ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਸੱਤਾ ਵਿੱਚ ਆਉਣ ’ਤੇ ਉਨ੍ਹਾਂ ਦੀ ਪਾਰਟੀ ਸਿੱਖਿਆ ਕਰਜ਼ਿਆਂ ਲਈ ਸਿੰਗਲ-ਵਿੰਡੋ ਪ੍ਰਬੰਧ ਲਿਆਉਣ ਦੇ ਨਾਲ ਅਜਿਹਾ ਕਾਨੂੰਨ ਬਣਾਏਗੀ ਜਿਸ ਵਿੱਚ ‘ਵਿਦਿਆਰਥੀ ਹੱਕਾਂ ਤੇ ਜ਼ਿੰਮੇਵਾਰੀਆਂ ਨੂੰ ਸੂਚੀਬੰਦ’ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ 31 ਮਾਰਚ 2019 ਤੋਂ ਪਹਿਲਾਂ ਲਏ ਪੁਰਾਣੇ ਸਿੱਖਿਆ ਕਰਜ਼ਿਆਂ ਦੇ ਬਕਾਇਆਂ ਨੂੰ ਖ਼ਤਮ ਕਰੇਗੀ।
ਇਕ ਫੇਸਬੁੱਕ ਪੋਸਟ ਵਿੱਚ ਸ੍ਰੀ ਗਾਂਧੀ ਨੇ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਦੇਸ਼ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਪਹਿਲੀ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਮੁਫ਼ਤ ਸਿੱਖਿਆ ਨੂੰ ਯਕੀਨੀ ਬਣਾਏਗੀ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਕਾਲਜ ਤੇ ਯੂਨੀਵਰਸਿਟੀਆਂ ਦੀ ਆਜ਼ਾਦੀ ਤੇ ਖੁ਼ਦਮੁਖਤਾਰੀ ਨੂੰ ਬਹਾਲ ਕਰਨ ਦੇ ਨਾਲ ਸਿੱਖਿਆ ਖੇਤਰ ਦੇ ਪਾਸਾਰ ਲਈ ਦੇਸ਼ ਦੇ ਪੱਛੜੇ ਇਲਾਕਿਆਂ ਵਿੱਚ ਨਵੀਆਂ ਸਰਕਾਰੀ ਯੂਨੀਵਰਸਿਟੀਆਂ ਖੋਲ੍ਹੀਆਂ ਜਾਣਗੀਆਂ। ਰਾਹੁਲ ਨੇ ਕਿਹਾ, ‘ਅਸੀਂ ਮੰਨਦੇ ਹਾਂ ਕਿ ਸਿੱਖਿਆ ਬੱਚੇ ਨੂੰ ਸਮਰੱਥ ਬਣਾਉਂਦੀ ਹੈ ਤੇ ਇਹ ਹਰ ਬੱਚੇ ਨੂੰ ਮੁਹੱਈਆ ਕੀਤੀ ਜਾਣੀ ਚਾਹੀਦੀ ਹੈ।’ ਇਕ ਹੋਰ ਪੋਸਟ ’ਚ ਕਾਂਗਰਸ ਪ੍ਰਧਾਨ ਨੇ ਕਿਹਾ, ‘ਅਸੀਂ ਸਿੱਖਿਆ ਬਜਟ ਨੂੰ ਵਧਾ ਕੇ ਜੀਡੀਪੀ ਦਾ 6 ਫੀਸਦ ਕਰਾਂਗੇ।’ ਇਸ ਦੌਰਾਨ ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਵਿਚਾਰ-ਚਰਚਾ ਲਈ ਮੁੜ ਚੁਣੌਤੀ ਦਿੱਤੀ ਹੈ। ਸ੍ਰੀ ਮੋਦੀ ਵੱਲੋਂ ਇਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਦੀ ਕਲਿਪ ਸਾਂਝੀ ਕਰਦਿਆਂ ਰਾਹੁਲ ਨੇ ਟਵੀਟ ਕੀਤਾ, ‘ਸ੍ਰੀ ਮੋਦੀ ਤੁਸੀਂ ਭੱਜ ਸਕਦੇ ਹੋ, ਪਰ ਲੁਕ ਨਹੀਂ। ਤੁਹਾਡੇ ਕਰਮ ਨਾਲ ਨਾਲ ਚੱਲਣਗੇ। ਦੇਸ਼ ਤੁਹਾਡੀ ਆਵਾਜ਼ ’ਚੋਂ ਇਸ ਨੂੰ ਸੁਣ ਸਕਦਾ ਹੈ।’
HOME ਸਕੂਲ ਸਿੱਖਿਆ ਮੁਫਤ ਦੇਵਾਂਗੇ: ਰਾਹੁਲ