ਫ਼ਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਜਿੱਤੇ ਸ਼ੇਰ ਸਿੰਘ ਘੁਬਾਇਆ ਅੱਜ ਦਿੱਲੀ ਵਿਚ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਹਾਜ਼ਰੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਅਤੇ ਫ਼ਿਰੋਜ਼ਪੁਰ ਤੋਂ ਲੋਕ ਸਭਾ ਚੋਣ ਲੜਨ ਦਾ ਸੰਕੇਤ ਦਿੱਤਾ।
ਦੱਸਣਯੋਗ ਹੈ ਕਿ ਬੀਤੇ ਦਿਨ ਸ਼ੇਰ ਸਿੰਘ ਘੁਬਾਇਆ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਅਕਾਲੀ ਦਲ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਹੈ। ਸ੍ਰੀ ਘੁਬਾਇਆ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਪਾਰਟੀ ਦੀ ਇੰਚਾਰਜ ਆਸ਼ਾ ਕੁਮਾਰੀ ਵੀ ਹਾਜ਼ਰ ਸਨ। ਇਸ ਮੌਕੇ ਸ੍ਰੀ ਘੁਬਾਇਆ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਦੀ ਬਾਤ ਨਹੀਂ ਸੀ ਪੁੱਛੀ ਜਾ ਰਹੀ, ਖ਼ਾਸ ਕਰਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਰਵੱਈਆ ਪਾਰਟੀ ਦੇ ਕਾਰਕੁਨਾਂ ਪ੍ਰਤੀ ਮਾੜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਤੇ ਹੋਰ ਕਾਰਨਾਂ ਕਰਕੇ ਪੰਥਕ ਵੋਟਰਾਂ ਵਿੱਚ ਬਾਦਲਾਂ ਪ੍ਰਤੀ ਗੁੱਸਾ ਹੈ। ਸ੍ਰੀ ਘੁਬਾਇਆ ਨੇ ਸੰਕੇਤ ਦਿੱਤੇ ਕਿ ਉਹ ਫ਼ਿਰੋਜ਼ਪੁਰ ਤੋਂ ਚੋਣ ਲੜ ਸਕਦੇ ਹਨ ਪਰ ਨਾਲ ਹੀ ਫ਼ੈਸਲਾ ਕਾਂਗਰਸ ਹਾਈਕਮਾਂਡ ਉਪਰ ਸੁੱਟ ਦਿੱਤਾ। ਦੱਸਣਯੋਗ ਹੈ ਕਿ 2014 ਵਿੱਚ ਸੁਨੀਲ ਜਾਖੜ ਲੋਕ ਸਭਾ ਦੀ ਚੋਣ ਸ਼ੇਰ ਸਿੰਘ ਘੁਬਾਇਆ ਤੋਂ ਹਾਰ ਗਏ ਸਨ।
INDIA ਸ਼ੇਰ ਸਿੰਘ ਘੁਬਾਇਆ ਨੇ ਫੜਿਆ ਕਾਂਗਰਸ ਦਾ ਹੱਥ