ਸ਼ੌਕੀਨਾਂ ਨੂੰ ਨਹੀਂ ਭਰਨਾ ਪਏਗਾ ਕੌੜਾ ਘੁੱਟ; ਸਸਤੀ ਹੋ ਸਕਦੀ ਹੈ ਸ਼ਰਾਬ

ਜ਼ਿਲ੍ਹੇ ਦੇ ਆਬਕਾਰੀ ਨੀਤੀ 2019-20 ਲਈ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦੇ ਨਿਕਲੇ ਡਰਾਅ ’ਚ ਪਿਛਲੇ ਸਾਲ ਨਾਲੋਂ 72 ਕਰੋੜ ਦੀ ਆਮਦਨ ਵੱਧ ਹੋਵੇਗੀ। ਇਸ ਸਾਲ ਪੌਂਟੀ ਚੱਢਾ ਪਰਿਵਾਰ ਦਾ ਸ਼ਰਾਬ ਦੇ ਠੇਕਿਆਂ ਤੋਂ ਦਬਦਬਾ ਵੀ ਘਟ ਗਿਆ ਹੈ। ਪਿਛਲੇ ਸਾਲ ਉਨ੍ਹਾਂ ਕੋਲ ਕਾਰਪੋਰੇਸ਼ਨ ਦੇ ਠੇਕਿਆਂ ਦੇ ਸਾਰੇ ਦੇ ਸਾਰੇ 47 ਗਰੁੱਪ ਸਨ ਪਰ ਇਸ ਵਾਰ ਉਨ੍ਹਾਂ ਦੇ ਹਿੱਸੇ 14 ਗਰੁੱਪ ਹੀ ਆਏ। ਚੱਢਿਆਂ ਦਾ ਦਬਦਬਾ ਘਟਣ ਨਾਲ ਸ਼ਹਿਰ ਵਿਚ ਸ਼ਰਾਬ ਸਸਤੀ ਹੋਣ ਦੀਆਂ ਸੰਭਾਵਨਾਵਾਂ ਹਨ। ਅਲਾਟਮੈਂਟ ਜ਼ਿਲ੍ਹਾ ਰੈੱਡ ਕਰਾਸ ਭਵਨ ਜਲੰਧਰ ਵਿਚ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੀ ਬਤੌਰ ਆਬਜ਼ਰਵਰ ਵਜੋਂ ਹਾਜ਼ਰੀ ਵਿਚ ਕਰਵਾਈ ਗਈ। ਅਲਾਟਮੈਂਟ ਪ੍ਰਕਿਰਿਆ ਵਿੱਚ ਜਲੰਧਰ ਕਾਰਪੋਰੇਸ਼ਨ ਦੇ ਠੇਕੇ 47 ਗਰੁੱਪਾਂ ਅਤੇ ਜਲੰਧਰ-1 ਅਤੇ ਜਲੰਧਰ-2 ਦੇ 33 ਗਰੁੱਪਾਂ ਸਮੇਤ ਕੁੱਲ 80 ਗਰੁੱਪਾਂ ਵਿੱਚ ਅਲਾਟ ਕੀਤੇ ਗਏ। ਜਲੰਧਰ ਕਾਰਪੋਰੇਸ਼ਨ ਲਈ ਕੁੱਲ 2207, ਜਲੰਧਰ 1 ਰੂਰਲ ਦੇ ਗਰੁੱਪਾਂ ਲਈ 1004 ਅਤੇ ਜਲੰਧਰ-2 ਰੂਰਲ ਗਰੁੱਪਾਂ ਲਈ 1725 ਅਰਜ਼ੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਵਿਚੋਂ ਕ੍ਰਮਵਾਰ 6,62,10,000 ਰੁਪਏ, 3,01,20,000 ਰੁਪਏ ਅਤੇ 5,17,50,000 ਰੁਪਏ ਲਾਟਰੀ ਫੀਸ ਵਜੋਂ ਪ੍ਰਾਪਤ ਹੋਏ।ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜਲੰਧਰ-1 ਅਤੇ ਜਲੰਧਰ 2 ਦੇ ਠੇਕਿਆਂ ਤੋਂ ਸਾਲ 2019-20 ਦੌਰਾਨ 484.45 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ, ਜੋ ਕਿ ਪਿਛਲੇ ਸਾਲ ਨਾਲੋਂ 72 ਕਰੋੜ ਰੁਪਏ ਵੱਧ ਹੈ।

Previous articleਸੈਰ ਕਰ ਰਹੀ ਔਰਤ ਨੂੰ ਪਾਲਤੂ ਕੁੱਤੇ ਨੇ ਵੱਢਿਆ
Next articleਕਰਤਾਰਪੁਰ ਲਾਂਘਾ: ਪਾਕਿ ਦੇ ਪਿੰਡ ਵਾਸੀ ਜ਼ਮੀਨ ਨਾ ਦੇਣ ਲਈ ਅੜੇ