ਫ਼ਿਰੋਜ਼ਪੁਰ ਵਿੱਚ ਸੋਮਵਾਰ ਸ਼ਾਮੀਂ ਸਤਲੁਜ ਦਰਿਆ ਵਿੱਚ ਬੇੜੀ ਡੁੱਬਣ ਨਾਲ ਤਿੰਨ ਜਣਿਆਂ ਦੀ ਮੌਤ ਹੋ ਗਈ ਜਦਕਿ ਪੰਜ ਜਣੇ ਵਾਲ-ਵਾਲ ਬਚ ਗਏ। ਮਰਨ ਵਾਲੇ ਤਿੰਨੋਂ ਜਣੇ ਇੱਕੋ ਪਰਿਵਾਰ ਦੇ ਦੱਸੇ ਜਾਂਦੇ ਹਨ। ਮ੍ਰਿਤਕਾਂ ਦੀ ਪਛਾਣ ਜਸਪਾਲ ਸਿੰਘ (17) ਪੁੱਤਰ ਜੋਗਿੰਦਰ ਸਿੰਘ, ਉਸ ਦੀ ਭੈਣ ਸੋਨੀਆ (19) ਅਤੇ ਸੰਜਨਾ(10) ਪੁੱਤਰੀ ਰਣਜੀਤ ਸਿੰਘ ਵਾਸੀ ਪਿੰਡ ਚਾਂਦੀ ਵਾਲਾ ਵਜੋਂ ਹੋਈ ਹੈ। ਇਹ ਹਾਦਸਾ ਸਰਹੱਦੀ ਪਿੰਡ ਮਹਿਤਾਬ ਵਾਲੇ ਝੁੱਗੇ ਕੋਲ ਸ਼ਾਮ ਪੰਜ ਵਜੇ ਦੇ ਕਰੀਬ ਵਾਪਰਿਆ। ਦੱਸਿਆ ਜਾਂਦਾ ਹੈ ਕਿ ਹਾਦਸੇ ਵੇਲੇ ਇਹ ਸਾਰੇ ਜਣੇ ਦਰਿਆ ਤੋਂ ਪਾਰਲੇ ਖੇਤਾਂ ਵਿਚ ਝੋਨਾ ਲਾ ਕੇ ਘਰ ਪਰਤ ਰਹੇ ਸਨ। ਜਦੋਂ ਉਹ ਦਰਿਆ ਦੇ ਵਿਚਕਾਰ ਪੁੱਜੇ ਤਾਂ ਅਚਾਨਕ ਹਨ੍ਹੇਰੀ ਆ ਗਈ ਜਿਸ ਕਰ ਕੇ ਬੇੜੀ ਪਲਟ ਗਈ। ਬੇੜੀ ਵਿਚ ਸਵਾਰ ਪੰਜ ਜਣਿਆਂ ਨੂੰ ਲੋਕਾਂ ਨੇ ਦਰਿਆ ਵਿੱਚੋਂ ਬਾਹਰ ਕੱਢ ਲਿਆ। ਇਨ੍ਹਾਂ ਵਿੱਚ ਜਸਵੰਤ ਕੌਰ (15) ਪੁੱਤਰੀ ਜੋਗਿੰਦਰ ਸਿੰਘ, ਸਰੋਜ ਰਾਣੀ (23) ਪੁੱਤਰੀ ਸੰਤਾ ਸਿੰਘ, ਤਾਰਾ ਸਿੰਘ (32) ਪੁੱਤਰ ਸੰਤਾ ਸਿੰਘ, ਜੈਸਮੀਨ ਕੌਰ (5) ਪੁੱਤਰੀ ਕਾਲਾ ਸਿੰਘ ਅਤੇ ਪ੍ਰਵੀਨ ਰਾਣੀ (3) ਪੁੱਤਰੀ ਦਰਬਾਰਾ ਸਿੰਘ ਸ਼ਾਮਲ ਹਨ। ਇਲਾਕੇ ਦੇ ਲੋਕਾਂ ਨੇ ਖ਼ੁਦ ਬੱਚਿਆਂ ਨੂੰ ਦਰਿਆ ਵਿੱਚੋਂ ਬਾਹਰ ਕੱਢਿਆ। ਕਾਫ਼ੀ ਦੇਰ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪੁੱਜੇ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਇਸ ਘਟਨਾ ’ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
INDIA ਸਤਲੁਜ ਦਰਿਆ ’ਚ ਬੇੜੀ ਡੁੱਬੀ, ਤਿੰਨ ਮੌਤਾਂ