ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਦੇ ਸਬੰਧ ਵਿਚ ਅਖੰਡ ਪਾਠ ਸ਼ੁਰੂ

ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਦੇ ਸਬੰਧ ਵਿਚ ਅੱਜ ਇਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਅਖੰਡ ਪਾਠ ਆਰੰਭ ਕੀਤੇ ਗਏ, ਜਿਸ ਦਾ ਭੋਗ 14 ਦਸੰਬਰ ਨੂੰ ਪਵੇਗਾ। ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਆਗੂਆਂ ਨੇ ਜੋੜਾ ਅਤੇ ਲੰਗਰ ਘਰ ਵਿਚ ਸੇਵਾ ਵੀ ਕੀਤੀ। ਮਗਰੋਂ ਉਨ੍ਹਾਂ ਗੁਰਬਾਣੀ-ਕੀਰਤਨ ਵੀ ਸਰਵਣ ਕੀਤਾ। ਅਖੰਡ ਪਾਠ ਦੀ ਆਰੰਭਤਾ ਵੇਲੇ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਪ੍ਰਧਾਨ ਜਗੀਰ ਕੌਰ, ਗੁਲਜ਼ਾਰ ਸਿੰਘ ਰਣੀਕੇ, ਡਾ. ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ, ਮਹੇਸ਼ ਇੰਦਰ ਸਿੰਘ ਗਰੇਵਾਲ ਤੇ ਹੋਰ ਆਗੂ ਹਾਜ਼ਰ ਸਨ। ਅਖੰਡ ਪਾਠ ਸ੍ਰੀ ਅਕਾਲ ਤਖ਼ਤ ਨੇੜੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਿਖੇ ਸ਼ੁਰੂ ਕੀਤਾ ਗਿਆ ਹੈ। ਪਾਰਟੀ ਦੇ ਬੁਲਾਰੇ ਅਤੇ ਸਕੱਤਰ ਜਨਰਲ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ 99ਵੇਂ ਸਥਾਪਨਾ ਦਿਵਸ ਦੇ ਸਬੰਧ ਵਿਚ ਅਖੰਡ ਪਾਠ ਦੇ ਭੋਗ 14 ਦਸੰਬਰ ਨੂੰ ਪਾਏ ਜਾਣਗੇ। ਉਸੇ ਦਿਨ ਦੁਪਹਿਰ ਇਕ ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਪਾਰਟੀ ਦਾ ਡੈਲੀਗੇਟ ਇਜਲਾਸ ਹੋਵੇਗਾ, ਜਿਸ ਵਿਚ ਪਾਰਟੀ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 13 ਦਸੰਬਰ ਨੂੰ ਭਾਈ ਗੁਰਦਾਸ ਹਾਲ ਵਿਚ ਪਾਰਟੀ ਦੀ ਵਰਕਿੰਗ ਕਮੇਟੀ ਮੈਂਬਰਾਂ ਦੀ ਮੀਟਿੰਗ ਹੋਵੇਗੀ, ਜਿਸ ਵਿਚ ਡੈਲੀਗੇਟ ਇਜਲਾਸ ਸਬੰਧੀ ਰੂਪ ਰੇਖਾ ’ਤੇ ਵਿਚਾਰ ਚਰਚਾ ਕਰਕੇ ਅੰਤਿਮ ਛੋਹ ਦਿੱਤੀ ਜਾਵੇਗੀ। ਡਾਕਟਰ ਚੀਮਾ ਨੇ ਕਿਹਾ ਕਿ ਪਿਛਲੇ 99 ਸਾਲਾਂ ਦੌਰਾਨ ਕਈ ਪ੍ਰਧਾਨ ਬਣੇ, ਜਿਨ੍ਹਾਂ ਪਾਰਟੀ ਦੀ ਬੁਲੰਦੀ ਲਈ ਅਹਿਮ ਕੰਮ ਕੀਤਾ ਹੈ ਪਰ ਪ੍ਰਕਾਸ਼ ਸਿੰਘ ਬਾਦਲ ਦੇ ਵੇਲੇ ਪਾਰਟੀ ਨੇ ਲੰਮਾ ਸਮਾਂ ਸੱਤਾ ਵਿਚ ਰਾਜ ਕੀਤਾ। ਪਾਰਟੀ ਪਿਛਲੇ 20 ਸਾਲਾਂ ਦੌਰਾਨ 15 ਸਾਲ ਸੱਤਾ ਵਿਚ ਰਹੀ, ਜੋ ਵੱਡੀ ਪ੍ਰਾਪਤੀ ਹੈ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਲਾਏ ਜਾ ਰਹੇ ਪਰਿਵਾਰਵਾਦ ਦੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ,‘‘ਉਹ ਕਿਸ ਪਰਿਵਾਰ ਦਾ ਕਬਜ਼ਾ ਚਾਹੁੰਦੇ ਹਨ। ਕੀ ਉਨ੍ਹਾਂ ਦੇ ਆਪਣੇ ਪਰਿਵਾਰਾਂ ਦੇ ਜੀਅ ਸਿਆਸਤ ਵਿਚ ਨਹੀਂ ਹਨ।’’ ਕਿਸੇ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਪਾਰਟੀ ਵਿਚ ਅੱਗੇ ਵਧਣ ਲਈ ਆਪਸੀ ਈਰਖਾ ਦੀ ਥਾਂ ਵੱਡੇ ਕੰਮ ਕਰਕੇ ਦਿਖਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਦਾ ਮਤਲਬ ਕਾਂਗਰਸ ਦੀ ਮਦਦ ਕਰਨਾ ਹੈ। ਪਾਰਟੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਵੀ ਪਰਿਵਾਰਵਾਦ ਦੇ ਲਾਏ ਗਏ ਦੋਸ਼ਾਂ ਬਾਰੇ ਸ੍ਰੀ ਚੀਮਾ ਨੇ ਕਿਹਾ ਕਿ ਉਹ ਬੜੇ ਸੀਨੀਅਰ ਆਗੂ ਹਨ ਅਤੇ ਉਹ ਉਨ੍ਹਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਢੀਂਡਸਾ ਨੇ ਹੁਣ ਤੱਕ ਕੋਈ ਅਜਿਹੀ ਗੱਲ ਵੀ ਨਹੀਂ ਆਖੀ ਹੈ, ਜਿਸ ਬਾਰੇ ਪਾਰਟੀ ਨੂੰ ਪ੍ਰਤੀਕਰਮ ਦੇਣਾ ਪਵੇ। ਸੂਬੇ ਵਿਚ ਨਸ਼ਿਆਂ ਦੇ ਕਾਰੋਬਾਰ ਬਾਰੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਸ਼ੇ ਖ਼ਤਮ ਕਰਨ ਵਿਚ ਨਾਕਾਮ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਵੇਲੇ ਇਸ ਮੁੱਦੇ ’ਤੇ ਝੂਠੀ ਰਾਜਨੀਤੀ ਕੀਤੀ ਗਈ ਸੀ। ਇਸ ਮੌਕੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਸ਼੍ਰੋਮਣੀ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ, ਹਰਜਿੰਦਰ ਸਿੰਘ ਧਾਮੀ, ਰਵੀਕਰਨ ਸਿੰਘ ਕਾਹਲੋਂ, ਚਰਨਜੀਤ ਸਿੰਘ ਬਰਾੜ ਹਾਜ਼ਰ ਸਨ।

Previous articleਬਾਦਲਾਂ ਤੋਂ ਨਾਰਾਜ਼ ਆਗੂਆਂ ਨੂੰ ਇਕੱਠੇ ਕਰਨਗੇ ਢੀਂਡਸਾ
Next articleਝਾਰਖੰਡ ਚੋਣਾਂ: ਤੀਜੇ ਗੇੜ ਤਹਿਤ 63 ਫੀਸਦ ਪੋਲਿੰਗ