ਸਜ਼ਾ ਦਾ ਡਰਾਵਾ ਦੇ ਕੇ ਸਾਨੂੰ ਖਾਮੋਸ਼ ਨਹੀਂ ਕੀਤਾ ਜਾ ਸਕਦਾ: ਮਹਿਬੂਬਾ

ਸ੍ਰੀਨਗਰ  (ਸਮਾਜ ਵੀਕਲੀ):  ਹੈਦਰਪੋਰਾ ਮੁਕਾਬਲੇ ਦੀ ਜਾਂਚ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਬਾਰੇ ਵਿਸ਼ੇਸ਼ ਜਾਂਚ ਟੀਮ ਵੱਲੋਂ ਸਿਆਸੀ ਆਗੂਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਦਿੱਤੀ ਧਮਕੀ ਦੇ ਹਵਾਲੇ ਨਾਲ ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਆਗੂ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ‘ਡਰਾ ਧਮਕਾ ਕੇ ਸਾਨੂੰ ਖਾਮੋਸ਼ ਨਹੀਂ ਕੀਤਾ ਜਾ ਸਕਦਾ ਤੇ ਅਜਿਹੇ ਡਰਾਵੇ ਕੰਮ ਨਹੀਂ ਆਉਣੇ।’ ਚੇਤੇ ਰਹੇ ਕਿ 15 ਨਵੰਬਰ ਨੂੰ ਹੈਦਰਪੋਰਾ ਵਿੱਚ ਹੋਏ ਮੁਕਾਬਲੇ ਦੌਰਾਨ ਇਕ ਪਾਕਿਸਤਾਨੀ ਦਹਿਸ਼ਤਗਰਦ ਤੇ ਤਿੰਨ ਹੋਰ ਵਿਅਕਤੀ ਮਾਰੇ ਗਏ ਸਨ। ਪੁਲੀਸ ਨੇ ਉਸ ਮੌਕੇ ਦਾਅਵਾ ਕੀਤਾ ਸੀ ਕਿ ਮਾਰੇ ਗਏ ਵਿਅਕਤੀਆਂ ਦਾ ਦਹਿਸ਼ਤਗਰਦਾਂ ਨਾਲ ਸਬੰਧ ਸੀ। ਹਾਲਾਂਕਿ ਪੀੜਤ ਪਰਿਵਾਰਾਂ ਨੇ ਦਾਅਵਾ ਕੀਤਾ ਸੀ ਕਿ ਤਿੰਨੇ ਨੌਜਵਾਨ ਬੇਕਸੂਰ ਹਨ, ਜਿਸ ਕਰਕੇ ਮੁਕਾਬਲੇ ਦੀ ਜਾਂਚ ਲਈ ਜੰਮੂ ਕਸ਼ਮੀਰ ਪੁਲੀਸ ਵੱਲੋਂ ‘ਸਿਟ’ ਗਠਿਤ ਕੀਤੀ ਗਈ ਸੀ।

ਉਪ ਰਾਜਪਾਲ ਮਨੋਜ ਸਿਨਹਾ ਨੇ ਮੈਜਿਸਟਰੇਟੀ ਜਾਂਚ ਦੇ ਵੱਖਰੇ ਤੌਰ ’ਤੇ ਹੁਕਮ ਕੀਤੇ ਸਨ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਇਕ ਟਵੀਟ ਵਿੱਚ ਕਿਹਾ, ‘‘ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਸਿਟ ਦੀ ਜਾਂਚ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਮਹਿਜ਼ ਅਫ਼ਵਾਹਾਂ ਨਹੀਂ ਹਨ। ਅਸਲ ਵਿੱਚ ਇਹ ਤੱਥ ਆਧਾਰਿਤ ਹਨ। ਸੱਚ ਸਾਹਮਣੇ ਆਉਣ ਮਗਰੋਂ ਪ੍ਰਸ਼ਾਸਨ ਦੀ ਨਾਰਾਜ਼ਗੀ ਤੇ ਬੇਚੈਨੀ ਕਿਸੇ ਤੋਂ ਲੁਕੀ ਨਹੀਂ। ਡਰਾ ਧਮਕਾ ਤੇ ਕਾਰਵਾਈ ਦੀ ਚਿਤਾਵਨੀ ਦੇ ਕੇ ਸਾਨੂੰ ਖਾਮੋਸ਼ ਨਹੀਂ ਕੀਤਾ ਜਾ ਸਕਦਾ। ਇਹ ਸਭ ਇਥੇ ਨਹੀਂ ਚੱਲਣਾ।’’ ਕਾਬਿਲੇਗੌਰ ਹੈ ਕਿ ਸਿਟ ਨੇ ਲੰਘੇ ਦਿਨ ਇਕ ਬਿਆਨ ਵਿੱਚ ਦਾਅਵਾ ਕੀਤਾ ਸੀ ਕਿ ਕੁਝ ਸਿਆਸੀ ਪਾਰਟੀਆਂ ਵੱਲੋਂ ਜਾਂਚ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਗ਼ਲਤ ਅਫ਼ਵਾਹਾਂ ਨਾਲ ਆਮ ਲੋਕਾਂ ਤੇ ਖਾਸ ਕਰਕੇ ਸਮਾਜ ਦੇ ਇਕ ਖਾਸ ਫਿਰਕੇ ਨੂੰ ਉਕਸਾਉਣ ਦੇ ਨਾਲ ਉਨ੍ਹਾਂ ਨੂੰ ਡਰਾਇਆ ਜਾ ਰਿਹਾ ਹੈ। ਸਿਟ ਚੇਅਰਮੈਨ ਨੇ ਕਿਹਾ, ‘ਅਜਿਹੀ ਪਹੁੰਚ ਕਾਨੂੰਨ ਦੀ ਖਿਲਾਫ਼ਵਰਜ਼ੀ ਹੈ ਤੇ ਕਾਨੂੰਨ ਵਿੱਚ ਅਜਿਹੀ ਪੇਸ਼ਕਦਮੀ ਲਈ ਸਜ਼ਾ ਦੀ ਵਿਵਸਥਾ ਹੈ।’’

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਕਾਬਲੇ ਦੀ ਨਿਆਂਇਕ ਜਾਂਚ ਹੋਵੇ: ਅਬਦੁੱਲਾ
Next articleਯੂਪੀ ਵਿੱਚ ‘ਬਾਹੂਬਲੀ’ ਨਹੀਂ ਬਜਰੰਗ ਬਲੀ ਵਿਖਾਈ ਦਿੰਦੇ ਹਨ: ਸ਼ਾਹ