ਚੰਡੀਗੜ੍ਹ ਪ੍ਰਸ਼ਾਸਨ ‘ਸਵੱਛ ਭਾਰਤ ਸਰਵੇਖਣ 2019’ ਨੂੰ ਲੈ ਕੇ ਸਫ਼ਾਈ ਦੇ ਮਾਮਲੇ ’ਚ ਸ਼ਹਿਰ ਦੀ ਵਿਗੜੀ ਹੋਈ ਰੈਂਕਿੰਗ ਨੂੰ ਸੁਧਾਰਨ ਲਈ ਪੱਬਾਂ ਭਾਰ ਹੈ। ਨਗਰ ਨਿਗਮ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਸਫ਼ਾਈ ਪ੍ਰਬੰਧਾਂ ਨੂੰ ਸੁਧਾਰਨ ਲਈ ਉਪਰਾਲੇ ਤਾਂ ਕੀਤੇ ਜਾ ਰਹੇ ਹਨ ਪਰ ਸ਼ਹਿਰ ਦੀਆਂ ਗਲੀਆਂ ਤੋਂ ਲੈ ਕੇ ਡੱਡੂ ਮਾਜਰਾ ਸਥਿਤ ਡੰਪਿੰਗ ਗਰਾਊਂਡ ਤੱਕ ਬੇਕਾਬੂ ਹੋਏ ਸ਼ਹਿਰ ਦੇ ਕੂੜੇ ਦੇ ਢੇਰ ਦੇਖ ਕੇ ਲੱਗ ਰਿਹਾ ਹੈ ਕਿ ਇਹ ਉਪਰਾਲੇ ਨਾਕਾਮ ਸਾਬਤ ਹੋ ਰਹੇ। ਸ਼ਹਿਰ ਦੇ ਸਫ਼ਾਈ ਪ੍ਰਬੰਧਾਂ ਵਿੱਚ ਮਹੱਤਵਪੂਰਨ ਨਗਰ ਨਿਗਮ ਸ਼ਹਿਰ ਦੇ ਕੂੜੇ ਨੂੰ ਸਰੋਤ ਪੱਧਰ ਤੋਂ ਹੀ ਗਿੱਲਾ ਤੇ ਸੁੱਕਾ ਕਰਨ ਦੀ ਯੋਜਨਾ ਨੂੰ ਵੀ ਪੂਰੀ ਤਰ੍ਹਾਂ ਲਾਗੂ ਕਰਨ ਵਿੱਚ ਅਸਫਲ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਫਿਲਹਾਲ ਨਗਰ ਨਿਗਮ ਵੱਲੋਂ ਘਰਾਂ ਤੋਂ ਨਿਕਲਣ ਵਾਲੇ 30 ਫ਼ੀਸਦੀ ਕੂੜੇ ਨੂੰ ਹੀ ਸਰੋਤ ਪੱਧਰ ’ਤੇ ਗਿੱਲਾ ਤੇ ਸੁੱਕਾ ਇਕੱਤਰ ਕੀਤਾ ਜਾ ਰਿਹਾ ਹੈ। ਬਾਕੀ ਦਾ 70 ਫ਼ੀਸਦੀ ਰਲਿਆ ਮਿਲਿਆ ਕੂੜਾ ਡੰਪਿੰਗ ਗਰਾਊਂਡ ਪਹੁੰਚਾਇਆ ਜਾ ਰਿਹਾ ਹੈ। ਨਗਰ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਲੰਘੇ ਦਿਨੀਂ ਨਿਗਮ ਦੀ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਕਿ ਸ਼ਹਿਰ ’ਚ ਘਰੋਂ-ਘਰੀਂ ਕੂੜਾ ਇਕੱਤਰ ਕਰਨ ਵਾਲੇ ਸਫ਼ਾਈ ਸੇਵਕਾਂ ਨੇ ਨਿਗਮ ਦੀ ਯੋਜਨਾ ਅਨੁਸਾਰ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ ਵੱਖ ਇਕੱਤਰ ਕਰਨ ਲਈ ਡਬਲ ਕੂੜੇਦਾਨ ਵਾਲੀਆਂ ਗੱਡੀਆਂ ਰਾਹੀਂ ਕੂੜਾ ਚੁੱਕਣ ਤੋਂ ਇਨਕਾਰ ਕਰ ਦਿੱਤਾ ਹੈ। ਨਿਗਮ ਕਮਿਸ਼ਨਰ ਨੇ ਦੱਸਿਆ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨਜੀਟੀ) ਦੇ ਹੁਕਮਾਂ ਅਨੁਸਾਰ ਦੋ ਸਾਲ ਪਹਿਲਾਂ 2017 ਵਿੱਚ ਕੂੜੇ ਦਾ ਸਰੋਤ ਪੱਧਰ ਤੋਂ ਹੀ ਵੱਖ ਵੱਖ ਕਰਨ ਦੀ ਯੋਜਨਾ ਸ਼ੁਰੂ ਕੀਤੀ ਜਾਣੀ ਸੀ, ਪਰ ਇਹ ਯੋਜਨਾ ਇਸ ਸਾਲ 11 ਅਕਤੂਬਰ ਤੋਂ ਸ਼ੁਰੂ ਕੀਤੀ ਗਈ ਹੈ, ਉਹ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕੀ। ਨਿਗਮ ਨੇ ਇਸ ਯੋਜਨਾ ਅਨੁਸਾਰ ਨਿਗਮ ਨੇ ਸ਼ਹਿਰ ਕੂੜੇ ਨੂੰ ਸਰੋਤ ਪੱਧਰ ਤੋਂ ਹੀ ਗਿੱਲਾ ਤੇ ਸੁੱਕਾ ਕੂੜਾ ਇਕੱਤਰ ਕਰਨ ਲਈ ਡਬਲ ਕੂੜੇ ਦਾਨ ਦੇ ਵਿਵਸਥਾ ਵਾਲੇ ਵਾਹਨਾਂ ਦੇ ਪ੍ਰਬੰਧ ਦੇ ਬਾਵਜੂਦ ਘਰ ਘਰ ਤੋਂ ਕੂੜਾ ਇਕੱਤਰ ਕਰਨ ਵਾਲੇ ਆਪਣੀਆਂ ਰੇਹੜੀਆਂ ਨਾਲ ਹੀ ਕੂੜਾ ਇਕੱਤਰ ਕਰਨ ਦੇ ਅੜੇ ਹੋਏ ਹਨ।ਪਿਛਲੇ ਸਾਲ ਦੇਸ਼ ਦਾ ਸਭ ਤੋਂ ਸੁੰਦਰ ਸ਼ਹਿਰ ਐਲਾਨੇ ਗਏ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੇ ਸਫ਼ਾਈ ਪ੍ਰਬੰਧਾਂ ਬਾਰੇ ਅਧਿਐਨ ਕਰਨ ਗਏ ਚੰਡੀਗੜ੍ਹ ਨਗਰ ਨਿਗਮ ਦੇ ਕੌਸਲਰਾਂ ਦਾ ਕਹਿਣਾ ਹੈ ਕਿ ਸਫਾਈ ਦੇ ਮਾਮਲੇ ਵਿੱਚ ਇੰਦੌਰ ਸ਼ਹਿਰ ਚੰਡੀਗੜ੍ਹ ਤੋਂ ਕਿਤੇ ਪਿੱਛੇ ਹੈ। ਉਥੋਂ ਦੀਆਂ ਖੁੱਲ੍ਹੀਆਂ ਨਾਲੀਆਂ, ਜਨਤਕ ਪਖਾਨਿਆਂ ਦੀ ਘਾਟ ਆਦਿ ਦੀ ਇੱਕ ਵੱਡੀ ਸਮੱਸਿਆ ਹੈ ਪਰ ਸਰੋਤ ਪੱਧਰ ਤੋਂ ਹੀ ਗਿੱਲਾ ਤੇ ਸੁੱਕਾ ਕੂੜਾ ਇਕੱਤਰ ਕਰਨ ਵਿੱਚ ਇਹ ਸ਼ਹਿਰ ਸਭ ਤੋਂ ਅੱਗੇ ਹੈ। ਚੰਡੀਗੜ੍ਹ ਨਗਰ ਨਿਗਮ ਦੇ ਸੈਨੀਟੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਸਰੋਤ ਪੱਧਰ ’ਤੇ ਕੂੜਾ ਵੱਖ ਵੱਖ ਇਕੱਤਰ ਕਰਨ ਵਿੱਚ ਚੰਡੀਗੜ੍ਹ ਦੇ ਪਿੰਡਾਂ ਵਿੱਚ ਕਰੀਬ 85 ਫ਼ੀਸਦੀ ਕੂੜੇ ਨੂੰ ਵੱਖ ਵੱਖ ਇਕੱਤਰ ਕੀਤਾ ਜਾ ਰਿਹਾ ਹੈ। ਨਗਰ ਨਿਗਮ ਕੌਂਸਲਰ ਤੇ ਸਾਬਕਾ ਮੇਅਰ ਦਵੇਸ਼ ਮੌਦਗਿਲ ਦਾ ਕਹਿੰਣਾ ਹੈ ਕਿ ਜੇ ਸ਼ਹਿਰ ’ਚ ਕੂੜਾ ਇਕੱਤਰ ਕਰਨ ਵਾਲੇ ਸਫ਼ਾਈ ਸੇਵਕਾਂ ਨੇ ਨਿਯਮਾਂ ਅਨੁਸਾਰ ਤਿਆਰ ਕੀਤੇ ਵਾਹਨਾਂ ਰਾਹੀਂ ਕੂੜਾ ਇਕਤੱਰ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਤਾਂ ਨਗਰ ਨਿਗਮ ਨੂੰ ਇਹ ਵਿਵਸਥਾ ਆਪਣੇ ਹੱਥ ਵਿੱਚ ਲੈ ਲੈਣੀ ਚਾਹੀਦੀ ਹੈ।
INDIA ਸਫ਼ਾਈ ਪ੍ਰਬੰਧ: ਚੰਡੀਗੜ੍ਹ ਦਾ ਦਰਜਾ ਸੁਧਰਨ ਦੇ ਆਸਾਰ ਮੱਧਮ