ਲੰਡਨ (ਰਾਜਨਦੀਪ) (ਸਮਾਜਵੀਕਲੀ)- ਇੱਕ ਨਿੱਕੀ ਜਿਹੀ ਪ੍ਰਾਪਤੀ ਦੀ ਖ਼ਬਰ ਸਮੁੱਚੇ ਭਾਈਚਾਰੇ ਸਿਰ ਕਲਗੀ ਵਾਂਗ ਪ੍ਰਤੀਤ ਹੁੰਦੀ ਹੈ ਤੇ ਜਦੋਂ ਕੋਈ ਕਰਤੂਤ ਭਰੀ ਖ਼ਬਰ ਸਾਹਮਣੇ ਆਉਂਦੀ ਹੈ ਤਾਂ ਸਮੁੱਚਾ ਭਾਈਚਾਰਾ ਨੀਂਵੀਂ ਪਾ ਕੇ ਤੁਰਨ ਨੂੰ ਮਜ਼ਬੂਰ ਹੋ ਜਾਂਦਾ ਹੈ। ਇਹੋ ਜਿਹੀ ਕਰਤੂਤ ਦਾ ਮੁੱਖ ਸੂਤਰਧਾਰ ਬਣਿਆ ਹੈ ਸਕਾਟਲੈਂਡ ਵੱਸਦਾ ਪੰਜਾਬੀ ਮੂਲ ਦਾ 54 ਸਾਲਾ ਬਲਵਿੰਦਰ ਸਿੰਘ। ਬਲਵਿੰਦਰ ਸਿੰਘ ਨੇ ਖੁਦ ਇੱਕ 12 ਸਾਲਾ ਬੱਚੀ ਨਾਲ ਬਲਾਤਕਾਰ ਕਰਕੇ ਉਸ ਨੂੰ ਗਰਭਵਤੀ ਕਰਨ ਦਾ ਜ਼ੁਰਮ ਕਬੂਲਿਆ ਹੈ।
ਦੱਸਣਾ ਬਣਦਾ ਹੈ ਕਿ ਉਕਤ ਘਟਨਾ 2016 ਦੀ ਹੈ, ਜਦੋਂ ਉਸ ਨੇ ਐਡਿਨਬਰਾ ਦੇ ਇੱਕ ਘਰ ਵਿੱਚ 12 ਸਾਲਾ ਬਾਲੜੀ ਨਾਲ ਕੁਕਰਮ ਕੀਤਾ ਸੀ। ਇਸ ਉਪਰੰਤ ਬੱਚੀ ਵੱਲੋਂ ਪੇਟ ਦਰਦ ਦੀ ਸ਼ਿਕਾਇਤ ਕੀਤੀ ਜਾਣ ਲੱਗੀ। ਬੱਚੀ ਦੀ ਮਾਂ ਵੱਲੋਂ ਫੈਮਿਲੀ ਡਾਕਟਰ ਨਾਲ ਸੰਪਰਕ ਕੀਤੇ ਜਾਣ ‘ਤੇ ਪਤਾ ਲੱਗਿਆ ਕਿ ਉਕਤ ਬੱਚੀ ਗਰਭਵਤੀ ਹੈ। ਬੱਚੀ ਦੀ ਮਾਂ ਨੇ ਡਾਕਟਰਾਂ ਨੂੰ ਦੱਸਿਆ ਕਿ ਉਕਤ ਬੱਚੀ ਗਰਭਪਾਤ ਲਈ ਰਾਜ਼ੀ ਨਹੀਂ ਹੈ। ਇਸ ਉਪਰੰਤ ਸਥਾਨਕ ਅਧਿਕਾਰੀਆਂ ਤੇ ਪੁਲਸ ਨੂੰ ਸੂਚਿਤ ਕਰਨ ਉਪਰੰਤ ਬਲਾਤਕਾਰੀ ਬਲਵਿੰਦਰ ਸਿੰਘ ਦੀ ਭਾਲ ਸ਼ੁਰੂ ਹੋਈ। ਉਕਤ ਬੱਚੀ ਵੱਲੋਂ ਜੰਮੇ ਬੱਚੇ ਨੂੰ ਕਿਸੇ ਨੇ ਗੋਦ ਲੈ ਲਿਆ।
ਪੁਲਸ ਦੀ ਜਾਂਚ ਉਕਤ ਨਵਜੰਮੇ ਬੱਚੇ ਅਤੇ ਬਲਾਤਕਾਰੀ ਦੇ ਡੀ. ਐੱਨ. ਏ. ਦੇ ਮੇਲ ‘ਤੇ ਰੁਕੀ ਹੋਈ ਸੀ ਕਿਉਂਕਿ ਪੀੜਤ ਬੱਚੀ ਦੇ ਗਰਭਵਤੀ ਹੋਣ ਦਾ ਪਤਾ ਲੱਗਣ ‘ਤੇ ਬਲਵਿੰਦਰ ਸਿੰਘ ਕੈਨੇਡਾ ਨੂੰ ਉਡਾਰੀ ਮਾਰ ਚੁੱਕਾ ਸੀ। ਜਨਵਰੀ ਮਹੀਨੇ ਕੈਨੇਡੀਅਨ ਅਥਾਰਟੀ ਵੱਲੋਂ ਸੂਚਿਤ ਕੀਤਾ ਗਿਆ ਕਿ ਬਲਵਿੰਦਰ ਸਿੰਘ ਉਨ੍ਹਾਂ ਦੀ ਹਿਰਾਸਤ ਵਿੱਚ ਹੈ, ਉਸ ਨੂੰ ਇੱਕ ਦੁਕਾਨ ਵਿੱਚੋਂ ਚੀਜ਼ਾਂ ਚੋਰੀ ਕਰਨ ਦੇ ਜ਼ੁਰਮ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਅੰਤ ਬਲਵਿੰਦਰ ਸਿੰਘ ਨੂੰ ਕੈਨੇਡਾ ਡਿਪੋਰਟ ਕੀਤਾ ਗਿਆ ਤਾਂ ਲੰਡਨ ਹੀਥਰੋ ਹਵਾਈ ਅੱਡੇ ‘ਤੇ ਪਹੁੰਚਦਿਆਂ ਹੀ ਮੁੜ ਹੱਥਕੜੀ ਲਾ ਲਈ ਗਈ। ਡੀ. ਐੱਨ. ਏ. ਜਾਂਚ ‘ਚ ਬਲਵਿੰਦਰ ਸਿੰਘ ਹੀ ਬਲਾਤਕਾਰ ਉਪਰੰਤ ਪੈਦਾ ਹੋਏ ਉਕਤ ਬੱਚੇ ਦਾ ਬਾਪ ਨਿਕਲਿਆ। ਪਿਛਲੇ ਸੋਮਵਾਰ ਉਸਨੂੰ ਸਾਉਟਨ ਜੇਲ੍ਹ ਵਿੱਚੋਂ ਵੀਡੀਓ ਕਾਨਫਰੰਸਿੰਗ ਜਰੀਏ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ ਤੇ ਉਸ ਨੇ ਕਬੂਲ ਕੀਤਾ ਹੈ ਕਿ ਉਕਤ 12 ਸਾਲਾ ਬਾਲੜੀ ਨਾਲ ਬਲਾਤਕਾਰ ਉਸ ਨੇ ਹੀ ਕੀਤਾ ਸੀ।