ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ ਸ੍ਰੀਲੰਕਾ ਦੇ ਸਕੂਲ ਭਲਕੇ ਸੋਮਵਾਰ ਤੋਂ ਖੁੱਲ੍ਹ ਜਾਣਗੇ। ਦੋ ਹਫ਼ਤੇ ਪਹਿਲਾਂ ਈਸਟਰ ਮੌਕੇ ਗਿਰਜਾਘਰਾਂ ਤੇ ਲਗਜ਼ਰੀ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਫਿਦਾਈਨ ਹਮਲਿਆਂ ਮਗਰੋਂ ਸਿੱਖਿਆ ਸੰਸਥਾਵਾਂ ਨੂੰ ਅਗਲੇ ਹੁਕਮਾਂ ਤਕ ਬੰਦ ਕਰ ਦਿੱਤਾ ਗਿਆ ਸੀ। ਇਨ੍ਹਾਂ ਹਮਲਿਆਂ ਵਿੱਚ ਢਾਈ ਸੌ ਤੋਂ ਵੱਧ ਲੋਕਾਂ ਦੀ ਜਾਨ ਜਾਂਦੀ ਰਹੀ ਸੀ ਜਦੋਂਕਿ ਪੰਜ ਸੌ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਇਸ ਦੌਰਾਨ ਗ੍ਰਹਿ ਮੰਤਰਾਲੇ ਨੇ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਛੇ ਸੌ ਤੋਂ ਵੱਧ ਵਿਦੇਸ਼ੀ ਨਾਗਰਿਕਾਂ, ਜਿਨ੍ਹਾਂ ਵਿੱਚ ਦੋ ਸੌ ਦੇ ਕਰੀਬ ਇਸਲਾਮਿਕ ਮੌਲਵੀ ਵੀ ਸ਼ਾਮਲ ਹਨ, ਨੂੰ ਦੇਸ਼ ’ਚੋਂ ਬਾਹਰ ਕੱਢਣ ਦੇ ਹੁਕਮ ਦਿੱਤੇ ਹਨ।
ਕੋਲੰਬੋ ਪੇਜ ਦੀ ਰਿਪੋਰਟ ਮੁਤਾਬਕ ਸਕੂਲਾਂ ਦਾ ਦੂਜਾ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋਵੇਗਾ ਤੇ ਸਰਕਾਰੀ ਸਕੂਲਾਂ ’ਚ ਛੇਵੀਂ ਤੋਂ 13ਵੀਂ ਤਕ ਜਮਾਤਾਂ ਲੱਗਣਗੀਆਂ। ਪਹਿਲੀ ਤੋਂ ਪੰਜਵੀਂ ਜਮਾਤ ਦੇ ਸਕੂਲ 13 ਮਈ ਤੋਂ ਸ਼ੁਰੂ ਹੋਣਗੇ। ਸਰਕਾਰੀ ਸੂਚਨਾ ਬਾਰੇ ਡਾਇਰੈਕਟਰ ਜਨਰਲ ਨਲਾਕਾ ਕਾਲੂਵੇਵਾ ਨੇ ਕਿਹਾ ਕਿ ਹਾਲ ਦੀ ਘੜੀ ਸਿਰਫ਼ ਛੇਵੀਂ ਤੇ ਇਸ ਤੋਂ ਉਪਰਲੀਆਂ ਜਮਾਤਾਂ ਲਈ ਹੀ ਸਕੂਲ ਖੁੱਲ੍ਹਣਗੇ। ਮੰਤਰੀ ਅਕਿਲਾ ਵਿਰਾਜ ਕਰੀਆਵਸਮ ਨੇ ਕਿਹਾ ਕਿ ਨਵਾਂ ਸੈਸ਼ਨ ਸ਼ੁਰੂ ਹੋਣ ਮੌਕੇ ਸਕੂਲਾਂ ’ਚ ਵਿਸ਼ੇਸ਼ ਸੁਰੱਖਿਆ ਪ੍ਰੋਗਰਾਮ ਲਾਗੂ ਕੀਤੇ ਜਾਣਗੇ। ਰਿਪੋਰਟ ਮੁਤਾਬਕ ਸਿੱਖਿਆ ਮੰਤਰਾਲੇ ਵੱਲੋਂ ਸਕੂਲਾਂ ਦੀ ਸੁਰੱਖਿਆ ਸਬੰਧੀ ਵਿਸ਼ੇਸ਼ ਸਰਕੁਲਰ ਜਾਰੀ ਕੀਤੇ ਗਏ ਹਨ।
World ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਖੁੱਲ੍ਹਣਗੇ ਸ੍ਰੀਲੰਕਾ ਦੇ ਸਕੂਲ