12 ਨੂੰ ਗੁ: ਬੇਰ ਸਾਹਿਬ ਤੋਂ ਬਟਾਲਾ ਰਵਾਨਾ ਹੋਵੇਗਾ ਮਹਾਨ ਨਗਰ ਕੀਰਤਨ -ਜਥੇ ਕੁਲਾਰ
ਕਪੂਰਥਲਾ/ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ )- ਮਨੁੱਖਤਾ ਦੇ ਰਹਿਬਰ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਜਗਤ ਮਾਤਾ ਸੁਲੱਖਣੀ ਜੀ ਦੇ ਸਲਾਨਾ ਵਿਆਹ ਪੁਰਬ ਦੀ ਯਾਦ ਚ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਟਾਲਾ ਤੱਕ ਵਿਸ਼ਾਲ ਨਗਰ ਕੀਰਤਨ 12 ਸਤੰਬਰ ਦਿਨ ਐਤਵਾਰ ਨੂੰ ਸਵੇਰੇ 7 ਵਜੇ ਪੂਰੀ ਸ਼ਾਨੌ ਸ਼ੌਕਤ ਤੇ ਸ਼ਰਧਾ ਭਾਵ ਨਾਲ ਰਵਾਨਾ ਹੋਵੇਗਾ ।ਇਸ ਸਬੰਧੀ ਇਲਾਕੇ ਦੀਆਂ ਸਮੂਹ ਧਾਰਮਿਕ ਸਭਾ ਸੋਸਾਇਟੀਆਂ ਨਾਲ ਪਹਿਲੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਰੋਡੇ ਤੇ ਹੈੱਡ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਸਭਰਾ ਦੀ ਅਗਵਾਈ ਹੇਠ ਹੋਈ । ਜਿਸਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ ਸਰਵਣ ਸਿੰਘ ਕੁਲਾਰ , ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਤੇ ਇੰਜ. ਸਵਰਨ ਸਿੰਘ ਮੈਂਬਰ ਪੀ.ਏ.ਸੀ. ਸ਼੍ਰੋਮਣੀ ਅਕਾਲੀ ਦਲ ਨੇ ਸੰਬੋਧਨ ਕੀਤਾ ਤੇ ਤਿਆਰੀਆਂ ਸਬੰਧੀ ਵਿਚਾਰ ਚਰਚਾ ਕੀਤੀ ।
ਜਥੇ ਕੁਲਾਰ ਤੇ ਬੀਬੀ ਰੂਹੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਵਿਆਹ ਦੀ ਯਾਦ ਚ ਇਹ ਮਹਾਨ ਨਗਰ ਕੀਰਤਨ ਪਿਛਲੇ ਦੋ ਸਾਲਾਂ ਤੋਂ ਨਹੀਂ ਸੀ ਸਜਾਇਆ ਗਿਆ । ਪਰ ਇਸ ਸਾਲ ਸਤਿਗੁਰੂ ਜੀ ਦੀ ਕਿਰਪਾ ਸਦਕਾ ਸੰਗਤਾਂ ਵੱਲੋਂ ਬਹੁਤ ਹੀ ਉਤਸ਼ਾਹ ਤੇ ਚਾਵਾਂ ਨਾਲ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸਵੇਰੇ 7 ਵਜੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਆਰੰਭ ਇਹ ਨਗਰ ਕੀਰਤਨ ਤਲਵੰਡੀ ਰੋਡ ਚੌਕ , ਖਾਲਸਾ ਮਾਰਬਲ ਹਾਊਸ, ਤਲਵੰਡੀ ਚੌਧਰੀਆਂ , ਫੱਤੂਢੀਘਾ , ਉੱਚਾ , ਸੈਫਲਾਬਾਦ , ਘਣੀਏ ਕੇ , ਖੈੜਾ ਬੇਟ , ਢਿਲਵਾਂ , ਬਿਆਸ , ਬਾਬਾ ਬਕਾਲਾ , ਅੱਚਲ ਸਾਹਿਬ , ਬਟਾਲਾ ਸਾਹਿਬ ਚ ਪੁੱਜ ਕੇ ਗੁਰਦੁਆਰਾ ਸਤਿਕਰਤਾਰੀਆ ਸਾਹਿਬ ਵਿਖੇ ਸਮਾਪਤ ਹੋਵੇਗਾ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਚ ਟਰੈਕਟਰਾਂ ਆਦਿ ਤੇ ਡੀਜੇ ਵਗੈਰਾ ਲਗਾਉਣ ਤੇ ਪਾਬੰਦੀ ਲਗਾਈ ਗਈ ਹੈ ।
ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਰੋਡੇ ਨੇ ਦੱਸਿਆ ਕਿ ਧਾਰਮਿਕ ਸਭਾ ਸੋਸਾਇਟੀਆਂ ਵੱਲੋਂ ਦਿੱਤੇ ਸਾਰੇ ਸੁਝਾਅ ਨੋਟ ਕੀਤੇ ਗਏ ਹਨ ਤੇ ਇਸ ਵਾਰ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ,ਇਸਦਾ ਪੂਰਾ ਖਿਆਲ ਰੱਖਿਆ ਜਾਵੇਗਾ । ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ‘ਚ ਸ਼ਾਮਲ ਸੰਗਤਾਂ ਤੇ ਰਾਗੀ ਜਥੇ ਗੁਰਬਾਣੀ ਦਾ ਕੀਰਤਨ ਤੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਗੇ । ਉਨ੍ਹਾਂ ਕਿਹਾ ਕਿ ਕੋਈ ਵੀ ਨੌਜਵਾਨ ਮੋਟਰ ਸਾਈਕਲ ਦੇ ਕੰਨ ਪਾੜਵੀਂ ਆਵਾਜ ਵਾਲੇ ਸਲੰਸਰ ਤੇ ਹਾਰਨ ਲਗਾ ਕੇ ਨਾ ਆਵੇ ਤੇ ਨਗਰ ਕੀਰਤਨ ਦੀ ਮਰਿਆਦਾ ਦਾ ਪੂਰਾ ਖਿਆਲ ਰੱਖਿਆ ਜਾਵੇ । ਹੈੱਡ ਗ੍ਰੰਥੀ ਭਾਈ ਸਭਰਾ ਨੇ ਇਸ ਸਮੇਂ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੀਆਂ ਜਥੇਬੰਦੀਆਂ ਦੀਆਂ ਡਿਊਟੀਆਂ ਲਗਾਈਆਂ ਤੇ ਸਮੂਹ ਸੰਗਤਾਂ ਨੂੰ ਤਨ ,ਮਨ , ਧੰਨ ਨਾਲ ਸੇਵਾ ਕਰਕੇ ਜੀਵਨ ਸਫਲਾ ਕਰਨ ਦੀ ਅਪੀਲ ਕੀਤੀ । ਉਨ੍ਹਾਂ ਦੱਸਿਆ ਕਿ ਰਸਤੇ ‘ਚ ਵੱਖ ਵੱਖ ਥਾਵਾਂ ਤੇ ਸੰਤਾਂ ਮਹਾਂਪੁਰਸ਼ਾਂ ਤੇ ਪਿੰਡਾਂ ਦੀਆਂ ਸੰਗਤਾਂ ਵੱਲੋਂ ਚਾਹ, ਪਕੌੜੇ , ਮਿਠਿਆਈਆਂ, ਫਰੂਟ ਤੇ ਗੁਰੂ ਕੇ ਲੰਗਰ ਲਗਾਏ ਜਾਣਗੇ ।
ਇਸ ਸਮੇ ਵੱਖ ਵੱਖ ਸਭਾ ਸੁਸਾਇਟੀਆਂ ਵਲੋਂ ਨਗਰ ਕੀਰਤਨ ਦੀ ਸਫਲਤਾ ਪੂਰਵਕ ਸੰਪੂਰਨਤਾ ਸੰਬੰਧੀ ਲੋੜੀਂਦੇ ਸੁਝਾਅ ਦਿੱਤੇ । ਨਗਰ ਕੀਰਤਨ ਦੌਰਾਨ ਜਲ ਛਿੜਕਾਅ , ਫੁੱਲਾਂ ਦੀ ਸੇਵਾ , ਟਰੈਫਿਕ ਕੰਟਰੋਲ, ਸਫਾਈ ਦੀ ਸੇਵਾ ਸਬੰਧੀ ਜਥੇਬੰਦੀਆਂ ਨੇ ਵੱਧ ਚੜ੍ਹ ਕੇ ਸੇਵਾ ਕਰਨ ਦਾ ਭਰੋਸਾ ਦਿਵਾਇਆ । ਇਸਤੋਂ ਇਲਾਵਾ ਨਗਰ ਕੀਰਤਨ ਦੌਰਾਨ ਜੇਬ ਕਤਰਿਆਂ ਤੇ ਲਗਾਮ ਲਗਾਉਣ ਲਈ ਵੀ ਪੁਲਸ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ । ਇਸ ਸਮੇਂ ਖਾਲਸਾ ਮਾਰਬਲ ਦੇ ਐਮ.