ਧੂਰੀ (ਰਮੇਸ਼ਵਰ ਸਿੰਘ) (ਸਮਾਜ ਵੀਕਲੀ)- ਬੀਤੇ ਦਿਨੀਂ ਸਥਾਨਿਕ ਪੰਜਾਬੀ ਸਾਹਿਤ ਸਭਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਵਿਖੇ ” ਬੇਟੀ ਬਚਾਓ , ਬੇਟੀ ਪੜਾ੍ਓ ਅਤੇ ਪਾਣੀ ਦੀ ਸੰਭਾਲ ਕਰੋ ” ਵਿਸ਼ੇ ‘ਤੇ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਮੂਲ ਚੰਦ ਸ਼ਰਮਾ ਪ੍ਰਧਾਨ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਟੀਮ , ਜਿਸ ਵਿੱਚ ਮੁੱਖ ਬੁਲਾਰੇ ਅਸ਼ੋਕ ਭੰਡਾਰੀ ਅਤੇ ਅਧਿਆਪਕ ਆਗੂ ਰਤਨ ਸਿੰਘ ਭੰਡਾਰੀ ਸ਼ਾਮਲ ਸਨ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ ।
ਵਿਉਪਾਰ ਮੰਡਲ ਧੂਰੀ ਦੇ ਜਨਰਲ ਸਕੱਤਰ ਅਸ਼ੋਕ ਕੁਮਾਰ ਭੰਡਾਰੀ ਨੇ ਉਪਰੋਕਤ ਵਿਸ਼ੇ ਤੋਂ ਇਲਾਵਾ ਜ਼ਿੰਦਗ਼ੀ ਵਿੱਚ ਕੋਈ ਨਾ ਕੋਈ ਨਿਸ਼ਾਨਾ ਮਿੱਥ ਕੇ ਅੱਗੇ ਵਧਣ , ਨਸ਼ਿਆਂ ਵਰਗੀਆਂ ਭੈੜੀਆਂ ਆਦਤਾਂ ਤੋਂ ਬਚ ਕੇ ਸਿਹਤ ਦਾ ਖਿਆਲ ਰੱਖਣ ਅਤੇ ਸਮੇਂ ਦਾ ਸਹੀ ਸਦਉਪਯੋਗ ਕਰਨ ਬਾਰੇ ਵੇਰਵੇ ਸਹਿਤ ਵਿਦਿਆਰਥੀਆਂ ਨਾਲ਼ ਆਪਣੇ ਵਿਚਾਰ ਸਾਂਝੇ ਕੀਤੇ । ਮੂਲ ਚੰਦ ਸ਼ਰਮਾ ਨੇ ਆਪਣੇ ਗੀਤ ” ਧੀਆਂ ਦੇ ਘਰ ਦੋ ” ਰਾਹੀਂ ਸਮੁੱਚੀ ਅੌਰਤ ਜਾਤੀ ਦੀ ਮਹੱਤਤਾ ਬਾਰੇ ਬਹੁਤ ਹੀ ਸਾਰਥਿਕ ਸੰਦੇਸ਼ ਦਿੱਤਾ ।
ਅਖੀਰ ਵਿੱਚ ਬੇਟੀ ਬਚਾਉਂਣ , ਪੜਾ੍ਉਂਣ ਅਤੇ ਪਾਣੀ ਦੀ ਸੰਭਾਲ ਕਰਨ ਸੰਬੰਧੀ ਪੋਸਟਰ ਮੁਕਾਬਲੇ ਵੀ ਕਰਵਾਏ ਗਏ । ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਸਕੂਲ ਦੇ ਵਾਈਸ ਪ੍ਰਿੰਸੀਪਲ ਅਤੇ ਮਹਿਮਾਨਾਂ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ । ਸਮਾਗਮ ਦੇ ਅੰਤ ਵਿੱਚ ਮਾਸਟਰ ਅਵਤਾਰ ਸਿੰਘ ਵੱਲੋਂ ਸੈਮੀਨਾਰ ਦੀ ਸ਼ਲਾਘਾ ਕਰਦਿਆਂ ਸਭਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly