* ਅਧੀਰ ਰੰਜਨ ਚੌਧਰੀ ਵੱਲੋਂ ਵਾਦੀ ਦਾ ਦੌਰਾ ਕਰਨ ਵਾਲੇ ਯੂਰੋਪੀ ਸੰਸਦ ਮੈਂਬਰ ‘ਭਾੜੇ ਦੇ ਟੱਟੂ’ ਕਰਾਰ
ਨਵੀਂ ਦਿੱਲੀ- ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਅੱਜ ਲੋਕ ਸਭਾ ਵਿੱਚ ਖਾਸਾ ਰੌਲਾ-ਰੱਪਾ ਪਿਆ। ਕਾਂਗਰਸ ਤੇ ਹੋਰਨਾਂ ਵਿਰੋਧੀ ਪਾਰਟੀਆਂ ਨੇ ਸਦਨ ’ਚੋਂ ਨੈਸ਼ਨਲ ਕਾਨਫਰੰਸ ਆਗੂ ਫਾਰੂਕ ਅਬਦੁੱਲਾ ਦੀ ਗੈਰ-ਮੌਜੂਦਗੀ ਸਮੇਤ ਹੋਰ ਕਈ ਮੁੱਦਿਆਂ ’ਤੇ ਸਰਕਾਰ ਨੂੰ ਘੇਰਿਆ। ਕਾਂਗਰਸ ਦੇ ਅਧੀਰ ਰੰਜਨ ਚੌਧਰੀ ਨੇ ਵਾਦੀ ਦਾ ਦੌਰਾ ਕਰਨ ਵਾਲੇ ਯੂਰੋਪੀ ਸੰਸਦ ਦੇ ਮੈਂਬਰਾਂ ਨੂੰ ‘ਭਾੜੇ ਦੇ ਟੱਟੂ’ ਦੱਸ ਕੇ ਮੋਦੀ ਸਰਕਾਰ ਨੂੰ ਰੱਜ ਕੇ ਭੰਡਿਆ।
ਚਾਰ ਸੰਸਦ ਮੈਂਬਰਾਂ ਨੂੰ ਹਲਫ਼ ਦਿਵਾਉਣ ਅਤੇ ਪਿਛਲੇ ਕੁਝ ਮਹੀਨਿਆਂ ਦੌਰਾਨ ਫੌਤ ਹੋਏ ਦੋਵਾਂ ਸਦਨਾਂ ਨਾਲ ਸਬੰਧਤ ਮੈਂਬਰਾਂ ਨੂੰ ਸ਼ਰਧਾਂਜਲੀਆਂ ਦੇਣ ਮਗਰੋਂ ਜਿਉਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਵੱਖ ਵੱਖ ਮੁੱਦਿਆਂ ’ਤੇ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ। ਪ੍ਰਸ਼ਨ ਕਾਲ ਦੌਰਾਨ ਕਾਂਗਰਸ ਨਾਲ ਸਬੰਧਤ 30 ਮੈਂਬਰ ਸਦਨ ਦੇ ਐਨ ਵਿਚਾਲੇ ਆ ਗਏ ਤੇ ਉਨ੍ਹਾਂ ਵਿਰੋਧੀ ਧਿਰ ਨੂੰ ਫਰਜ਼ੀ ਕੇਸਾਂ ਜ਼ਰੀਏ ਨਿਸ਼ਾਨਾ ਬਣਾਉਣ ਲਈ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਿਰੋਧੀ ਧਿਰ ਨੇ ਲੋਕ ਸਭਾ ਮੈਂਬਰ ਫ਼ਾਰੂਕ ਅਬਦੁੱਲਾ ਦੀ ਹਿਰਾਸਤ ਨੂੰ ਗੈਰਕਾਨੂੰਨੀ ਦੱਸਿਆ। ਸਦਨ ਵਿੱਚ ਕਾਂਗਰਸ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਰਾਹੁਲ ਗਾਂਧੀ ਸਮੇਤ ਹੋੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਜੰਮੂ ਤੇ ਕਸ਼ਮੀਰ ਦੀ ਫੇਰੀ ਤੋਂ ਡੱਕਣ ਤੇ ਯੂਰੋਪੀ ਸੰਘ ਨਾਲ ਸਬੰਧਤ ਸੰਸਦ ਮੈਂਬਰਾਂ ਨੂੰ ਕਸ਼ਮੀਰ ਵਾਦੀ ਦਾ ਦੌਰਾ ਕਰਵਾਉਣ ਜਿਹੇ ਮੁੱਦਿਆਂ ’ਤੇ ਮੋਦੀ ਸਰਕਾਰ ਨੂੰ ਭੰਡਿਆ। ਚੌਧਰੀ ਨੇ ਕਿਹਾ, ‘ਸਾਡੇ ਆਗੂ ਰਾਹੁਲ ਗਾਂਧੀ ਨੂੰ ਜੰਮੂ ਤੇ ਕਸ਼ਮੀਰ ਜਾਣ ਤੋਂ ਰੋਕਿਆ ਗਿਆ, ਕਈ ਹੋਰਨਾਂ ਸੰਸਦ ਮੈਂਬਰਾਂ ਨੂੰ ਮੋੜਿਆ ਗਿਆ….ਜਦੋਂਕਿ ਯੂਰੋਪ ਤੋਂ ਲਿਆਂਦੇ ‘ਭਾੜੇ ਦੇ ਟੱਟੂਆਂ’ ਨੂੰ ਵਾਦੀ ਲਿਜਾਇਆ ਗਿਆ। ਇਹ ਸਾਰੇ ਸੰਸਦ ਮੈਂਬਰਾਂ ਦੀ ਬੇਇੱਜ਼ਤੀ ਹੈ।’ ਚੌਧਰੀ ਨੇ ਕਿਹਾ ਕਿ (ਫਾਰੂਕ) ਅਬਦੁੱਲਾ ਪਿਛਲੇ 106 ਦਿਨਾਂ ਤੋਂ ਹਿਰਾਸਤ ਵਿੱਚ ਹਨ ਤੇ ਸਰਦ ਰੁੱਤ ਇਜਲਾਸ ਵਿੱਚ ਸ਼ਾਮਲ ਹੋਣਾ ਉਨ੍ਹਾਂ ਦਾ ਸੰਵਿਧਾਨਕ ਹੱਕ ਹੈ। ਚੌਧਰੀ ਨੇ ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਗਾਂਧੀ ਪਰਿਵਾਰ ਤੋਂ ਐੱਸਪੀਜੀ ਸੁਰੱਖਿਆ ਵਾਪਸ ਲਏ ਜਾਣ ਦਾ ਮੁੱਦਾ ਵੀ ਉਭਾਰਿਆ।
ਡੀਐੱਮਕੇ ਆਗੂ ਟੀ.ਆਰ.ਬਾਲੂ ਨੇ ਇਸ ਮੁੱਦੇ (ਅਬਦੁੱਲਾ ਦੀ ਗੈਰਹਾਜ਼ਰੀ) ’ਤੇ ਸਪੀਕਰ ਓਮ ਬਿਰਲਾ ਤੋਂ ਦਖ਼ਲ ਦੀ ਮੰਗ ਕਰਦਿਆਂ ਕਿਹਾ ਕਿ ਉਹ ਇਸ ਸਦਨ ਦੇ ਨਿਗਰਾਨ ਹਨ, ਲਿਹਾਜ਼ਾ ਉਹ ਹਰ ਮੈਂਬਰ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ। ਨੈਸ਼ਨਲ ਕਾਨਫਰੰਸ ਦੇ ਹਸਨੈਨ ਮਸੂਦੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨਿਆਂਇਕ ਹਿਰਾਸਤ ਵਿੱਚ ਨਹੀਂ ਬਲਕਿ ਇਹਤਿਆਤੀ ਹਿਰਾਸਤ ਵਿੱਚ ਹਨ ਤੇ ਸਪੀਕਰ ਦੇ ਹੁਕਮਾਂ ਨਾਲ ਇਸ ਫੈਸਲੇ ਨੂੰ ਵਾਪਸ ਲਿਆ ਜਾ ਸਕਦਾ ਹੈ। ਆਰਐੱਸਪੀ ਆਗੂ ਐੱਨ.ਕੇ.ਪ੍ਰੇਮਚੰਦਰਨ ਨੇ ਕਿਹਾ, ‘ਫਾਰੂਕ ਅਬਦੁਲਾ ਸਦਨ ਵਿੱਚ ਮੌਜੂਦ ਨਹੀਂ ਹਨ। ਸਦਨ ਦੇ ਕਈ ਮੈਂਬਰ ਗੈਰਹਾਜ਼ਰ ਹਨ। ਲਿਹਾਜ਼ਾ ਮੈਂ ਕੋਈ ਸਵਾਲ ਪੁੱਛਣ ਦੀ ਸਥਿਤੀ ਵਿੱਚ ਨਹੀਂ ਹਾਂ।’ ਭਾਜਪਾ ਦੇ ਪੁਰਾਣੇ ਭਾਈਵਾਲਾਂ ’ਚੋਂ ਇਕ ਸ਼ਿਵ ਸੈਨਾ ਨੇ ਵੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਕਿਸਾਨਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ। ਮਗਰੋਂ ਪਾਰਟੀ ਮੈਂਬਰ ਸਦਨ ’ਚੋਂ ਵਾਕਆਊਟ ਕਰ ਗਏ। ਡੀਐੱਮਕੇ ਮੈਂਬਰਾਂ ਨੇ ਵੀ ਆਪਣੀਆਂ ਸੀਟਾਂ ’ਤੇ ਖੜ੍ਹ ਕੇ ਨਾਅਰੇਬਾਜ਼ੀ ਕੀਤੀ। ਸਪੀਕਰ ਓਮ ਬਿਰਲਾ ਨੇ ਹਾਲਾਂਕਿ ਮੈਂਬਰਾਂ ਨੂੰ ਯਕੀਨ ਦਿਵਾਇਆ ਕਿ ਉਹ ਹਰ ਮੁੱਦੇ ’ਤੇ ਚਰਚਾ ਲਈ ਤਿਆਰ ਹਨ। ਉਂਜ ਪ੍ਰਸ਼ਨ ਕਾਲ ਦੌਰਾਨ ਪਏ ਰੌਲੇ-ਰੱਪੇ ਵਿੱਚ ਹੀ ਸੱਤ ਸਵਾਲਾਂ ਤੇ ਸਬੰਧਤ ਸਪਲੀਮੈਂਟਰੀਜ਼ ਨੂੰ ਸੂਚੀ ’ਤੇ ਲਿਆ ਗਿਆ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵੀ ਰੋਹ ’ਚ ਆਏ ਮੈਂਬਰਾਂ ਨੂੰ ਮਨਾਉਣ ਲਈ ਅਪੀਲ ਕੀਤੀ। ਉਂਜ ਜਿਨ੍ਹਾਂ ਚਾਰ ਸੰਸਦ ਮੈਂਬਰਾਂ ਨੇ ਅੱਜ ਸਹੁੰ ਚੁੱਕੀ ਉਨ੍ਹਾਂ ਵਿੱਚ ਪ੍ਰਿੰਸ ਰਾਜ (ਐੱਲਜੇਪੀ), ਹਿਮਾਦਰੀ ਸਿੰਘ (ਭਾਜਪਾ), ਸ੍ਰੀਨਿਵਾਸ ਦਾਦਾਸਾਹਿਬ ਪਾਟਿਲ (ਐੱਨਸੀਪੀ) ਤੇ ਡੀ.ਐੱਮ.ਕਾਥਿਰ ਆਨੰਦ (ਡੀਐੱਮਕੇ) ਸ਼ਾਮਲ ਹਨ। ਸਦਨ ਨੇ ਸਾਬਕਾ ਕੇਂਦਰੀ ਮੰਤਰੀਆਂ ਅਰੁਣ ਜੇਤਲੀ, ਸੁਸ਼ਮਾ ਸਵਰਾਜ ਤੇ ਰਾਮ ਜੇਠਮਲਾਨੀ ਸਮੇਤ ਦਸ ਮੈਂਬਰਾਂ ਨੂੰ ਯਾਦ ਕਰਦਿਆਂ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਕੁਝ ਮਿੰਟਾਂ ਦਾ ਮੌਨ ਰੱਖਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਦਨ ਵਿੱਚ ਮੌਜੂਦ ਨਹੀਂ ਸਨ।