸਰਕਾਰ ਨੇ ਕੋਈ ਮੁਆਵਜ਼ਾ ਵੀ ਨਹੀਂ ਦਿੱਤਾ ਪਰ ਉਸ ਨੇ ਸਾਰਾ ਕਰਜ਼ਾ ਉਤਾਰ ਦਿੱਤਾ। ਘਰ ਵੀ ਚੰਗਾ ਪਾ ਲਿਆ। ਇਕਲੌਤਾ ਪੁੱਤਰ ਸਤਿਗੁਰ ਲਾਇਕ ਨਿਕਲਿਆ। ਉਹ ਖੁਦ ਠੇਕੇ ’ਤੇ ਪੈਲੀ ਲੈਂਦਾ ਹੈ। ਰਾਣੀ ਕੌਰ ਨੇ ਥੋੜ੍ਹਾ ਅਰਸਾ ਪਹਿਲਾਂ ਹੀ ਪੁੱਤ ਨੂੰ ਮੱਝਾਂ ਦਾ ਦੁੱਧ ਵੇਚ-ਵੇਚ ਕੇ ਟਰੈਕਟਰ ਲੈ ਦਿੱਤਾ।
ਪਿੰਡ ਜੇਠੂਕੇ (ਬਠਿੰਡਾ) ਦੀ ਗੁਰਮੀਤ ਕੌਰ ਦਾ ਕਿਸਾਨ ਪਤੀ ਗੁਰਚਰਨ ਸਿੰਘ ਦੋ ਲੱਖ ਕਰਜ਼ਾ ਛੱਡ ਕੇ ਖੁਦਕੁਸ਼ੀ ਕਰ ਗਿਆ। ਉਸ ਨੇ ਖੱਡੀ ਦਾ ਕੰਮ ਤੋਰਿਆ ਤੇ ਦੋ ਮੱਝਾਂ ਰੱਖ ਲਈਆਂ। ਬੱਚੇ ਵੀ ਪੜ੍ਹ ਗਏ ਤੇ ਕਰਜ਼ ਵੀ ਉਤਾਰ ਦਿੱਤਾ। ਖੱਡੀ ਦਾ ਕੰਮ ਰੁਕਿਆ ਤਾਂ ਸਿਲਾਈ ਦਾ ਕੰਮ ਸ਼ੁਰੂ ਕੀਤਾ। ਘਰ ਬਣਾ ਲਿਆ ਤੇ ਕਿਸੇ ਅੱਗੇ ਹੱਥ ਵੀ ਨਹੀਂ ਅੱਡੇ।
ਹਿੰਮਤ ਅੱਗੇ ਹਥਿਆਰ ਸੁੱਟਦੀ ਤਾਂ ਪਿੰਡ ਚੀਮਾ (ਬਰਨਾਲਾ) ਦੀ ਸ਼ਿੰਦਰ ਕੌਰ ਵੀ ਸਰਕਾਰਾਂ ਦੇ ਮੂੰਹ ਵੱਲ ਵੇਖ ਰਹੀ ਹੁੰਦੀ। ਕਿਸਾਨ ਚੰਦ ਸਿੰਘ ਜਦੋਂ ਖੁਦਕੁਸ਼ੀ ਕਰ ਗਿਆ ਤਾਂ ਸ਼ਿੰਦਰ ਕੌਰ ਦੇ ਸਾਹਮਣੇ ਦੋ ਧੀਆਂ ਤੇ ਇੱਕ ਪੁੱਤ ਦਾ ਭਵਿੱਖ ਸੀ ਅਤੇ ਸਿਰ ’ਤੇ ਡੇਢ ਲੱਖ ਦਾ ਕਰਜ਼। ਉਦੋਂ ਗੁਰਬਤ ਨੇ ਉਸ ਦੇ ਪੈਰ ਉਖਾੜ ਦਿੱਤੇ। ਪੈਲੀ ਵਿਕ ਗਈ। ਉਸ ਨੇ ਫੈਕਟਰੀ ਵਿਚ ਦਿਹਾੜੀ ਕਰਨੀ ਸ਼ੁਰੂ ਕੀਤੀ। ਕਰਜ਼ ਚੁੱਕ ਕੇ ਮੱਝਾਂ ਰੱਖੀਆਂ ਤੇ ਫਿਰ ਦੁੱਧ ਵੇਚ ਵੇਚ ਕੇ ਕਿਸ਼ਤਾਂ ਤਾਰੀਆਂ। ਦੋਵੇਂ ਧੀਆਂ ਨੂੰ ਪੜ੍ਹਾਇਆ ਤੇ ਫਿਰ ਵਿਆਹ ਕੀਤੇ। ਬਿਨਾਂ ਕਿਸੇ ਤੋਂ ਕੁਝ ਵੀ ਮੰਗੇ। ਬੱਸ ਉਸ ਨੂੰ ਆਪਣੇ ਹੱਥਾਂ ’ਤੇ ਮਾਣ ਰਿਹਾ। ਇਕਲੌਤਾ ਲੜਕਾ ਹੁਣ ਪੋਸਟ ਗਰੈਜੂਏਸ਼ਨ ਕਰ ਰਿਹਾ ਹੈ। ਪਿੰਡ ਤਿਉਣਾ ਦੀ ਸੁਖਦੀਪ ਕੌਰ ਦਾ ਪਤੀ ਬਿਮਾਰੀ ਦੀ ਭੇਟ ਚੜ੍ਹ ਗਿਆ। ਦੋ ਕਨਾਲ ਜ਼ਮੀਨ ਵਿਕ ਗਈ। ਇਸ ਮਹਿਲਾ ਨੇ ਖੁਦ ਖੇਤੀ ਕਰਨੀ ਸ਼ੁਰੂ ਕੀਤੀ। ਮੱਝਾਂ ਵੀ ਰੱਖੀਆਂ। ਦੋ ਲੜਕੀਆਂ ਵਿਆਹੀਆਂ ਤੇ ਲੜਕਾ ਫੌਜ ਵਿਚ ਚਲਾ ਗਿਆ। ਕੋਠਾ ਗੁਰੂ ਦੀ ਸੁਖਪ੍ਰੀਤ ਕੌਰ ਦਾ ਪਤੀ ਖੁਦਕੁਸ਼ੀ ਕਰ ਗਿਆ ਤਾਂ ਉਸ ਨੇ ਹਿੰਮਤ ਨਾਲ ਦਿਨ ਬਦਲ ਦਿੱਤੇ ਤੇ ਹੁਣ ਲੜਕੀ ਨੂੰ ਵਿਦੇਸ਼ ਭੇਜਿਆ ਹੈ। ਮਹਿਲਾ ਕਾਰਕੁਨ ਸੁਰਿੰਦਰ ਕੌਰ ਰਾਣੋ (ਢੁੱਡੀਕੇ) ਆਖਦੀ ਹੈ ਕਿ ਵਕਤ ਹੁਣ ਢੇਰੀ ਢਾਹੁਣ ਵਾਲਾ ਨਹੀਂ, ਬੁਲੰਦ ਹੌਸਲੇ ਤੇ ਅਮੀਰ ਵਿਰਸੇ ਤੋਂ ਔਰਤਾਂ ਸੇਧ ਲੈਣ, ਫਿਰ ਕਿਸੇ ਮੂਹਰੇ ਹੱਥ ਅੱਡਣ ਦੀ ਲੋੜ ਨਹੀਂ ਰਹਿਣੀ। ਅਸਲ ਵਿਚ ਇਹ ਔਰਤਾਂ ਚਾਨਣ ਮੁਨਾਰਾ ਹਨ ਜਿਨ੍ਹਾਂ ਦੀ ਹੌਸਲਾ ਅਫ਼ਜ਼ਾਈ ਹੋਣੀ ਚਾਹੀਦੀ ਹੈ, ਜੋ ਮਾਈ ਭਾਗੋ ਦੀਆਂ ਵਾਰਸ ਹਨ।

Previous articleਸਿੱਖ ਕਤਲੇਆਮ ਲਈ ਭੀੜ ਨੂੰ ਉਕਸਾ ਰਿਹਾ ਸੀ ਸੱਜਣ ਕੁਮਾਰ: ਚਾਮ ਕੌਰ
Next articleਜੈਸ਼ ਨੇ ਕਰਵਾਏ ਸਨ ਮੁੰਬਈ ਹਮਲੇ: ਮੁਸ਼ੱਰਫ