ਇਥੋਂ ਸੈਕਟਰ-17 ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਲੋਕਲ ਬ੍ਰਾਂਚ ਦੇ ਬਿਜਲੀ ਪੈਨਲ ਵਿਚ ਸਪਾਰਕਿੰਗ ਕਾਰਨ ਅੱਜ ਇਮਾਰਤ ਦੀ ਤੀਸਰੀ ਮੰਜ਼ਿਲ ਵਿੱਚ ਅੱਗ ਲੱਗ ਗਈ। ਇਹ ਘਟਨਾ ਐੱਸਸੀਓ ਨੰਬਰ-125,126 ਵਿਚ ਵਾਪਰੀ। ਘਟਨਾ ਵੇਲੇ ਇਮਾਰਤ ਵਿਚ 20 ਕਰਮਚਾਰੀ ਕੰਮ ਕਰ ਰਹੇ ਸਨ। ਅੱਗ ਦੇ ਫੈਲਦਿਆਂ ਹੀ ਇਮਾਰਤ ਵਿਚ ਧੂੰਆਂ ਫੈਲ ਗਿਆ, ਜਿਸ ਕਾਰਨ ਕਰਮਚਾਰੀਆਂ ਨੂੰ ਸਾਹ ਲੈਣ ਵੇਲੇ ਦਿੱਕਤਾਂ ਆਉਣ ਲੱਗ ਪਈਆਂ। ਇਸ ਦੌਰਾਨ ਐੱਸਬੀਆਈ ਦੇ ਇਕ ਕਰਮਚਾਰੀ ਨੇ ਆਪਣੀ ਜਾਨ ਬਚਾਉਣ ਲਈ ਤੀਸਰੀ ਮੰਜ਼ਿਲ ਤੋਂ ਦੂਸਰੀ ਮੰਜ਼ਿਲ ’ਤੇ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਫਾਇਰ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਹ ਘਟਨਾ ਸ਼ਾਮ ਨੂੰ ਉਸ ਵੇਲੇ ਵਾਪਰੀ ਜਦੋਂ ਮੁਲਾਜ਼ਮ ਛੁੱਟੀ ਕਰਕੇ ਘਰ ਜਾਣ ਦੀ ਤਿਆਰੀ ਕਰ ਰਹੇ ਸਨ। ਇਮਾਰਤ ਦੀ ਪਹਿਲੀ ਮੰਜ਼ਿਲ ਦੇ ਦਫ਼ਤਰ ਵਿਚ ਵੀ ਕਰਮਚਾਰੀ ਕੰਮ ਕਰ ਰਹੇ ਸਨ। ਇਹ ਘਟਨਾ ਸ਼ਾਮ ਕਰੀਬ 4:35 ’ਤੇ ਬਿਜਲਈ ਪੈਨਲ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਵਾਪਰੀ। ਇਹ ਪੈਨਲ ਇਮਾਰਤ ਦੀਆਂ ਪੌੜੀਆਂ ਵਿਚ ਸਥਿਤ ਸੀ, ਜਿਸ ਕਾਰਨ ਅੱਗ ਦਾ ਧੂੰਆਂ ਪੂਰੀ ਬਿਲਡਿੰਗ ਵਿਚ ਫੈਲ ਗਿਆ। ਅੱਗ ਲੱਗਣ ਦੀ ਘਟਨਾ ਬਾਰੇ ਸੂਚਨਾ ਫਾਇਰ ਬ੍ਰਿਗੇਡ ਦੇ ਹੈੱਡਕੁਆਰਟਰ ਵਿਚ ਦਿੱਤੀ ਗਈ। ਇਮਾਰਤ ਦੀ ਤੀਸਰੀ ਮੰਜ਼ਿਲ ’ਤੇ 20 ਕਰਮਚਾਰੀਆਂ ਦੇ ਫਸੇ ਹੋਣ ਦੀ ਸੂਚਨਾ ਜਦੋਂ ਫਾਇਰ ਬ੍ਰਿਗੇਡ ਨੂੰ ਮਿਲੀ ਤਾਂ ਫਾਇਰ ਕਰਮਚਾਰੀ ਤੁਰੰਤ ਹਰਕਰ ਵਿਚ ਆਏ। ਜਿਸ ਜਗ੍ਹਾ ’ਤੇ ਅੱਗ ਲੱਗੀ ਸੀ, ਉਥੋਂ ਨੇੜਲੇ ਕਮਰਿਆਂ ’ਚੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਸੀ। ਇਸ ਮਗਰੋਂ ਫਾਇਰ ਅਫ਼ਸਰ ਜਗਤਾਰ ਸਿੰਘ ਸੰਧੂ ਨੇ ਅੱਗ ਬੁਝਾਉਣ ਦੀ ਕਾਰਵਾਈ ਨੂੰ ਆਪਣੀ ਨਿਗਰਾਨੀ ਹੇਠ ਲਿਆ ਅਤੇ ਫਾਇਰ ਬ੍ਰਿਗੇਡ ਨੇ ਪੌੜੀਆਂ ਦੀ ਸਹਾਇਤਾ ਨਾਲ 20 ਕਰਮਚਾਰੀਆਂ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ। ਫਾਇਰ ਬ੍ਰਿਗੇਡ ਦੀ ਇਸ ਕਾਰਵਾਈ ਦੌਰਾਨ ਤਨਾਅ ਵਿਚ ਆਏ ਐੱਸਬੀਆਈ ਦੇ ਕਰਮਚਾਰੀ ਹਿਮਾਂਸ਼ੂ ਨੇ ਖਿੜਕੀ ਤੋਂ ਹੇਠਾਂ ਛਾਲ ਮਾਰ ਦਿੱਤੀ। ਉਹ ਤੀਸਰੀ ਮੰਜ਼ਿਲ ਤੋਂ ਡਿੱਗ ਕੇ ਦੂਸਰੀ ਮੰਜ਼ਿਲ ਦੇ ਛੱਜੇ ’ਤੇ ਜਾ ਫਸਿਆ ਅਤੇ ਜ਼ਖ਼ਮੀ ਹੋ ਗਿਆ। ਉਸ ਦੇ ਸਿਰ ਸਮੇਤ ਸਰੀਰ ਦੇ ਹੋਰਨਾਂ ਹਿੱਸਿਆਂ ’ਤੇ ਸੱਟਾਂ ਲੱਗੀਆਂ। ਉਸ ਨੂੰ ਦੂਸਰੀ ਮੰਜ਼ਿਲ ਤੋਂ ਹੇਠਾਂ ਉਤਾਰ ਕੇ ਚੰਡੀਗੜ੍ਹ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਬਾਅਦ ਵਿੱਚ ਉਸ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਰੈਫਰ ਕਰ ਦਿੱਤਾ ਗਿਆ।
INDIA ਸਟੇਟ ਬੈਂਕ ਦੀ ਸੈਕਟਰ-17 ਸਥਿਤ ਬਰਾਂਚ ’ਚ ਅੱਗ ਲੱਗੀ