ਲੈਸਟਰ (ਸਮਾਜ ਵੀਕਲੀ)- ਯੂ. ਕੇ. ਦੇ ਪ੍ਰਸਿੱਧ ਗੁਰਦਵਾਰਾ ਸ੍ਰੀ ਗੁਰੂ ਤੇਗ ਬਹਾਦਰ ਸਹਿਬ ਲੈਸਟਰ ਵਿਖੇ ਵੀਰਵਾਰ ੨੨ ਸਤੰਬਰ ਨੂੰ ੧੧.੩੦ ਵਜੇ ਸਵੇਰੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਗੁਰਬਾਨੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ੨੫ ਸਤੰਬਰ ਐਤਵਾਰ ਨੂੰ ਹੋ ਰਹੀਆਂ ਪ੍ਰਬੰਧਕ ਕਮੇਟੀ ਈਲੈਕਸ਼ਨ ਵਿੱਚ ਸਾਂਝੇ ਹਿੱਸਾ ਲੈ ਰਹੇ ਸ਼ੇਰ ਅਤੇ ਸੰਗਤ ਗਰੁੱਪ ਦੇ ਸੇਵਾਦਾਰਾਂ ਅਤੇ ਸਹਿਯੋਗੀਆਂ ਵਲੋਂ ਅਰੰਭ ਹੋਏ ਜਿਨ੍ਹਾ ਦੇ ਭੋਗ ਪੌਣੇ ਇੱਕ ਵਜੇ ਪਾਏ ਗਏ।
ਉਪਰੰਤ ਗੁਰਦਵਾਰਾ ਸਾਹਿਬ ਜੀ ਦੇ ਹਜੂਰੀ ਜੱਥੇ ਨੇ ਸਾਧ ਸੰਗਤ ਜੀ ਨੂੰ ਨਿਰੋਲ ਸ਼ਬਦ ਕੀਰਤਨ ਨਾਲ ਨਿਹਾਲ ਕੀਤਾ। ਅਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲਿਆ ਗਿਆ । ਗੁਰਦਵਾਰਾ ਸਾਹਿਬ ਜੀ ਵਲੋਂ ਜਸਵਿੰਦਰ ਸਿਘ ਜੀ ਨੂੰ ਸਿਰੋਪਾ ਦੀ ਬਖਸ਼ਿਸ਼ ਕੀਤੀ ਗਈ। ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ, ਭਾਈ ਮਾਲੂਕ ਸਿੰਘ ਜੀ ਨੇ ਸਟੇਜ ਦੀ ਸੇਵਾ ਬਾਖੂਬੀ ਨਾਲ ਨਿਭਾਈ ।
ਸ਼ੇਰ ਸੰਗਤ ਗਰੁੱਪ ਦੇ ਪ੍ਰਧਾਨਗੀ ਪਦ ਦੇ ਉਮੀਦਵਾਰ ਗੁਰਨਾਮ ਸਿੰਘ ਰੂਪੋਵਾਲ ਜੀ ਨੇ ਕਿਹਾ ”ਲੈਸਟਰ ਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਮੈਂਬਰਾਂ ਨੂੰ ਬੇਨਤੀ ਹੈ ਕਿ ਐਤਵਾਰ ੨੫ ਸਤੰਬਰ ਨੂੰ ਹੋਣ ਵਾਲੀ ਚੋਣ ਵਿੱਚ ਸ਼ੇਰ ਸੰਗਤ ਗਰੁੱਪ ਨੂੰ ੧੭ ਦੀਆਂ ੧੭ ਵੋਟਾਂ ਪਾ ਕੇ ਕਾਮਯਾਬ ਕਰੋ ਜੀ। ਕਿਉਂਕਿ ਇਸ ਵੇਲੇ ਪ੍ਰਬੰਧਕ ਕਮੇਟੀ ਵਿੱਚ ਹੰਕਾਰ, ਈਰਖਾ ਵੈਰ ਵਿਰੋਧ ਦੀ ਭਾਵਨਾ ਪ੍ਰਬਲ ਹੋ ਰਹੀ ਹੈ। ਗੁਰਦਵਾਰਾ ਸਾਹਿਬ ਜੀ ਦੇ ਸਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਸਾਰੇ ਫੇਸਲੇ ਸੰਗਤਾਂ ਦੀ ਜਾਣਕਾਰੀ ਤੋਂ ਬਿਨਾਂ, ਸਰਫ ਤਿੰਨ ਬੰਦਿਆਂ ਦੁਆਰਾ ਲਏ ਜਾ ਰਹੇ ਹਨ।
ਨਵੀਨੀਕਰਨ ਦੀ ਆੜ ਹੇਠ ਗੁਰਦੁਵਾਰੇ ਦੇ ਕਈ ਮਿਲੀਅਨ ਪੌਂਡਾ ਦਾ ਕਰਜਾ ਚੁੱਕ ਚੜ੍ਹਾਉਣ ਦੀ ਸਕੀਮਾਂ ਬਣ ਚੁੱਕੀਆਂ ਹਨ। ਆਓ ਆਪਾਂ ਸਾਰੇ ਰਲ ਮਿਲ ਕੇ ਲੈਸਟਰ ਦੀਆਂ ਸੰਗਤਾਂ ਵਿੱਚ ਪਰਸਪਰ ਪਿਆਰ, ਇੱਕ ਦੂਸਰੇ ਦਾ ਸਤਿਕਾਰ ਅਤੇ ਗੁਰਦਵਾਰਾ ਸਾਹਿਬ ਨੂੰ ਖੁਸ਼ਗਵਾਰ ਮਾਹੌਲ ਬਣਾਉਣ ਲਈ ਸ਼ੇਰ ਸੰਗਤ ਗਰੁੱਪ ਦੀ ਵੱਧ ਤੋਂ ਵੱਧ ਵੋਟਾਂ ਨਾਲ ਮੱਦਦ ਕਰੀਏ।