ਇਸਲਾਮਾਬਾਦ (ਸਮਾਜਵੀਕਲੀ): ਪਾਕਿਸਤਾਨ ਵਿੱੱਚ ਕੋਵਿਡ-19 ਕੇਸਾਂ ਦੀ ਗਿਣਤੀ ਇਕ ਲੱਖ ਨੇੜੇ ਢੁੱਕਣ ਦਰਮਿਆਨ ਮੁਲਕ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਕਰੋਨਾਵਾਇਰਸ ਦੇ ਫੈਲਾਅ ਨੂੰ ਠੱਲ੍ਹਣ ਲਈ ਮੁੜ ਤੋਂ ਸਖ਼ਤ ਪਾਬੰਦੀਆਂ ਆਇਦ ਕਰਨ ਦੇ ਕਿਸੇ ਵੀ ਵਿਚਾਰ ਨੂੰ ਖਾਰਜ ਕਰ ਦਿੱਤਾ ਹੈ।
ਖ਼ਾਨ ਨੇ ਕਿਹਾ ਕਿ ਮੁਲਕ ਦੇ ‘ਸਭ ਤੋਂ ਸ਼੍ਰੇਸ਼ਟ’ ਵਰਗ ਦੇ ਇਸ ਵਿਚਾਰ ਨਾਲ ਦੇਸ਼ ਦਾ ਅਰਥਚਾਰਾ ਤਬਾਹ ਹੋ ਜਾਵੇਗਾ ਤੇ ਕੰਗਾਲੀ ਵਧੇਗੀ। ਇਸ ਦੌਰਾਨ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਵਿੱਚ ਦੋ ਅਧਿਕਾਰੀਆਂ ਸਮੇਤ ਪੰਜ ਜਣੇ ਕਰੋਨਾ ਪਾਜ਼ੇਟਿਵ ਨਿਕਲ ਆਏ ਹਨ। ਇਨ੍ਹਾਂ ਸਾਰਿਆਂ ਨੂੰ ਸੇਧਾਂ ਮੁਤਾਬਕ ਇਕਾਂਤਵਾਸ ਕਰ ਦਿੱਤਾ ਗਿਆ ਹੈ।
ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਖ਼ਾਨ ਨੇ ਕਰੋਨਾਵਾਇਰਸ ਦੀ ਵਧਦੀ ਗਿਣਤੀ ਦਰਮਿਆਨ ਅਾਵਾਮ ਨੂੰ ਜਾਗਰੂਕ ਕਰਨ ਦਾ ਸੱਦਾ ਦਿੰਦਿਆਂ ਸਰਕਾਰ ਵੱਲੋਂ ਜਾਰੀ ਸੇਧਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਖ਼ਾਨ ਨੇ ਕਿਹਾ ਕਿ ਉਹ ਸਖ਼ਤ ਤਾਲਾਬੰਦੀ ਦੀ ਥਾਂ ‘ਸਮਾਰਟ ਤਾਲਾਬੰਦੀ’ ’ਤੇ ਜ਼ੋਰ ਦੇਣਗੇ।
ਖ਼ਾਨ ਨੇ ਲੜੀਵਾਰ ਟਵੀਟਾਂ ’ਚ ਕਿਹਾ, ‘ਸਾਡੇ ਕੁਝ ਸ਼੍ਰੇਸ਼ਟ ਵਰਗ ਸਖ਼ਤ ਤਾਲਾਬੰਦੀ ਚਾਹੁੰਦੇ ਹਨ। ਇਸ ਵਰਗ ਕੋਲ ਖੁੱਲ੍ਹੇ ਤੇ ਵੱਡੇ ਘਰਾਂ ਦੇ ਨਾਲ ਚੰਗੀ ਕਮਾਈ ਹੈ, ਜਿਸ ਨੂੰ ਲੌਕਡਾਊਨ ਨਾਲ ਕੋਈ ਫਰਕ ਨਹੀਂ ਪੈਂਦਾ। ਲੌਕਡਾਊਨ ਦਾ ਮਤਲਬ ਅਰਥਚਾਰੇ ਦੀ ਤਬਾਹੀ ਹੈ। ਗਰੀਬ ਮੁਲਕਾਂ ’ਚ ਕੰਗਾਲੀ ਵਧੇਗੀ ਤੇ ਗਰੀਬ ਗੁਰਬੇ ਨੂੰ ਪੈਰਾਂ ਹੇਠ ਰੋਲਿਆ ਜਾਵੇਗਾ, ਜਿਵੇਂ ਭਾਰਤ ਵਿੱਚ ਮੋਦੀ ਦੇ ਲੌਕਡਾਊਨ ’ਚ ਹੋ ਰਿਹੈ।’