ਫਾਜ਼ਿਲਕਾ– ਜ਼ਿਲ੍ਹੇ ਅੰਦਰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਲੈ ਕੇ ਜਾਣ ਅਤੇ ਲਿਆਉਣ ਲਈ ਚੱਲ ਰਹੀਆਂ ਬਹੁਤੀਆਂ ਵੈਨਾਂ ਕੰਡਮ ਹੋ ਚੁੱਕੀਆਂ ਹਨ। ਇਸ ਦੇ ਬਾਵਜੂਦ ਸਕੂਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਹਰ ਰੋਜ਼ ਸਵੇਰੇ ਅਤੇ ਵਾਪਸੀ ਸਕੂਲ ਟਾਈਮ ਟ੍ਰੈਫਿਕ ਪੁਲੀਸ ਦੇ ਸਾਹਮਣੇ ਤੋਂ ਹਰ ਰੋਜ਼ ਦਰਜਨਾਂ ਖਸਤਾ ਵੈਨਾਂ ਲੰਘਦੀਆਂ ਹਨ ਪਰ ਇਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਖਸਤਾ ਵੈਨ ਦੇ ਡਰਾਈਵਰ ਨੇ ਦੱਸਿਆ ਕਿ ਉਹ ਆਪਣਾ ਗੁਜ਼ਾਰਾ ਇਸ ਤੋਂ ਕਰਦੇ ਹਨ, ਜੇ ਸਰਕਾਰ ਉਨ੍ਹਾਂ ਨੂੰ ਆਸਾਨ ਕਿਸ਼ਤਾਂ ’ਤੇ ਕਰਜ਼ਾ ਦੇ ਦੇਵੇ ਤਾਂ ਉਹ ਨਵੀਆਂ ਵੈਨਾਂ ਲੈ ਲੈਣਗੇ, ਨਹੀਂ ਤਾਂ ਉਹ ਬੇਰੁਜ਼ਗਾਰ ਹੋ ਜਾਣਗੇ।
ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ: ਡੀਸੀ
ਡਿਪਟੀ ਕਮਿਸ਼ਨਰ ਅਰਪਿਤ ਸਿੰਘ ਸੰਧੂ ਨੇ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਖ਼ਸਤਾ ਵਿੱਚ ਵੈਨਾਂ ਬੱਚੇ ਨਾ ਬਿਠਾਏ ਜਾਣ ਤੇ ਜੇ ਕੋਈ ਵਾਹਨ ਮਾਲਕ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।