ਸਬਰੀਮਾਲਾ ਮੰਦਰ: ਸੁਪਰੀਮ ਕੋਰਟ ਵੱਲੋਂ ਔਰਤਾਂ ਦੇ ਸੁਰੱਖਿਅਤ ਦਾਖਲੇ ਸਬੰਧੀ ਹੁਕਮ ਜਾਰੀ ਕਰਨੋਂ ਨਾਂਹ

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸਬਰੀਮਾਲਾ ਮੰਦਰ ’ਚ ਔਰਤਾਂ ਦੇ ਸੁਰੱਖਿਅਤ ਦਾਖਲੇ ਸਬੰਧੀ ਕੋਈ ਵੀ ਹੁਕਮ ਜਾਰੀ ਕਰਨ ਤੋਂ ਇਨਕਾਰ ਦਿੱਤਾ। ਸੁਪਰੀਮ ਕੋਰਟ ਨੇ ਇਹ ਫ਼ੈਸਲਾ ਦੋ ਮਹਿਲਾ ਕਾਰਕੁਨਾਂ ਵੱਲੋਂ ਸਬਰੀਮਾਲਾ ਮੰਦਰ ’ਚ ਪੁਲੀਸ ਸੁਰੱਖਿਆ ਹੇਠ ਔਰਤਾਂ ਦਾ ਸੁਰੱਖਿਅਤ ਦਾਖਲਾ ਕਰਵਾਉਣ ਲਈ ਕੇਰਲ ਸਰਕਾਰ ਨੂੰ ਹੁਕਮ ਜਾਰੀ ਕਰਨ ਸਬੰਧੀ ਦਾਖਲ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸੁਣਾਇਆ। ਸਰਬਉੱਚ ਅਦਾਲਤ ਨੇ ਕਿਹਾ, ‘ਇਹ ਮੁੱਦਾ ਭਾਵਨਾਤਮਕ ਹੈ ਅਤੇ ਉਹ ਮਾਹੌਲ ਨੂੰ ਭੜਕਾਊ ਨਹੀਂ ਬਣਾਉਣ ਚਾਹੁੰਦੀ।’’ ਚੀਫ਼ ਜਸਟਿਸ ਐੱਸ.ਏ. ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਇਸ ਮਾਮਲੇ ’ਚ ਅੱਜ ਕੋਈ ਹੁਕਮ ਜਾਰੀ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਮਾਮਲਾ ਪਹਿਲਾਂ ਹੀ 7 ਜੱਜਾਂ ਦੇ ਬੈਂਚ ਕੋਲ ਭੇਜਿਆ ਜਾ ਚੁੱਕਾ ਹੈ। ਸੁਪਰੀਮ ਕੋਰਟ ਵੱਲੋਂ ਇਹ ਵੀ ਕਿਹਾ ਗਿਆ ਮਾਮਲੇ ਦੀ ਸੁਣਵਾਈ ਲਈ ਇੱਕ ਵੱਡੇ ਬੈਂਚ ਦਾ ਗਠਨ ਜਲਦੀ ਕਰਨ ਲਈ ਵੀ ਯਤਨ ਕੀਤੇ ਜਾਣੇ ਚਾਹੀਦੇ ਹਨ। ਅਦਾਲਤ ਨੇ ਕਿਹਾ ਕਿ ਬੈਂਚ ਵੱਲੋਂ ਫ਼ੈਸਲਾ ਲਏ ਜਾਣ ਤੱਕ ਕੋਈ ਵੀ ਹੁਕਮ ਨਹੀਂ ਦਿੱਤਾ ਜਾ ਸਕਦਾ ਅਤੇ ਇਸ ਵਿੱਚ ਵੀ ਕੋਈ ਸਮੱਸਿਆ ਨਹੀਂ ਹੈ ਜੇਕਰ ਖੁਸ਼ੀ ਨਾਲ ਮੰਦਰ ’ਚ ਮੱਥਾ ਟੇਕਣ ਲਈ ਔਰਤਾਂ ਦਾ ਸਵਾਗਤ ਕੀਤਾ ਜਾਵੇ। ਬੈਂਚ ਨੇ ਇਹ ਵੀ ਕਿਹਾ ਕੇ ਕਿਸੇ ਵੀ ਉਮਰ ਦੀਆਂ ਔਰਤਾਂ ਦੇ ਮੰਦਰ ਵਿੱਚ ਦਾਖਲੇ ਵਾਲੇ ਫ਼ੈਸਲੇ ’ਤੇ ਵੀ ਕੋਈ ਰੋਕ ਨਹੀਂ ਹੈ।

Previous articleਗਿੱਲਾ ਤੇ ਸੁੱਕਾ ਕੂੜਾ ਵੱਖਰਾ ਚੁੱਕਣ ਸਬੰਧੀ ਸਮਝੌਤੇ ਨੂੰ ਹਰੀ ਝੰਡੀ
Next articleਅਰਥਚਾਰੇ ਨੂੰ ਪੈਰਾਂ-ਸਿਰ ਕਰਨ ਲਈ ਹੋਰ ਕਦਮ ਚੁੱਕੇ ਜਾਣਗੇ: ਸੀਤਾਰਾਮਨ