ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਅੱਜ ਹੋਈ ਮੀਟਿੰਗ ਹੰਗਾਮੇਭਰੀ ਰਹੀ ਜਿਸ ਕਾਰਨ ਮੀਟਿੰਗ ਨੂੰ ਮੁਅੱਤਲ ਕਰ ਦਿੱਤਾ ਗਿਆ। ਮੀਟਿੰਗ ਦੌਰਾਨ ‘ਸਵੱਛਤਾ ਸਰਵੇਖਣ-2019’ ਵਿੱਚ ਸ਼ਹਿਰ ਦੀ ਰੈਕਿੰਗ ਤੀਸਰੇ ਤੋਂ 20ਵੇਂ ਸਥਾਨ ਉੱਤੇ ਆਉਣ ਦੇ ਮਾਮਲੇ ’ਤੇ ਨਿਗਮ ਵਿੱਚ ਹਾਕਮ ਧਿਰ ਦੇ ਕੌਂਸਲਰ ਆਪਸ ਵਿੱਚ ਹੀ ਖਹਿਬੜਦੇ ਰਹੇ। ਇਸ ਮਾਮਲੇ ਸਬੰਧੀ ਚਲ ਰਹੀ ਚਰਚਾ ਉਸ ਵੇਲੇ ਬਹਿਸ ਵਿੱਚ ਬਦਲ ਗਈ ਜਦੋਂ ਭਾਜਪਾ ਦੇ ਬਾਗੀ ਕੌਂਸਲਰ ਸਤੀਸ਼ ਕੈਂਥ ਨੇ ਸਫਾਈ ਰੈਕਿੰਗ ਵਿੱਚ ਗਿਰਾਵਟ ਦੀ ਵਜ੍ਹਾ ਜਾਨਣ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਡੰਪਿੰਗ ਗਰਾਊਂਡ ਵਿੱਚ ਸੁਧਾਰ ਅਤੇ ਸ਼ਹਿਰ ਵਾਸੀਆਂ ਨੂੰ 24 ਘੰਟੇ ਜਲ ਸਪਲਾਈ ਨੂੰ ਲੈ ਕੇ ਕੀਤੇ ਗਏ ਵਾਅਦਿਆਂ ਬਾਰੇ ਸਟੇਟਸ ਰਿਪੋਰਟ ਨੂੰ ਆਧਾਰ ਬਣਾ ਕੇ ਮੇਅਰ ਨਾਲ ਸਵਾਲ-ਜਵਾਬ ਕਰਨ ਦੀ ਕੋਸ਼ਿਸ਼ ਕੀਤੀ। ਇਸ ਪੂਰੀ ਚਰਚਾ ਵਿੱਚ ਸ਼ਹਿਰ ਦੀ ਸਫਾਈ ਦਾ ਮਾਮਲਾ ਭਖਿਆ ਰਿਹਾ। ਹੰਗਾਮਾ ਵਧਦਾ ਦੇਖ ਕੇ ਨਿਗਮ ਦੇ ਵਧੀਕ ਕਮਿਸ਼ਨਰ ਅਨਿਲ ਗਰਗ ਨੇ ਕੌਂਸਲਰਾਂ ਨੂੰ ਕਿਹਾ ਕਿ ਉਸ ਚੋਣ ਜ਼ਾਬਤੇ ਦਾ ਉਲੰਘਣਾ ਕਰ ਰਹੇ ਹਨ। ਹੰਗਾਮਾ ਸਮਾਪਤ ਨਾ ਹੁੰਦੇ ਦੇਖ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ। ਅੱਜ ਦੀ ਮੀਟਿੰਗ ਦੌਰਾਨ ਇਕ ਵਾਰ ਫੇਰ ਭਾਜਪਾ ਦੀ ਆਪਸੀ ਗੁੱਟਬਾਜ਼ੀ ਸਾਹਮਣੇ ਆਈ। ਮੀਟਿਗਾਂ ਦੌਰਾਨ ਸ਼ਹਿਰ ਦੀ ਸਫਾਈ ਮਾਮਲੇ ਨੂੰ ਲੈ ਕੇ ਕੌਂਸਲਰ ਅਰੁਣ ਸੂਦ ਅਤੇ ਦੇਵੇਸ਼ ਮੋਦਗਿਲ ਆਪਸ ਵਿੱਚ ਖਹਿਬੜ ਪਏ। ਚੋਣ ਜ਼ਾਬਤੇ ਕਾਰਨ ਮੀਟਿੰਗ ਵਿੱਚ ਵਿਕਾਸ ਕਾਰਜਾਂ ਸਬੰਧੀ ਕੋਈ ਏਜੇਂਡਾ ਨਹੀਂ ਲਿਆਇਆ ਗਿਆ ਸੀ। ਜਦੋਂ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਬਿਆਨ ਦਿੱਤਾ ਕਿ ਜੇ ਸ਼ਹਿਰ ਵਿੱਚ ਸਫਾਈ ਸੇਵਕਾਂ ਦੀ ਹੜਤਾਲ ਨਾ ਹੁੰਦੀ ਤਾਂ ਸਫਾਈ ਦੇ ਮਾਮਲੇ ਵਿੱਚ ਚੰਡੀਗੜ੍ਹ ਅੱਵਲ ਆਉਂਦਾ। ਕਮਿਸ਼ਨਰ ਦੇ ਇਸ ਬਿਆਨ ’ਤੇ ਕੌਂਸਲਰ ਅਰੁਣ ਸੂਦ ਭੜਕ ਗਏ। ਸਾਬਕਾ ਮੇਅਰ ਦੇਵੇਸ਼ ਮੋਦਗਿਲ ਦੀ ਵੀ ਸਫਾਈ ਸੇਵਕਾਂ ਦੀ ਹੜਤਾਲ ਨੂੰ ਲੈਕੇ ਮੇਅਰ ਰਾਜੇਸ਼ ਕਾਲੀਆ ਨਾਲ ਬਹਿਜ਼ਬਾਜ਼ੀ ਹੋਈ। ਉਨਾਂ ਦੋਸ਼ ਲਗਾਇਆ ਕਿ ਨਿਗਮ ਦੇ ਕੁੱਝ ਕੌਂਸਲਰਾਂ ਦੇ ਅੜੀਅਲ ਵਤੀਰੇ ਕਾਰਨ ਸ਼ਹਿਰ ਦੀ ਸਫਾਈ ਦਾ ਮਾੜਾ ਹਾਲ ਹੋਇਆ ਹੈ। ਇਸੇ ਦੌਰਾਨ ਕੌਂਸਲਰ ਦਵਿੰਦਰ ਸਿੰਘ ਬਬਲਾ ਨੇ ਚੋਣ ਜ਼ਾਬਤੇ ਦੌਰਾਨ ਸ਼ਹਿਰ ਦੇ ਕਮਿਊਨਿਟੀ ਸੈਂਟਰਾਂ ਵਿੱਚ ਸਿਆਸੀ ਬੈਠਕਾਂ ਕਾਰਨ ਮੁਅੱਤਲ ਕੀਤੇ ਗਏ ਨਿਗਮ ਦੇ ਮੁਲਾਜ਼ਮਾਂ ਦੀ ਗੱਲ ਵੀ ਚੁੱਕੀ। ਉਨ੍ਹਾਂ ਕਿਹਾ ਕੇ ਇਸ ਮਾਮਲੇ ਵਿੱਚ ਬੇਕਸੂਰ ਮੁਲਾਜ਼ਮ ਮੁਅੱਤਲ ਕੀਤੇ ਹਨ।
INDIA ਸਫ਼ਾਈ ਰੈਂਕਿੰਗ ’ਚ ਨਿਘਾਰ ਦਾ ਮਾਮਲਾ ਨਿਗਮ ਮੀਟਿੰਗ ’ਚ ਗੂੰਜਿਆ