ਸਕੂਲ ਵਾਲੀ ਦੋਸਤੀ

ਸੁਖਵਿੰਦਰ ਲੋਟੇ ਧੂਰੀ

(ਸਮਾਜ ਵੀਕਲੀ)

ਮੈਂ ਅਤੇ ਨਿਰਮਲ ਸਿੰਘ ਇਕੱਠੇ ਇੱਕ ਸਕੂਲ ਵਿੱਚ ਪੜ੍ਹਿਆ ਕਰਦੇ ਸੀ।ਅਸੀਂ ਦੋਵੇਂ ਕ੍ਰਿਕਟ ਦੇ ਖਿਡਾਰੀ ਸੀ। ਜ਼ਿਲ੍ਹਾ ਪੱਧਰ ਦੇ ਟੂਰਨਾਮੈਂਟ ਲਈ ਕ੍ਰਿਕਟ ਟੀਮ ਦੀ ਚੋਣ ਟ੍ਰਾਇਲ ਵਿੱਚ ਮੈਂ ਸਲੈਕਟ ਹੋ ਗਿਆ ਪਰ ਨਿਰਮਲ ਟ੍ਰਾਇਲ ਪਾਸ ਨਾ ਕਰ ਸਕਿਆ ਪਰੰਤੂ ਉਹ ਹਰ ਰੋਜ਼ ਸਾਨੂੰ ਖੇਡਦਿਆਂ ਨੂੰ ਦੇਖਣ ਲਈ ਗਰਾਊਂਡ ਵਿਚ ਜ਼ਰੂਰ ਆਉਂਦਾ । ਸਾਡੇ ਸਕੂਲ ਦੀ ਟੀਮ ਨੇ ਪੂਰੇ ਪੰਜਾਬ ਵਿੱਚ ਕਈ ਟੂਰਨਾਮੈਂਟ ਜਿੱਤੇ । ਨਿਰਮਲ ਮੇਰਾ ਬਹੁਤ ਆਦਰ ਕਰਨ ਲੱਗਿਆ । ਦਸਵੀਂ ਤੋਂ ਬਾਅਦ 1980 ਵਿੱਚ ਮੈਂ ਸੰਗਰੂਰ ਕਾਲਜ ਵਿੱਚ ਦਾਖਲਾ ਲੈ ਲਿਆ ਅਤੇ ਨਿਰਮਲ ਮਲੇਰਕੋਟਲੇ ਦਾਖਲ ਹੋ ਗਿਆ । ਉਸ ਤੋਂ ਬਾਅਦ ਅਸੀਂ ਕਦੀ ਵੀ ਮਿਲੇ ਨਹੀਂ।

ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੈਂ ਆਟੋ ਇਲੈਕਟ੍ਰੀਸ਼ਨ ਦਾ ਕੰਮ ਸਿੱਖ ਕੇ ਧੂਰੀ ਵਿਖੇ ਦੁਕਾਨ ਕਰ ਲਈ । ਆਖਰ ਸਮੇਂ ਨਾਲ ਮੈਂ ਨਿਰਮਲ ਨੂੰ ਭੁੱਲ ਗਿਆ । ਅਗਸਤ 2013 ਨੂੰ ਇੱਕ ਵਿਅਕਤੀ ਮੇਰੀ ਦੁਕਾਨ ਤੇ ਆਇਆ ਅਤੇ ਕਹਿੰਦਾ,”ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ,”ਮੈਂ ਕਿਹਾ, ਮੈਂ ਧੂਰੀ ਦਾ ਹੀ ਰਹਿਣ ਵਾਲਾ ਹਾਂ।”

ਉਸ ਨੇ ਸਵਾਲ ਕੀਤਾ, “ਕੀ ਤੁਸੀਂ ਐਸ,ਡੀ ਸਕੂਲ ‘ਚ ਪੜ੍ਹੇ ਅਤੇ ਕ੍ਰਿਕਟ ਵੀ ਖੇਡਿਆ ਕਰਦੇ ਸੀ?” ਮੈਂ ਹਾਂ ਵਿੱਚ ਜਵਾਬ ਦਿੱਤਾ । ਜਦੋਂ ਉਸ ਨੇ ਆਖਿਆ, ਮੈਂ ਨਿਰਮਲ ਸਿੰਘ ਹਾਂ,ਆਪਾਂ ਇਕੱਠੇ ਕ੍ਰਿਕਟ ਖੇਡਿਆ ਕਰਦੇ ਸੀ।” ਮੈਂ ਕੁਰਸੀ ਤੋਂ ਉੱਠਿਆ ਅਤੇ ਦੋਵਾਂ ਨੇ ਇੱਕ ਦੂਜੇ ਨੂੰ ਘੁੱਟ ਕੇ ਜੱਫੀ ਪਾ ਲਈ ।

