ਸਤਲੁਜ ਵਿੱਚ ਪਾਣੀ ਦਾ ਪੱਧਰ ਵਧਿਆ, ਹੜ੍ਹ ਵਰਗੀ ਸਥਿਤੀ ਬਣੀ

ਅੱਧੀ ਦਰਜਨ ਪਿੰਡ ਖਾਲੀ ਕਰਨ ਦਾ ਆਦੇਸ਼, ਡੀਸੀ ਤੇ ਵਿਧਾਇਕ ਨੇ ਧੁੱਸੀ ਬੰਨ੍ਹ ਦਾ ਲਿਆ ਜਾਇਜ਼ਾ, ਚਾਰੇ ਪਾਸੇ ਹੋਈ ਜਲਥਲ

ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹਾਂ ਦੀ ਸਥਿਤੀ ਬਣ ਗਈ ਹੈ। ਨਾਲ ਲੱਗਦੇ ਪਿੰਡਾਂ ਦੇ ਲੋਕਾਂ ’ਚ ਦਹਿਸ਼ਤ ਹੈ। ਧਰਮਕੋਟ ’ਚ ਸਤਲੁਜ ਦਰਿਆ ਨਾਲ ਲੱਗਦੇ ਤਕਰੀਬਨ ਡੇਢ ਦਰਜਨ ਪਿੰਡਾਂ ਦੀ ਤਕਰੀਬਨ 50 ਹਜ਼ਾਰ ਏਕੜ ਫ਼ਸਲ ਪਾਣੀ ’ਚ ਡੁੱਬ ਗਈ ਹੈ। ਸਤਲੁੱਜ ’ਚ ਕੱਲ੍ਹ ਤੋਂ ਹੁਣ ਤੱਕ 2 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ ਅਤੇ ਦੇਰ ਰਾਤ ਤੱਕ ਜਲ ਦਾ ਪੱਧਰ ਹੋਰ ਵੱਧ ਸਕਦਾ ਹੈ। ਡਿਪਟੀ ਕਮਿਸ਼ਨਰ ਸੰਦੀਪ ਹੰਸ, ਐੱਸਡੀਐੱਮ ਧਰਮਕੋਟ ਨਰਿੰਦਰ ਸਿੰਘ ਧਾਲੀਵਾਲ ਅਤੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਧੁੱਸੀ ਬੰਨ੍ਹ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਹਰ ਸੰਭਵ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਲੋੜ ਪੈਣ ’ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ, ਖਾਣਾ, ਪਸ਼ੂ ਚਾਰਾ ਤੇ ਹੋਰ ਖਾਣ ਪੀਣ ਦੀਆਂ, ਜ਼ਰੂਰੀ ਵਸਤਾਂ ਦੇ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਤੇ ਸਮੁੱਚਾ ਅਮਲਾ ਚੌਵੀ ਘੰਟੇ ਮੌਜੂਦ ਹੈ ਤੇ ਲੋੜ ਪੈਣ ’ਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਹੜ੍ਹਾਂ ਦੇ ਮਾਮਲੇ ਵਿੱਚ ਪੂਰੀ ਮੁਸਤੈਦੀ ਵਰਤਦਿਆਂ ਫਲੱਡ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਇਥੇ ਬੰਨ੍ਹ ਉੱਤੇ ਤਾਇਨਾਤ ਤਹਿਸੀਲਦਾਰ ਪਵਨ ਕੁਮਾਰ ਗੁਲਾਟੀ ਤੇ ਨਾਇਬ ਤਹਿਸੀਲਦਾਰ ਮਨਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਸੰਘੇੜਾ, ਕੰਬੋਖੁਰਦ ਤੇ ਮੇਹਰੂਵਾਲਾ ਆਦਿ ਪਿੰਡਾਂ ਨੂੰ ਖਾਲੀ ਕਰਨ ਲਈ ਕਹਿ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀਆਂ ਟੀਮਾਂ, ਕਿਸ਼ਤੀਆਂ, ਤਰਪਾਲਾਂ ਤੋਂ ਇਲਾਵਾ ਫ਼ਤਿਹਗੜ੍ਹ ਪੰਜਤੂਰ,ਪਿੰਡ ਖੰਬੇ, ਧਰਮਕੋਟ ਤੇ ਕਿਸ਼ਨਪੁਰਾ ਕਲਾਂ ’ਚ ਰਾਹਤ ਕੈਂਪ ਬਣਾਉਣ ਲਈ ਪ੍ਰਬੰਧ ਕੀਤੇ ਗਏ ਹਨ। ਹਿਮਾਚਲ ਪ੍ਰਦੇਸ਼ ਦੇ ਉਪਰਲੇ ਇਲਾਕਿਆਂ ਵਿੱਚ ਹੋ ਰਹੀ ਭਾਰੀ ਬਾਰਸ਼ ਕਰ ਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੇ ਡੈਮਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸਥਿਤੀ ਕੰਟਰੋਲ ਵਿੱਚ ਹੈ ਪਰ ਖ਼ਤਰੇ ਨੂੰ ਦੇਖਦਿਆਂ ਅਲਰਟ ਜਾਰੀ ਕੀਤਾ ਗਿਆ ਹੈ। ਡੀਐੱਸਪੀ ਯਾਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੁਲੀਸ ਪੂਰੀ ਤਰ੍ਹਾਂ ਚੌਕਸ ਹੈ। ਅਕਾਲੀ ਦਲ ਦੇ ਸੀਨੀਅਰ ਉੱਪ ਪ੍ਰਧਾਨ ਤੇ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਵੀ ਧੁੱਸੀ ਬੰਨ੍ਹ ਦਾ ਦੌਰਾ ਕਰ ਕੇ ਸਥਿੱਤੀ ਦਾ ਜਾਇਜਾ ਲਿਆ। ਕਿਸਾਨ ਦਿਲਬਾਗ ਸਿੰਘ ਆਦਿ ਨੇ ਦੱਸਿਆ ਕਿ ਡੇਢ ਦਰਜਨ ਪਿੰਡਾਂ ਸੰਘੇੜਾ, ਬੰਡਾਲਾ, ਮੰਦਰ ਕਲਾਂ, ਕੰਬੋ ਕਲਾਂ, ਕੰਬੋ ਖੁਰਦ, ਭੋਡੀਵਾਲਾ, ਦੌਲੇਵਾਲਾ, ਭੈਣੀ, ਬੱਗੇ, ਮੇਲਕ, ਸ਼ੇਰੇ ਵਾਲਾ, ਸ਼ੇਰਪੁਰ ਤਾਇਬਾਂ ਆਦਿ ਪਿੰਡਾਂ ’ਚ ਤਕਰੀਬਨ 50 ਹਜ਼ਾਰ ਏਕੜ ਫ਼ਸਲ ਪਾਣੀ ’ਚ ਡੁੱਬ ਗਈ ਹੈ। ਜ਼ਮੀਨਾਂ ਨੂੰ ਘਾਰਾਂ ਪੈ ਰਹੀਆਂ ਹਨ।

Previous articleਜੇਤਲੀ ਦੀ ਸਿਹਤ ਦਾ ਹਾਲ ਜਾਨਣ ਲਈ ਅਨੇਕਾਂ ਆਗੂ ਏਮਜ਼ ਪੁੱਜੇ
Next articleਅੱਧੀ ਰਾਤ ਪਰਿਵਾਰ ਸਮੇਤ ਪਾਣੀ ’ਚ ਫਸੇ ਜੱਜ