ਅੰਮ੍ਰਿਤਸਰ (ਸਮਾਜ ਵੀਕਲੀ) : ਸ਼੍ਰੋਮਣੀ ਕਮੇਟੀ ਦੇ ਸੌ ਸਾਲਾ ਸਥਾਪਨਾ ਦਿਵਸ ਮੌਕੇ ਸੰਗਤ ਨੂੰ ਸਿੱਖ ਸੰਸਥਾ ਦੇ ਕੁਰਬਾਨੀਆਂ ਭਰੇ ਇਤਿਹਾਸ ਦੇ ਰੂਬਰੂ ਕਰਵਾਉਣ ਦੇ ਮੰਤਵ ਨਾਲ ਤਿਆਰ ਕੀਤੇ ਚਿੱਤਰਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਨਾਲ ਸ਼ਤਾਬਦੀ ਸਮਾਗਮਾਂ ਦੀ ਅੱਜ ਸ਼ੁਰੂਆਤ ਹੋ ਗਈ ਹੈ। ਇਹ ਚਿੱਤਰ ਵੱਖ-ਵੱਖ ਚਿੱਤਰਕਾਰਾਂ ਤੋਂ ਤਿਆਰ ਕਰਵਾਏ ਗਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਸਥਾਪਨਾ ਦਿਵਸ ਦੀ ਸ਼ਤਾਬਦੀ ਦੇ ਸਬੰਧ ਵਿਚ 15 ਨਵੰਬਰ ਨੂੰ ਅਕਾਲ ਤਖ਼ਤ ’ਤੇ ਅਖੰਡ ਪਾਠ ਸ਼ੁਰੂ ਕੀਤੇ ਜਾਣਗੇ ਤੇ 17 ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਭੋਗ ਪਾਏ ਜਾਣਗੇ।
ਕਰੋਨਾ ਦੇ ਚਲਦਿਆਂ ਇਹ ਸ਼ਤਾਬਤੀ ਸਮਾਗਮ ਇਸ ਸਾਲ ਸੰਕੋਚ ਕੇ ਮਨਾਏ ਜਾ ਰਹੇ ਹਨ। ਅਗਲਾ ਵਰ੍ਹਾ ਇਸੇ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਪ੍ਰਦਰਸ਼ਨੀ ਅੱਜ ਦਰਬਾਰ ਸਾਹਿਬ ਸਮੂਹ ਵਿਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਬਾਹਰ ਵਿਸ਼ੇਸ਼ ਪੰਡਾਲ ਵਿਚ ਲਗਾਈ ਗਈ। ਦੱਸਣਯੋਗ ਹੈ ਕਿ ਇਸ ਪ੍ਰਦਰਸ਼ਨੀ ਲਈ ਬੀਤੇ ਦਿਨੀਂ ਲਗਾਈ ਗਈ ਚਿੱਤਰਕਲਾ ਕਾਰਜਸ਼ਾਲਾ ਦੌਰਾਨ ਪੰਜਾਬ ਭਰ ਦੇ ਚਿੱਤਰਕਾਰਾਂ ਵੱਲੋਂ 32 ਚਿੱਤਰ ਤਿਆਰ ਕੀਤੇ ਗਏ ਸਨ। ਇਹ ਪ੍ਰਦਰਸ਼ਨੀ 17 ਨਵੰਬਰ ਤਕ ਚੱਲੇਗੀ।
ਪ੍ਰਦਰਸ਼ਨੀ ’ਚ ਲਗਾਏ ਗਏ ਚਿੱਤਰਾਂ ਵਿਚ ਮਹੰਤਾਂ ਕੋਲੋਂ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਖ਼ਾਲਸਾ ਪੰਥ ਵੱਲੋਂ ਆਪਣੇ ਹੱਥਾਂ ਵਿਚ ਲੈਣ, ਸਾਕਾ ਨਨਕਾਣਾ ਸਾਹਿਬ, ਸਾਕਾ ਗੁਰੂ ਕਾ ਬਾਗ਼, ਜੈਤੋ ਦਾ ਮੋਰਚਾ, ਕਿਰਪਾਨ ਦਾ ਮੋਰਚਾ, ਨਾਭਾ ਦੀ ਖ਼ੂਨੀ ਜੇਲ੍ਹ ਦੇ ਦ੍ਰਿਸ਼ ਦੇ ਨਾਲ-ਨਾਲ ਕਈ ਪ੍ਰਮੁੱਖ ਸ਼ਖ਼ਸੀਅਤਾਂ ਦੇ ਚਿੱਤਰ ਸ਼ਾਮਲ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਰਹੇ ਪ੍ਰਧਾਨਾਂ ਨੂੰ ਇੱਕ ਚਿੱਤਰ ਵਿੱਚ ਦਿਖਾਇਆ ਗਿਆ ਹੈ। ਚਿੱਤਰਾਂ ਦੇ ਨਾਲ ਪੰਜਾਬੀ ਤੇ ਅੰਗਰੇਜ਼ੀ ਵਿਚ ਸਬੰਧਿਤ ਇਤਿਹਾਸ ਨੂੰ ਵੀ ਸੰਖੇਪ ਰੂਪ ਵਿਚ ਦਿੱਤਾ ਗਿਆ ਹੈ।