ਬੰਗਲੁਰੂ (ਸਮਾਜਵੀਕਲੀ) : ਕਾਂਗਰਸ ਦੇ ਸੀਨੀਅਰ ਆਗੂ ਸਲਮਾਨ ਖੁਰਸ਼ੀਦ ਨੇ ਅੱਜ ਰਾਜਸਥਾਨ ਦੇ ਸਿਆਸੀ ਸੰਕਟ ਦੇ ਹੱਲ ਲਈ ਸਨਮਾਨਤ ਤਰੀਕਾ ਅਪਣਾਉਣ ਦੀ ਵਕਾਲਤ ਕੀਤੀ। ਉਹ ਸਚਿਨ ਪਾਇਲਟ ਨਾਲ ਤਾਲਮੇਲ ਬਿਠਾਉਣ ਦੇ ਪੱਖ ’ਚ ਵੀ ਦਿਖਾਈ ਦਿੱਤੇ। ਖੁਰਸ਼ੀਦ ਨੇ ਕਿਹਾ ਕਿ ਉਹ ਰਾਜਸਥਾਨ ’ਚ ਬਣੀ ਸਥਿਤੀ ਤੋਂ ਕਾਫੀ ਨਿਰਾਸ਼ ਹਨ।
ਪਾਇਲਟ ਨੂੰ ਪਾਰਟੀ ’ਚ ਵਾਪਸ ਲੈਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਦੇ ਕਿਸੇ ਵੀ ਨੇਤਾ ਨੂੰ, ਜੋ ਪਾਰਟੀ ’ਚ ਵਾਪਸ ਆਉਣਾ ਚਾਹੁੰਦਾ ਹੈ, ਦੀ ਵਾਪਸੀ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਬਕਾ ਕੇਂਦਰੀ ਮੰਤਰੀ ਨੇ ਇੱਕ ਇੰਟਰਵਿਊ ਦੌਰਾਨ ਕਿਹਾ, ‘ਮੈਨੂੰ ਲੱਗਦਾ ਹੈ ਕਿ ਕਾਂਗਰਸ ਨੂੰ ਟੁੱਟਣਾ ਤੇ ਖਿੰਡਣਾ ਨਹੀਂ ਚਾਹੀਦਾ। ਜੇਕਰ ਲੋਕ ਖੁਦ ’ਤੇ ਵਿਚਾਰ ਕਰਦੇ ਹਨ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਪਾਰਟੀ ਨੂੰ ਇੱਕਜੁੱਟ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।’
ਉਨ੍ਹਾਂ ਕਿਹਾ, ‘ਮੈਨੂੰ ਰਾਜਸਥਾਨ ਦੇ ਸਿਆਸੀ ਸੰਕਟ ਬਾਰੇ ਮੌਜੂਦਾ ਹਾਲਾਤ ਦੀ ਜਾਣਕਾਰੀ ਨਹੀਂ ਹੈ ਪਰ ਜੇਕਰ ਸਨਮਾਨ ਨਾਲ ਕੁਝ ਕੀਤਾ ਜਾ ਸਕਦਾ ਹੈ ਤਾਂ ਕਿਸੇ ਨੂੰ ਕੋਈ ਇਤਰਾਜ਼ ਕਿਉਂ ਹੋਵੇਗਾ।’