ਸ਼ੇਖ ਹਸੀਨਾ ਦੀ ਜ਼ਬਰਦਸਤ ਹੈਟ੍ਰਿਕ

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਗਵਾਈ ਵਾਲੇ ਸੱਤਾਧਾਰੀ ਗੱਠਜੋੜ ਨੇ ਆਮ ਚੋਣਾਂ ਵਿੱਚ ਹੂੰਝਾ ਫੇਰਦਿਆਂ ਵੱਡੀ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਹਸੀਨਾ(71) ਦਾ ਲਗਾਤਾਰ ਤੀਜੀ ਵਾਰ (ਕੁੱਲ ਮਿਲਾ ਕੇ ਚੌਥੀ ਵਾਰ) ਮੁਲਕ ਦੀ ਪ੍ਰਧਾਨ ਮੰਤਰੀ ਬਣਨ ਲਈ ਰਾਹ ਪੱਧਰਾ ਹੋ ਗਿਆ ਹੈ। ਉਧਰ ਵਿਰੋਧੀ ਪਾਰਟੀਆਂ ਨੇ ਚੋਣ ਨਤੀਜਿਆਂ ਨੂੰ ‘ਹਾਸੋਹੀਣਾ’ ਕਰਾਰ ਦਿੱਤਾ ਹੈ। ਇਸ ਦੌਰਾਨ ਬੰਗਲਾਦੇਸ਼ ਦੇ ਮੁੱਖ ਚੋਣ ਕਮਿਸ਼ਨਰ ਕੇ.ਐੱਮ.ਨੁਰੁਲ ਹੁਦਾ ਨੇ ਚੋਣਾਂ ਵਿੱਚ ਪੱਖਪਾਤ ਜਾਂ ਗੜਬੜੀ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਵਿਰੋਧੀ ਧਿਰ ਵੱਲੋਂ ਸੱਜਰੀਆਂ ਚੋਣਾਂ ਕਰਾਏ ਜਾਣ ਦੀ ਮੰਗ ਖਾਰਜ ਕਰ ਦਿੱਤੀ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਤੇ ਅਵਾਮੀ ਲੀਗ ਦੀ ਮੁਖੀ ਸ਼ੇਖ ਹਸੀਨਾ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਲੱਗੇ ਧੱਕੇ ਦਾ ਮੁੱਖ ਕਾਰਨ ਲੀਡਰਸ਼ਿਪ ਦਾ ਖੱਪਾ ਹੈ। ਅਵਾਮੀ ਲੀਗ ਦੀ ਅਗਵਾਈ ਵਾਲੇ ਮਹਾਂਗੱਠਜੋੜ ਨੇ ਤਿੰਨ ਸੌ ਮੈਂਬਰੀ ਸੰਸਦ ਦੀਆਂ 288 ਸੀਟਾਂ ਜਿੱਤ ਲਈਆਂ ਹਨ। ਸਾਲ 2008 ਦੀ ਆਪਣੀ ਸਰਵੋਤਮ ਕਾਰਗੁਜ਼ਾਰੀ ਨੂੰ ਮਾਤ ਪਾਉਂਦਿਆਂ ਐਤਕੀਂ ਗੱਠਜੋੜ ਦੇ ਹੱਕ ਵਿੱਚ ਕੁਲ ਪੋਲ ਹੋਈਆਂ ਵੋਟਾਂ ਦਾ 82 ਫੀਸਦ ਭੁਗਤਿਆ ਹੈ। ਦਸ ਸਾਲ ਪਹਿਲਾਂ ਗੱਠਜੋੜ ਨੇ 263 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ। ਉਧਰ ਵਿਰੋਧੀ ਪਾਰਟੀਆਂ ਦਾ ਗੱਠਜੋੜ ਨੈਸ਼ਨਲ ਯੂਨਿਟੀ ਫਰੰਟ (ਐਨਯੂਐਫ਼) ਮਹਿਜ਼ ਸੱਤ ਸੀਟਾਂ ਹੀ ਜਿੱਤ ਸਕਿਆ ਜਦਕਿ ਤਿੰਨ ਸੀਟਾਂ ਹੋਰਨਾਂ ਦੇ ਖਾਤੇ ਵਿੱਚ ਪਈਆਂ। ਚੋਣ ਕਮਿਸ਼ਨ ਦੇ ਸਕੱਤਰ ਹਿਲਾਲੂਦੀਨ ਅਹਿਮਦ ਨੇ ਦੱਸਿਆ ਕਿ ਇਕ ਹਲਕੇ ਵਿੱਚ ਵੋਟਿੰਗ ਅੱਗੇ ਪਾ ਦਿੱਤੀ ਗਈ ਸੀ ਜਦੋਂਕਿ ਇਕ ਹਲਕੇ ਵਿੱਚ ਉਮੀਦਵਾਰ ਦੀ ਮੌਤ ਦੇ ਕਾਰਨ ਨਤੀਜਾ ਨਹੀਂ ਐਲਾਨਿਆ ਗਿਆ। ਉਧਰ ਬੰਗਲਾਦੇਸ਼ ਨੈਸ਼ਨਲ ਪਾਰਟੀ ਦੀ ਆਗੂ ਖ਼ਾਲਿਦਾ ਜ਼ਿਆ, ਜੋ ਅੰਸ਼ਕ ਤੌਰ ’ਤੇ ਅਧਰੰਗ ਦਾ ਸ਼ਿਕਾਰ ਹੈ, ਦੇ ਸਿਆਸੀ ਭਵਿੱਖ ਨੂੰ ਲੈ ਕੇ ਬੇਯਕੀਨੀ ਬਰਕਰਾਰ ਹੈ।

Previous articleBihar to have CISF like force to protect businessmen, industrialists
Next articleਪਿੰਡ ਛੱਤਿਆਣਾ ’ਚ ਪੁਲੀਸ ਦੀਆਂ ਗੱਡੀਆਂ ਦੀ ਭੰਨ-ਤੋੜ