ਸਨਮਾਨ ਤੋਂ ਵਾਂਝੀਆਂ ਨਰਸਾਂ ਵੱਲੋਂ ਪ੍ਰਦਰਸ਼ਨ

ਪਟਿਆਲਾ (ਸਮਾਜਵੀਕਲੀ) – ਇਥੋਂ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਕਰੋਨਾ ਵਾਰਡ ਵਿੱਚ ਡਿਊਟੀ ਦੇ ਰਹੇ ਨਰਸਿੰਗ ਸਟਾਫ਼ ਨੇ ਅੱਜ ਨਿਵੇਕਲੇ ਢੰਗ ਨਾਲ ਰੋਸ ਪ੍ਰਗਟ ਕੀਤਾ ਕਿਉਂਕਿ ਪਿਛਲੇ ਦਿਨੀਂ ਸੈਨਾ ਵੱਲੋਂ ਇੱਥੇ ਆ ਕੇ ਡਾਕਟਰਾਂ ਅਤੇ ਸਿਹਤ ਅਮਲੇ ਦੇ ਕੀਤੇ ਗਏ ਸਨਮਾਨ ਦੌਰਾਨ ਨਰਸਿੰਗ ਸਟਾਫ਼ ਨੂੰ ਅਧਿਕਾਰੀਆਂ ਵੱਲੋਂ ਇਸ ਸਨਮਾਨ ਸਮਾਗਮ ਵਿੱਚ ਸ਼ਾਮਲ ਹੋਣ ਲਈ ਕੋਈ ਸੱਦਾ ਪੱਤਰ ਨਹੀਂ ਸੀ ਦਿੱਤਾ ਗਿਆ, ਜਿਸ ਕਰਕੇ ਨਰਸਿੰਗ ਸਟਾਫ਼ ਵਿੱਚ ਰੋਸ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਕਰੋਨਾ ਵਾਰਡ ਵਿੱਚ ਉਹ ਡਿਊਟੀ ਦੇ ਰਹੀਆਂ ਹਨ, ਜਦਕਿ ਸਨਮਾਨ ਮੌਕੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਅੱਜ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਸਾਹਮਣੇ ਇਕੱਤਰ ਹੋਏ ਸਮੁੱਚੇ ਨਰਸਿੰਗ ਸਟਾਫ ਨੇ ਪਹਿਲਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਫਿਰ ਨਰਸਿੰਗ ਸਟਾਫ ਐਸੋਸੀਏਸ਼ਨ ਦੀ ਸੂਬਾ ਪ੍ਰਧਾਨ ਕਰਮਜੀਤ ਕੌਰ ਔਲਖ ਨੇ ਸਮੂਹ ਨਰਸਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ।

ਇਸੇ ਦੌਰਾਨ ਸੂਬਾ ਪ੍ਰਧਾਨ ਕਰਮਜੀਤ ਕੌਰ ਔਲਖ ਨੇ ਐਲਾਨ ਕੀਤਾ ਕਿ ਜੇ 12 ਮਈ ਤੱਕ ਕੰਟਰੈਕਟਰ ਔਰਤ ਨਰਸਿੰਗ ਸਟਾਫ਼ ਨੂੰ ਰੈਗੂਲਰ ਨਾ ਕੀਤਾ ਗਿਆ, ਪਿਛਲੇ ਸਾਲ ਰੈਗੂਲਰ ਕੀਤੇ ਗਏ ਨਰਸਿੰਗ ਸਟਾਫ ਦਾ ਪਰਖ ਕਾਲ ਦੋ ਸਾਲ ਤੋਂ ਘਟਾ ਕੇ ਇੱਕ ਸਾਲ ਕਰਕੇ ਉਨ੍ਹਾਂ ਨੂੰ ਪੂਰੀ ਤਨਖਾਹ ਨਾ ਦਿੱਤੀ ਜਾਣ ਲੱਗੀ ਤਾਂ ਉਹ 13 ਮਈ ਤੋਂ ਹੜਤਾਲ ‘ਤੇ ਚਲੇ ਜਾਣਗੇ।

Previous articleਸ਼ਰਾਬ ਦੇ ਠੇਕੇ ਖੋਲ੍ਹਣ ਖ਼ਿਲਾਫ਼ ਔਰਤਾਂ ਵੱਲੋਂ ਪ੍ਰਦਰਸ਼ਨ
Next articleਬੌਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਦਾ ਚਾਚਾ ਲੁੱਟਿਆ