ਅੱਡਾ ਕੋਟਲੀ ਸੂਰਤ ਮੱਲ੍ਹੀ ਨੇੜੇ ਪੈਂਦੇ ਪਿੰਡ ਭਗਵਾਨਪੁਰ ਦੀ ਲਿੰਕ ਸੜਕ ’ਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਲਿਆਂਵਾਲੀ ਦੀ ਬੱਸ ਖੇਤਾਂ ਵਿੱਚ ਉਲਟ ਗਈ ਜਿਸ ਕਾਰਨ 2 ਦਰਜਨ ਦੇ ਕਰੀਬ ਬੱਚੇ ਜ਼ਖ਼ਮੀ ਹੋ ਗਏ। ਬੱਸ ਪਲਟਣ ਦਾ ਕਾਰਨ ਛੋਟੀ ਅਤੇ ਖਰਾਬ ਸੜਕ ਅਤੇ ਬੱਸ ਦੀ ਤੇਜ਼ ਰਫ਼ਤਾਰ ਦੱਸੀ ਜਾ ਰਹੀ ਹੈ। ਮੌਕੇ ’ਤੇ ਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਬੱਸ ਦੀ ਰਫ਼ਤਾਰ ਕਾਫੀ ਜ਼ਿਆਦਾ ਸੀ ਅਤੇ ਬੱਸ ਪਲਟਣ ਤੋਂ ਪਹਿਲਾਂ ਪਿਛਲੇ ਪਿੰਡ ਮਲਕਪੁਰ ਦੇ ਪੁੱਲ਼ ਨਾਲ ਵੀ ਟਕਰਾਈ ਸੀ ਅਤੇ ਭਗਵਾਨਪੁਰ ਨੇੜੇ ਆ ਕੇ ਬੱਸ ਖੇਤਾਂ ਵਿੱਚ ਪਲਟ ਗਈ। ਪ੍ਰਤੱਖਦਰਸ਼ੀਆਂ ਅਨੁਸਾਰ ਬੱਸ ਵਿੱਚ ਤਕਰੀਬਨ 45 ਬੱਚੇ ਸਵਾਰ ਸਨ ਜਿਨਾਂ ਨੂੰ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਬੱਸ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ । ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਕਰੀਬ 2 ਦਰਜਨ ਬੱਚੇ ਜ਼ਖ਼ਮੀ ਹੋਏ ਹਨ ਜਿਨਾਂ ਨੂੰ ਸਥਾਨਕ ਲੋਕਾਂ ਅਤੇ ਰਾਹਗੀਰਾਂ ਦੀ ਮਦਦ ਨਾਲ ਨੇੜੇ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ 4-5 ਬੱਚਿਆਂ ਜਗਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ, ਸਿਮਰਪ੍ਰੀਤ ਕੌਰ ਪੁੱਤਰੀ ਗੁਰਮੀਤ ਸਿੰਘ, ਮਨਪ੍ਰੀਤ ਕੌਰ ਪੁੱਤਰੀ ਰਜਿੰਦਰ ਸਿੰਘ, ਸਹਿਜਪ੍ਰੀਤ ਕੌਰ ਪੁੱਤਰ ਖਜ਼ਾਨ ਸਿੰਘ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਬਟਾਲਾ ਅਤੇ ਅੰਮ੍ਰਿਤਸਰ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਬਾਬਤ ਜਦ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਮੁਖੀ ਮੋਹਿਤ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪੁਲੀਸ ਟੀਮ ਨੇ ਘਟਨਾ ਦਾ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ ਹੈ। ਉਨ੍ਹਾਂ ਦੱਸਿਆ ਕਿ ਬੱਸ ਪਲਟਣ ਕਾਰਨ ਕੁਝ ਬੱਚੇ ਜ਼ਖ਼ਮੀ ਹੋਏ ਹਨ ਪਰ ਅਜੇ ਤੱਕ ਕਿਸੇ ਵੀ ਜ਼ਖ਼ਮੀ ਬੱਚੇ ਦੇ ਪਰਿਵਾਰ ਨੇ ਪੁਲੀਸ ਨੂੰ ਬੱਸ ਚਾਲਕ ਖਿਲਾਫ਼ ਕੋਈ ਸ਼ਿਕਾਇਤ ਨਹੀਂ ਦਿੱਤੀ।