ਸ਼ੈਲਟਰ ਹੋਮ ਮਾਮਲਾ: ਸਾਬਕਾ ਮੰਤਰੀ ਮੰਜੂ ਵਰਮਾ ਵੱਲੋਂ ਸਮਰਪਣ

ਮੁਜ਼ੱਫਰਨਗਰ ਸ਼ੈਲਟਰ ਹੋਮ ਮਾਮਲੇ ਵਿੱਚ ਲੋੜੀਂਦੀ ਬਿਹਾਰ ਦੀ ਸਾਬਕਾ ਮੰਤਰੀ ਮੰਜੂ ਵਰਮਾ ਨੇ ਅੱਜ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਉਸ ’ਤੇ ਸ਼ੈਲਟਰ ਹੋਮ ਮਾਮਲੇ ਦੀ ਜਾਂਚ ਦੌਰਾਨ ਕੇਸ ਦਰਜ ਕੀਤਾ ਗਿਆ ਸੀ। ਅਦਾਲਤ ਨੇ ਸਾਬਕਾ ਮੰਤਰੀ ਨੂੰ ਇਕ ਦਸੰਬਰ ਤਕ ਜੁਡੀਸ਼ਲ ਰਿਮਾਂਡ ’ਤੇ ਭੇਜ ਦਿੱਤਾ ਹੈ। ਅਡੀਸ਼ਨਲ ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਪ੍ਰਭਾਤ ਦਿਵੇਦੀ ਨੇ ਸਾਬਕਾ ਮੰਤਰੀ ਦੀ ਸਿਹਤ ਦੀ ਜਾਂਚ ਦੇ ਆਦੇਸ਼ ਦਿੱਤੇ। ਅਦਾਲਤ ਵਿੱਚ ਹਾਜ਼ਰ ਮੰਜੂ ਵਰਮਾ ਨੇ ਆਪਣਾ ਮੂੰਹ ਸਾੜ੍ਹੀ ਨਾਲ ਢਕਿਆ ਹੋਇਆ ਸੀ। ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ ਵਿੱਚ ਸੀਬੀਆਈ ਵੱਲੋਂ ਉਨ੍ਹਾਂ ਦੇ ਘਰ ਛਾਪਾ ਮਾਰਿਆ ਗਿਆ ਸੀ ਜਿਸ ਦੌਰਾਨ ਘਰ ’ਚੋਂ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਹੋਏ ਸਨ। ਇਸ ਮਾਮਲੇ ਵਿੱਚ ਮੰਜੂ ਵਰਮਾ ਅਤੇ ਉਸ ਦੇ ਪਤੀ ਚੰਦਰਸ਼ੇਖਰ ਵਰਮਾ ਵਿਰੁੱਧ ਚੇਰੀਆ ਬਰੀਆਰਪੁਰ ਪੁਲੀਸ ਸਟੇਸ਼ਨ ਵਿੱਚ ਅਗਸਤ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਸੇ ਦੌਰਾਨ ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ ਦੇ ਮੁੱਖ ਦੋਸ਼ੀ ਬ੍ਰਜੇਸ਼ ਠਾਕੁਰ ਦੀ ਅਤਿ ਨੇੜਲੀ ਸਾਥਣ ਮਧੂ ਸੀਬੀਆਈ ਮੂਹਰੇ ਮੰਗਲਵਾਰ ਨੂੰ ਪੇਸ਼ ਹੋਈ। ਇਸੇ ਦੌਰਾਨ ਸੀਬੀਆਈ ਨੇ ਬ੍ਰਜੇਸ਼ ਠਾਕੁਰ ਦੇ ਦੂਜੇ ਸਹਾਇਕ ਡਾ. ਅਸ਼ਵਨੀ ਕੁਮਾਰ ਨੂੰ ਵੀ ਕਾਬੂ ਕੀਤਾ ਹੈ ਜਿਸ ’ਤੇ ਲੜਕੀਆਂ ਨੂੰ ਨਸ਼ੇ ਦੇ ਟੀਕੇ ਲਗਾਉਣ ਦਾ ਦੋਸ਼ ਹੈ। ਉਸ ਨੇ ਸੀਬੀਆਈ ਨੂੰ ਦੱਸਿਆ ਕਿ ਉਸ ਨੂੰ ਸ਼ੈਲਟਰ ਹੋਮ ਵਿੱਚ ਕੀ ਕੁਝ ਵਾਪਰਿਆ, ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਉਹ ਬੇਕਸੂਰ ਹੈ। ਉਸ ਨੇ ਦੱਸਿਆ ਕਿ ਸੀਬੀਆਈ ਨੇ ਇਸ ਮਾਮਲੇ ਵਿੱਚ ਉਸ ਦੇ ਘਰ ਕਈ ਵਾਰ ਛਾਪਾ ਮਾਰਿਆ ਜਿਸ ਕਾਰਨ ਉਸ ਦੇ ਪਰਿਵਾਰ ਨੂੰ ਪ੍ਰੇਸ਼ਾਨੀ ਝੱਲਣੀ ਪਈ ਇਸੇ ਕਾਰਨ ਉਸ ਨੇ ਸੀਬੀਆਈ ਨੂੰ ਮਿਲਣ ਦਾ ਫੈਸਲਾ ਕੀਤਾ।

Previous articleਮੁਕਾਬਲੇ ’ਚ ਚਾਰ ਅਤਿਵਾਦੀ ਤੇ ਇਕ ਫੌ਼ਜੀ ਹਲਾਕ
Next articleਸੁਰੱਖਿਆ ਕਰਮੀਆਂ ਵੱਲੋਂ ਵਿਦਿਆਰਥਣਾਂ ਨਾਲ ਦੁਰਵਿਹਾਰ