(ਸਮਾਜ ਵੀਕਲੀ)
ਸਦਾ ਜੋ ਮੇਰੇ ਕੋਲੋਂ ਲੰਘ ਜਾਂਦਾ ਹੈ ਹਵਾ ਵਾਂਗੂੰ ,
ਇਬਾਦਤ ਉਸ ਦੀ ਮੈਂ ਯਾਰੋ , ਕਰਾਂ ਕਿੱਦਾਂ ਖ਼ੁਦਾ ਵਾਂਗੂੰ ?
ਮੇਰੇ ਦਿਲ ਤੋਂ ਮਣਾਂ ਮੂੰਹੀਂ ਉਦੋਂ ਲਹਿ ਭਾਰ ਜਾਂਦਾ ਹੈ ,
ਮੇਰੇ ਦੋ ਨੈਣ ਜਦ ਵਰ੍ਹ ਪੈਂਦੇ ਨੇ ਕਾਲੀ ਘਟਾ ਵਾਂਗੂੰ ?
ਕਿਸੇ ਦੇ ਦੁੱਖ ਨੂੰ ਸੁਣ ਕੇ ਹੀ ਮੈਨੂੰ ਚੈਨ ਮਿਲਦਾ ਹੈ ,
ਭਲਾ ਤੈਨੂੰ ਇਹ ਕਿਉਂ ਹੈ ਜਾਪਦਾ ਮੇਰੀ ਖ਼ਤਾ ਵਾਂਗੂੰ ?
ਲਿਆਵਾਂਗਾ ਬਿਨਾਂ ਤੇਰੇ ਵੀ ਇਸ ਵਿਚ ਖੇੜੇ ਤੇ ਖ਼ੁਸ਼ੀਆਂ ,
ਭਲਾ ਮੈਂ ਕਿਉਂ ਗੁਜ਼ਾਰਾਂ ਜ਼ਿੰਦਗੀ ਆਪਣੀ ਸਜ਼ਾ ਵਾਂਗੂੰ ?
ਮੇਰੇ ਤੇ ਆਪਣੇ ਵਿਚਲੇ ਰਿਸ਼ਤੇ ਨੁੰ ਹੁਣ ਸਮਝੇ ਉਹ ਟੁੱਟਿਆ ,
ਮੈਂ ਜਿਸ ਨੂੰ ਮਿਲ ਰਿਹਾ ਹਾਂ ਕਾਫ਼ੀ ਅਰਸੇ ਤੋਂ ਭਰਾ ਵਾਂਗੂੰ ।
ਜ਼ਰੂਰਤ ਪੈਣ ਤੇ ਹੀ ਉਹ ਉਨ੍ਹਾਂ ਨੂੰ ਚੇਤੇ ਆਂਦੇ ਨੇ ,
ਪਿਤਾ-ਮਾਤਾ ਨੁੰ ਪੁੱਤਰ ਸਮਝਦੇ ਨੇ ਹੁਣ ਖ਼ੁਦਾ ਵਾਂਗੂੰ ।
ਕਰਾਂ ਕੀ ਦੋਸਤੋ ਮੈਂ ਸਿਫ਼ਤ ਸ਼ਰਬਤ ਵਰਗੇ ਬੋਲਾਂ ਦੀ ,
ਇਨ੍ਹਾਂ ਦਾ ਰੋਗੀ ਤੇ ਅਕਸਰ ਅਸਰ ਹੋਵੇ ਦਵਾ ਵਾਂਗੂੰ ।
ਮਹਿੰਦਰ ਸਿੰਘ ਮਾਨ
9915803554