‘ਸਕਿਪਿੰਗ ਸਿੱਖ’ ਦਾ ਸਨਮਾਨ ਕਰੇਗੀ ਮਹਾਰਾਣੀ

ਲੰਡਨ (ਸਮਾਜ ਵੀਕਲੀ) : ਬਰਤਾਨੀਆ ਦੀ ਮਹਾਰਾਣੀ ਦੇ ਜਨਮ ਦਿਨ ਮੌਕੇ ਇਸ ਸਾਲ ਭਾਰਤੀ ਮੂਲ ਦੇ ਦੋ ਅਰਬਪਤੀ ਭਰਾਵਾਂ, ਆਕਸਫੋਰਡ ਯੂਨੀਵਰਸਿਟੀ ਦੇ ਮੋਹਰੀ ਪ੍ਰੋਫੈਸਰ ਅਤੇ ਰੱਸੀ ਟੱਪ ਕੇ ਐਨਐਚਐੱਸ ਲਈ ਚੰਦਾ ਇਕੱਠਾ ਕਰਨ ਵਾਲੇ 74 ਸਾਲਾ ‘ਸਕਿਪਿੰਗ ਸਿੱਖ’ ਨੂੰ ਸਨਮਾਨਿਤ ਕੀਤਾ ਜਾਵੇਗਾ।

ਅੱਜ ਜਾਰੀ ਸੂਚੀ ਵਿਚ ਜ਼ੁਬੈਰ ਤੇ ਮੋਹਸਿਨ ਈਸਾ ਦਾ ਨਾਂ ਸ਼ਾਮਲ ਹੈ ਜਿਨ੍ਹਾਂ ਯੂਕੇ ਦੀ ਸੁਪਰਮਾਰਕੀਟ ਲੜੀ ‘ਐਸਡਾ’ ਨੂੰ ਕਰੋੜਾਂ ਪਾਊਂਡ ਵਿਚ ਖ਼ਰੀਦਿਆ ਹੈ। ਇਹ ਦੋਵੇਂ ‘ਯੂਰੋ ਗੈਰੇਜਜ਼’ ਪੈਟਰੋਲ ਸਟੇਸ਼ਨਾਂ ਦੇ ਮਾਲਕ ਵੀ ਹਨ। ਆਕਸਫੋਰਡ ਵਿਚ ਈਕੋਸਿਸਟਮ ਸਾਇੰਸ ਦੇ ਪ੍ਰੋਫੈਸਰ ਯਾਦਵਿੰਦਰ ਸਿੰਘ ਮੱਲ੍ਹੀ ਨੂੰ ਵੀ ‘ਸੀਬੀਈ’ (ਕਮਾਂਡਰ ਆਫ਼ ਦੀ ਮੋਸਟ ਐਕਸੀਲੈਂਟ ਆਰਡਰ ਆਫ਼ ਬ੍ਰਿਟਿਸ਼ ਐਂਪਾਇਰ) ਨਾਲ ਸਨਮਾਨਿਤ ਕੀਤਾ ਜਾਵੇਗਾ।

ਇੰਪੀਰੀਅਲ ਕਾਲਜ ਲੰਡਨ ਵਿਚ ਕੈਮੀਕਲ ਇੰਜਨੀਅਰਿੰਗ ਦੇ ਪ੍ਰੋਫੈਸਰ ਨਿਲੇ ਸ਼ਾਹ, ‘ਹੀਲਿੰਗ ਲਿਟਲ ਹਾਰਟਸ’ ਦੇ ਸੰਸਥਾਪਕ ਡਾ. ਸੰਜੀਵ ਨਿਚਾਨੀ ਨੂੰ ‘ਓਬੀਈ’ (ਆਫ਼ੀਸਰ ਆਫ਼ ਦੀ ਮੋਸਟ ਐਕਸੀਲੈਂਟ ਆਰਡਰ ਆਫ਼ ਦੀ ਬ੍ਰਿਟਿਸ਼ ਐਂਪਾਇਰ) ਨਾਲ ਸਨਮਾਨਿਤ ਕੀਤਾ ਜਾਵੇਗਾ। ‘ਸਕਿਪਿੰਗ ਸਿੱਖ’ ਵਜੋਂ ਮਸ਼ਹੂਰ ਹੋਏ 74 ਸਾਲਾ ਰਾਜਿੰਦਰ ਸਿੰਘ ਹਰਜ਼ੱਲ ਨੂੰ ‘ਐਮਬੀਈ’ (ਮੈਂਬਰ ਆਫ਼ ਦੀ ਆਰਡਰ ਆਫ਼ ਬ੍ਰਿਟਿਸ਼ ਐਂਪਾਇਰ) ਨਾਲ ਸਨਮਾਨਿਤ ਕੀਤਾ ਗਿਆ ਹੈ।

ਉਨ੍ਹਾਂ ਕੋਵਿਡ ਲੌਕਡਾਊਨ ਦੌਰਾਨ ਪ੍ਰੇਰਿਤ ਕਰਨ ਵਾਲੀਆਂ ਵੀਡੀਓ ਪੋਸਟ ਕੀਤੀਆਂ। ਇਨ੍ਹਾਂ ਵਿਚ ਉਹ ਕਸਰਤ ਕਰਦੇ, ਰੱਸੀ ਟੱਪਦੇ ਨਜ਼ਰ ਆਏ। ਹਰਜ਼ੱਲ ਨੇ ਸਰਕਾਰੀ ਸਿਹਤ ਸੇਵਾ ਐਨਐਚਐੱਸ ਲਈ 14 ਹਜ਼ਾਰ ਪਾਊਂਡ ਵੀ ਇਕੱਠੇ ਕੀਤੇ। ‘ਐਮਬੀਈ’ ਪਾਉਣ ਵਾਲੇ ਭਾਰਤੀਆਂ ਵਿਚ ਸੰਦੀਪ ਸਿੰਘ ਦਹੇਲੇ, ਲਵੀਨਾ ਮਹਿਤਾ, ਮਨਜੀਤ ਕੌਰ ਗਿੱਲ, ਪੁਸ਼ਕਲਾ ਗੋਪਾਲ, ਵਸੰਤ ਪਟੇਲ, ਬਲਜੀਤ ਕੌਰ ਸੰਧੂ ਸ਼ਾਮਲ ਹਨ।

Previous articleQuakes hit Manipur, Mizoram; no damage reported
Next article‘Being chosen to inaugurate K’taka Dasara celebrations is an honour’