ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜ ਬੱਬਰ ਵੱਲੋਂ ਪਾਰਟੀ ’ਚ ਸ਼ਾਮਲ ਹੋਣ ਦਾ ਸਵਾਗਤ ਕਰਨ ਦੇ ਕੁਝ ਘੰਟਿਆਂ ਅੰਦਰ ਹੀ ਹਰਿਆਣਵੀ ਗਾਇਕਾ ਅਤੇ ਡਾਂਸਰ ਸਪਨਾ ਚੌਧਰੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉਹ ਕਾਂਗਰਸ ਪਾਰਟੀ ’ਚ ਸ਼ਾਮਲ ਨਹੀਂ ਹੋਈ ਹੈ। ਉਸ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਉਸ ਦੀਆਂ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਪੁਰਾਣੀਆਂ ਤਸਵੀਰਾਂ ਨੂੰ ਵਰਤਿਆ। ਜ਼ਿਕਰਯੋਗ ਹੈ ਕਿ ਰਾਜ ਬੱਬਰ ਨੇ ਸ਼ਨਿਚਰਵਾਰ ਰਾਤ ਨੂੰ ਸਪਨਾ ਚੌਧਰੀ ਦਾ ਪਾਰਟੀ ’ਚ ਸਵਾਗਤ ਕਰਦਿਆਂ ਟਵਿੱਟਰ ’ਤੇ ਉਸ ਦੀ ਪ੍ਰਿਯੰਕਾ ਨਾਲ ਤਸਵੀਰ ਨੂੰ ਸਾਂਝਾ ਕੀਤਾ ਸੀ। ਸਪਨਾ ਚੌਧਰੀ ਨੇ ਕਿਹਾ ਕਿ ਉਹ ਲੋਕ ਸਭਾ ਚੋਣਾਂ ਦੌਰਾਨ ਕਿਸੇ ਵੀ ਪਾਰਟੀ ਲਈ ਪ੍ਰਚਾਰ ਨਹੀਂ ਕਰੇਗੀ। ਜਦੋਂ ਰਿਪੋਰਟਰਾਂ ਨੇ ਉਸ ਦੀਆਂ ਕਾਂਗਰਸ ਮੈਂਬਰਸ਼ਿਪ ਵਾਲੇ ਫਾਰਮ ਦੀਆਂ ਤਸਵੀਰਾਂ ਬਾਰੇ ਸਵਾਲ ਕੀਤਾ ਤਾਂ ਸਪਨਾ ਨੇ ਕਿਹਾ ਕਿ ਜੇਕਰ ਉਸ ਦੀ ਪੁਰਾਣੀ ਇੰਟਰਵਿਊ ਨੂੰ ਦਿਖਾਇਆ ਜਾ ਸਕਦਾ ਹੈ ਤਾਂ ਪੁਰਾਣੀਆਂ ਤਸਵੀਰਾਂ ਵੀ ਦਿਖਾਈਆਂ ਜਾ ਸਕਦੀਆਂ ਹਨ। ਸੂਤਰਾਂ ਮੁਤਾਬਕ ਸਪਨਾ ਚੌਧਰੀ ਮਥੁਰਾ ਤੋਂ ਚੋਣ ਲੜਨ ਦੀ ਇਛੁੱਕ ਸੀ ਜਿਥੋਂ ਭਾਜਪਾ ਨੇ ਬੌਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨੂੰ ਮੈਦਾਨ ’ਚ ਉਤਾਰਿਆ ਹੈ। ਉਂਜ ਕਾਂਗਰਸ ਨੇ ਸ਼ਨਿਚਰਵਾਰ ਰਾਤ ਨੂੰ ਆਪਣੇ ਉਮੀਦਵਾਰਾਂ ਦੀ ਅੱਠਵੀਂ ਸੂਚੀ ’ਚ ਮਹੇਸ਼ ਪਾਠਕ ਨੂੰ ਮਥੁਰਾ ਤੋਂ ਟਿਕਟ ਦਿੱਤੀ ਹੈ।
INDIA ਸਪਨਾ ਨੇ ਕਾਂਗਰਸ ਦਾ ‘ਸੁਫਨਾ’ ਤੋੜਿਆ