ਡੀ. ਜਥੇ ਭੁਪਿੰਦਰ ਸਿੰਘ ਖਾਲਸਾ ਨੇ ਚਾਹ-ਪਕੌੜੇ ਦੇ ਲੰਗਰ , ਗੁਰੂ ਨਾਨਕ ਸੇਵਕ ਜਥਾ ਬਾਹਰਾ ਵੱਲੋਂ ਸੰਤ ਬਾਬਾ ਕਰਤਾਰ ਸਿੰਘ ਜੀ ਤੇ ਸੰਤ ਬਾਬਾ ਗੁਰਚਰਨ ਸਿੰਘ ਜੀ ਮੁਖੀ ਦਮਦਮਾ ਸਾਹਿਬ ਠੱਟਾ ਵਾਲਿਆਂ ਦੀ ਅਗਵਾਈ ‘ਚ ਦੋ ਦਿਨ ਗੁਰਦੁਆਰਾ ਬੇਰ ਸਾਹਿਬ ਵਿਖੇ ਚਾਹ -ਪਕੌੜੇ ਦੇ ਲੰਗਰ ਦੀ ਸੇਵਾ , ਗੁਰੂ ਨਾਨਕ ਸੇਵਕ ਜਥਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਡਾ. ਨਿਰਵੈਲ ਸਿੰਘ ਧਾਲੀਵਾਲ ਦੀ ਅਗਵਾਈ ‘ਚ ਜਲ ਜੀਰੇ ਦੀ ਸੇਵਾ , ਰਾਮਗੜ੍ਹੀਆ ਨੌਜਵਾਨ ਸਭਾ ਵੱਲੋਂ ਫੁੱਲਾਂ ਦੀ ਸੇਵਾ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ ।
ਇਸ ਮੀਟਿੰਗ ‘ਚ ਸ਼੍ਰੋਮਣੀ ਕਮੇਟੀ ਮੈਂਬਰ ਜਥੇ ਜਰਨੈਲ ਸਿੰਘ ਡੋਗਰਾਂਵਾਲ , ਸਰਬਜੀਤ ਸਿੰਘ ਧੂੰਦਾ ਐਡੀਸਨਲ ਮੈਨੇਜਰ , ਪ੍ਰਿੰਸੀਪਲ ਡਾ. ਜਸਵੰਤ ਸਿੰਘ , ਡਾ. ਨਿਰਵੈਲ ਸਿੰਘ , ਸੰਤੋਖ ਸਿੰਘ ਬਿਧੀਪੁਰ ਪ੍ਰਧਾਨ , ਜਥੇ ਸੂਬਾ ਸਿੰਘ ਠੱਟਾ , ਜਥੇ ਭੁਪਿੰਦਰ ਸਿੰਘ ਖਾਲਸਾ , ਜਥੇ ਹਰਜਿੰਦਰ ਸਿੰਘ ਖਾਲਸਾ , ਜਥੇ ਰਘਬੀਰ ਸਿੰਘ ਪ੍ਰਧਾਨ , ਭੁਪਿੰਦਰ ਸਿੰਘ ਖਜਾਨਚੀ,ਕਮਲਜੀਤ ਸਿੰਘ ਹੈਬਤਪੁਰ, ਡਾ. ਗੁਰਦੇਵ ਸਿੰਘ ਜੋਸਣ , ਜਸਕਰਨਬੀਰ ਸਿੰਘ ਗੋਲਡੀ ਪ੍ਰਧਾਨ , ਸੂਰਤ ਸਿੰਘ ਮਿਰਜਾਪੁਰ ,ਹਰਦੀਪ ਸਿੰਘ ਇੰਸਪੈਕਟਰ , ਪਰਮਜੀਤ ਸਿੰਘ ਖਾਲਸਾ ,ਬੀਬੀ ਬਲਜੀਤ ਕੌਰ ਕਮਾਲਪੁਰ, ਰਣਜੀਤ ਸਿੰਘ ਠੱਟਾ , ਸੁਖਵਿੰਦਰ ਸਿੰਘ ਆਰ.ਕੇ.,ਜਥੇ ਸਰਵਣ ਸਿੰਘ ਚੱਕਾਂ , ਰਾਜਿੰਦਰ ਸਿੰਘ ਕੌਸਲਰ, ਕਸ਼ਮੀਰ ਸਿੰਘ ਸੋਨਾ , ਭਾਈ ਹਰਵਿੰਦਰ ਸਿੰਘ ਪ੍ਰਚਾਰਕ ,ਹਰਪ੍ਰੀਤ ਸਿੰਘ ਸੋਢੀ ਪ੍ਰਧਾਨ ਭਾਈ ਬਾਲਾ ਜੀ ਸੇਵਾ ਸੋਸਾਇਟੀ , ਗੁਰਪਾਲ ਸਿੰਘ ਆਦਿ ਹੋਰਨਾਂ ਸ਼ਿਰਕਤ ਕੀਤੀ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly