ਲੌਂਗੋਵਾਲ– ਇਥੇ ਬੀਤੇ ਦਿਨੀਂ ਵੈਨ ਹਾਦਸੇ ਵਿਚ ਮਾਰੇ ਗਏ ਚਾਰ ਮਾਸੂਮ ਬੱਚਿਆਂ ਦਾ ਅੱਜ ਇੱਥੋਂ ਦੇ ਰਾਮ ਬਾਗ ਵਿੱਚ ਸਸਕਾਰ ਕਰ ਦਿੱਤਾ ਗਿਆ। ਇਸ ਹਾਦਸੇ ਵਿਚ ਸੁਖਜੀਤ ਕੌਰ ਪੁੱਤਰੀ ਜਗਸੀਰ ਸਿੰਘ, ਨਵਜੋਤ ਕੌਰ ਪੁੱਤਰੀ ਜਸਵੀਰ ਸਿੰਘ, ਸਿਮਰਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਅਤੇ ਆਰਾਧਿਆ ਪੁੱਤਰੀ ਸਤਪਾਲ ਕੁਮਾਰ ਦੀ ਮੌਤ ਹੋ ਗਈ ਸੀ। ਹਾਦਸੇ ਤੋਂ ਬਾਅਦ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਸੰਗਰੂਰ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜਿਆ ਗਿਆ ਸੀ। ਪੋਸਟਮਾਰਟਮ ਕਰਵਾ ਕੇ ਅੱਜ ਹਲਕਾ ਇੰਚਾਰਜ ਦਮਨ ਥਿੰਦ ਬਾਜਵਾ ਅਤੇ ਸੂਬਾ ਸਕੱਤਰ ਹਰਮਨ ਦੇਵ ਬਾਜਵਾ ਸਵੇਰੇ ਜਦੋਂ ਐਂਬੂਲੈਂਸ ਰਾਹੀਂ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਲੈ ਕੇ ਰਾਮ ਬਾਗ ਪੁੱਜੇ ਤਾਂ ਮਾਹੌਲ ਗਮਗੀਨ ਹੋ ਗਿਆ। ਮ੍ਰਿਤਕ ਬੱਚਿਆਂ ਦੇ ਰਿਸ਼ਤੇਦਾਰ ਧਾਹਾਂ ਮਾਰ ਕੇ ਰੋ ਰਹੇ ਸਨ ਅਤੇ ਹਰ ਇੱਕ ਵਿਅਕਤੀ ਦੀ ਅੱਖ ਨਮ ਸੀ। ਚਾਰੇ ਬੱਚਿਆਂ ਦਾ ਵੱਖ ਵੱਖ ਚਿਤਾਵਾਂ ਵਿੱਚ ਧਾਰਮਿਕ ਰਹੁ-ਰੀਤਾਂ ਨਾਲ ਸਸਕਾਰ ਕੀਤਾ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ ਇੱਕ-ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਦੱਸਣਯੋਗ ਹੈ ਕਿ ਸਿੱਧਸਰ ਰੋਡ ’ਤੇ ਬੱਚਿਆਂ ਨਾਲ ਭਰੀ ਹੋਈ ਮਾਰੂਤੀ ਵੈਨ ਨੂੰ ਅਚਾਨਕ ਅੱਗ ਲੱਗ ਗਈ ਅਤੇ ਇਸ ਹਾਦਸੇ ਵਿੱਚ ਚਾਰ ਬੱਚੇ ਜਿਊਂਦੇ ਸੜ ਗਏ ਸਨ। ਇਹ ਵੈਨ ਸਿਮਰਨ ਪਬਲਿਕ ਸਕੂਲ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਦੀ ਸੀ। ਇਸ ਮੌਕੇ ਪ੍ਰਸ਼ਾਸਨ ਵੱਲੋਂ ਐਸਡੀਐਮ ਬਬਲਜੀਤ ਸਿੰਘ, ਨਾਇਬ ਤਹਿਸੀਲਦਾਰ ਊਸ਼ਾ ਰਾਣੀ, ਐੱਸਪੀ ਗੁਰਮੀਤ ਸਿੰਘ, ਡੀਐੱਸਪੀ ਸੁਖਚਰਨ ਸਿੰਘ ਅਤੇ ਲੌਂਗੋਵਾਲ ਦੇ ਥਾਣਾ ਮੁਖੀ ਬਲਵੰਤ ਸਿੰਘ ਹਾਜ਼ਰ ਸਨ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਅੱਜ ਲੌਂਗੋਵਾਲ ਵਿਚ ਵੈਨ ਹਾਦਸੇ ਵਿਚ ਮਾਰੇ ਗਏ ਚਾਰ ਬੱਚਿਆਂ ਦੇ ਘਰਾਂ ਵਿਚ ਜਾ ਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨਾਲ ਸੁਨਾਮ ਹਲਕੇ ਤੋਂ ਇੰਚਾਰਜ ਦਾਮਨ ਥਿੰਦ ਬਾਜਵਾ ਅਤੇ ਸੂਬਾ ਸਕੱਤਰ ਹਰਮਨਦੇਵ ਸਿੰਘ ਬਾਜਵਾ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਭਵਿੱਖ ਵਿਚ ਨਾ ਵਾਪਰਨ ਇਸ ਗੱਲ ’ਤੇ ਗੰਭੀਰਤਾ ਨਾਲ ਪਹਿਰਾ ਦਿੱਤਾ ਜਾਵੇਗਾ।
ਉਨ੍ਹਾਂ ਮਾਰੇ ਗਏ ਮਾਸੂਮਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਭਾਵੇਂ ਇਸ ਦੁਨੀਆਂ ਤੋਂ ਜਾ ਚੁੱਕੇ ਬੱਚਿਆਂ ਨੂੰ ਮੋੜਿਆ ਤਾਂ ਨਹੀਂ ਜਾ ਸਕੇਗਾ ਪਰ ਉਹ ਹਰ ਪੱਧਰ ’ਤੇ ਪੀੜਤ ਪਰਿਵਾਰਾਂ ਨਾਲ ਖੜ੍ਹੇ ਹਨ ਅਤੇ ਸਰਕਾਰ ਵੱਲੋਂ ਜੋ ਵੀ ਮਦਦ ਹੋਵੇਗੀ ਉਸ ਨੂੰ ਹਰ ਹੀਲੇ ਦਿਵਾਉਣਗੇ। ਹਲਕਾ ਇੰਚਾਰਜ ਦਾਮਨ ਬਾਜਵਾ ਨੇ ਕਿਹਾ ਕਿ ਸਰਕਾਰ ਵੱਲੋਂ ਐਲਾਨੀ ਗਈ ਸਹਾਇਤਾ ਰਾਸ਼ੀ ਨੂੰ ਉਹ ਭੋਗ ਤੋਂ ਪਹਿਲਾਂ ਮਿਲਣਾ ਯਕੀਨੀ ਬਣਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਘਟਨਾ ਵਿਚ ਬਹਾਦਰੀ ਦੀ ਮਿਸਾਲ ਪੇਸ਼ ਕਰਨ ਵਾਲੀ ਅਮਨਦੀਪ ਕੌਰ ਨੂੰ ਸਰਕਾਰ ਵੱਲੋਂ ਸਨਮਾਨ ਦਿੱਤਾ ਜਾਵੇਗਾ।
INDIA ਸਕੂਲ ਵੈਨ ਹਾਦਸਾ: ਮ੍ਰਿਤਕ ਬੱਚਿਆਂ ਦਾ ਸਸਕਾਰ