ਨਿਰਮਲ ਨੇ ਦੱਸਿਆ, “ਮੈਂ ਫੌਜ ਵਿੱਚ ਭਰਤੀ ਹੋ ਗਿਆ ਸੀ। ਮੈਂ ਤੈਨੂੰ ਅਤੇ ਕ੍ਰਿਕਟ ਨੂੰ ਨਹੀਂ ਭੁੱਲਿਆ । ਤੇਰੀ ‘ਗੁਗਲੀ’ ਚੰਗੇ ਤੋਂ ਚੰਗੇ ਬੈਟਸਮੈਨ ਨੂੰ ਵੀ ਆਉਟ ਕਰ ਦਿੰਦੀ ਸੀ। ਮੈਂ ਜਦੋਂ ਵੀ ਛੁੱਟੀ ਆਉਂਦਾ, ਤੇਰੀ ਭਾਲ ਕਰਦਾ ਪਰ ਪਤਾ ਨਾ ਲਗਦਾ। ਰਿਟਾਇਰ ਹੋਣ ਤੋਂ ਬਾਅਦ ਮੈਂ ਤੇਰੇ ਸ਼ਹਿਰ ਦੀ ਵੱਡੀ ਫ਼ੈਕਟਰੀ ਵਿੱਚ ਨੌਕਰੀ ਕਰ ਲਈ । ਮੈਂ ਤੇਰੀ ਦੁਕਾਨ ਦੇ ਅੱਗੋਂ ਰੋਜ਼ਾਨਾ ਲੰਘਦਾ ਹਾਂ। ਦੁਕਾਨ ਦਾ ਬੋਰਡ ਪੜ੍ਹ ਕੇ ਮੇਰੇ ਮਨ ‘ਚ ਖਿਆਲ ਆਉਂਦਾ ਕਿ ਇਹ ਮੇਰਾ ਦੋਸਤ ਉਹੀ ‘ਸੁਖਵਿੰਦਰ’ ਹੋ ਸਕਦਾ ਹੈ।ਅੱਜ ਮੈਂ ਮਨ ਬਣਾ ਕੇ ਆਇਆ ਸੀ, ਕਿ ਤੈਨੂੰ ਜ਼ਰੂਰ ਪੁੱਛਾਂਗਾ । ਅੱਜ ਮੇਰੀ ਭਾਲ਼ ਪੂਰੀ ਹੋ ਗਈ ।”

ਦੋ ਦੋਸਤ 33 ਸਾਲਾਂ ਬਾਅਦ ਇਕੱਠੇ ਹੋਏ । ਅਸੀਂ ਨੇ ਖੂਬ ਗੱਲਾਂ ਕੀਤੀਆਂ । ਆਪਣੇ ਪਰਿਵਾਰਾਂ ਵਾਰੇ ਇੱਕ ਦੂਜੇ ਨੂੰ ਦੱਸਿਆ । ਮੈਂ ਫੋਨ ਕਰਕੇ ਘਰੋਂ ਦੋਵਾਂ ਲਈ ਭੋਜਨ ਮੰਗਵਾਇਆ । ਪਿਆਰ ਨਾਲ ਇਕੱਠਿਆਂ ਨੇ ਰੋਟੀ ਖਾਧੀ। ਨਿਰਮਲ ਨੇ ਮੈਨੂੰ ਦੱਸਿਆ, “ਮੇਰੀ ਮਾਸੀ ਅਤੇ ਉਸ ਦਾ ਸਾਰਾ ਪਰਿਵਾਰ ਕਨੇਡਾ ਵਿੱਚ ਸੈਟ ਹੈ। ਮੇਰੇ ਵੀ ਕਨੇਡਾ ਲਈ ਕਾਗਜ਼ ਤਿਆਰ ਕਰਵਾ ਰਹੇ ਹਨ। ਜਦੋਂ ਕਾਗਜ਼ ਤਿਆਰ ਹੋ ਗਏ, ਮੈਂ ਵੀ ਚਲਾ ਜਾਵਾਂਗਾ। ਨਿਰਮਲ ਨੇ ਮੈਂਨੂੰ ਆਪਣੇ ਘਰ ਆਉਣ ਦਾ ਸੱਦਾ ਵੀ ਦਿੱਤਾ ।”

ਕੁਝ ਦਿਨਾਂ ਬਾਅਦ ਮੈਂ ਵਿਆਹ ਦਾ ਕਾਰਡ ਲੈ ਕੇ ਨਿਰਮਲ ਦੇ ਪਿੰਡ, ਉਨਾਂ ਦੇ ਘਰ ਚਲਿਆ ਗਿਆ । ਉਸ ਦੀ ਮਾਂ ਨੇ ਦਰਵਾਜ਼ਾ ਖੋਲ੍ਹਿਆ । ਮੈਂ ਆਖਿਆ, “ਮਾਂ ਜੀ ਮੈਂ ਨਿਰਮਲ ਦਾ ਦੋਸਤ ਹਾਂ,ਮੇਰੇ ਬੇਟੇ ਦੀ ਸ਼ਾਦੀ ਹੈ ਇਹ ਕਾਰਡ ਦੇਣ ਲਈ ਆਇਆ ਹਾਂ।” ਮਾਂ ਨੇ ਕਾਰਡ ਫੜਨ ਤੋਂ ਬਾਅਦ ਆਖਿਆ, “ਪੁੱਤਰ ਨਿਰਮਲ ਤਾਂ ਕੱਲ੍ਹ ਰਾਤ ਦੀ ਫਲਾਈਟ ਕਨੇਡਾ ਚਲਾ ਗਿਆ ।” ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਹੁਣ ਤੱਕ ਇਹੀ ਸੋਚਦਾਂ, ਕਿ ਦੋ ਦੋਸਤਾਂ ਦਾ ਮੇਲ ਦੁਬਾਰਾ ਕਦੋਂ ਹੋਵੇਗਾ ?

ਸੁਖਵਿੰਦਰ ” ਲੋਟੇ ” ਧੂਰੀ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleक्या गंगा-जमुनी तहजीब कल्पना मात्र है?
Next articleਦਿਵਾਲੀ ਨੂੰ ਪਟਾਕੇ ਨਹੀਂ ਪੌਦੇ ਲਗਾਓ