ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਫਾਂਊਂਡਰ ਟਰੱਸਟੀ ਅਤੇ ਪ੍ਰਧਾਨ ਸ਼੍ਰੀ ਆਰ ਕੇ ਮਹਿਮੀ ਸ਼੍ਰੀ ਗੁਰੂ ਰਵਿਦਾਸ ਕਲਚਰ ਐਸੋਸੀਏਸ਼ਨ ਡਾਰਲਿਸਟਰ ਬੈਸਟ ਮਿਡਲੈਂਡ ਇੰਗਲੈਂਡ (ਯੂ ਕੇ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਸ਼ੇਖਾਖੁਰਦ ਵਿਚ ਇਕ ਜਾਤ ਅਭਿਆਮਾਨੀ ਸਰਪੰਚ ਦੇ ਲੜਕੇ ਵਲੋਂ ਗਰੀਬ ਪਰਿਵਾਰਾਂ ਦੀਆਂ ਦੋ ਸਕੀਆਂ ਭੈਣਾਂ ਦਾ ਕਤਲ ਲੂੰ ਕੰਢੇ ਖੜੇ ਕਰਨ ਵਾਲੀ ਨਾ ਬਰਦਾਸ਼ਤਯੋਗ ਘਟਨਾ ਹੈ। ਜਿਸ ਦਾ ਸ਼੍ਰੀ ਮਹਿਮੀ ਨੇ ਤਿੱਖਾ ਵਿਰੋਧ ਕਰਦਿਆਂ ਇਸ ਬੇਰਹਿਮੀ ਨਾਲ ਕੀਤੇ ਗਏ, ਕਤਲ ਕਾਂਡ ਦੇ ਦੋਸ਼ੀ ਨੂੰ ਫਾਂਸੀ ਤੋਂ ਘੱਟ ਦੀ ਸਜਾ ਨਾ ਮਿਲਣ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਅੱਜ ਸਮਾਜ ਵਿਚ ਜਿਸ ਤਰ੍ਹਾਂ ਬਹੁ ਬੇਟੀਆਂ ਦੀਆਂ ਇੱਜਤਾਂ ਨੂੰ ਕੁਝ ਦਰਿੰਦਾ ਕਿਸਮ ਦੇ ਲੋਕ ਨੋਚ ਰਹੇ ਹਨ, ਉਨ੍ਹਾਂ ਤੇ ਪੂਰੀ ਸਖ਼ਤੀ ਨਾਲ ਸੰਵਿਧਾਨ ਦੇ ਦਾਇਰੇ ਵਿਚ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਜੇਕਰ ਸਮਾਜ ਵਿਚ ਅਜਿਹੀਆਂ ਘਟਨਾਵਾਂ ਨਾ ਰੁਕੀਆਂ ਤਾਂ ਲੋਕ ਰੋਸ ਵੱਡੀ ਗਿਣਤੀ ਵਿਚ ਜਵਾਲਾ ਦਾ ਰੂਪ ਧਾਰਨ ਕਰ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਾਨੂੰਨ ਹੱਥਾਂ ਵਿਚ ਲੈਣ ਵਾਲੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਬਿਨਾ ਕਿਸੇ ਸ਼ਰਤ ਦੇ ਫ਼ਾਂਸੀ ਦੇ ਫੰਦੇ ਤੇ ਲਟਕਾ ਦੇਣਾ ਚਾਹੀਦਾ ਹੈ, ਤਾਂ ਕਿ ਭਵਿੱਖ ਵਿਚ ਕੋਈ ਵੀ ਵਿਅਕਤੀ ਕਿਸੇ ਵੀ ਵਰਗ ਦੀ ਧੀ ਭੈਣ ਨੂੰ ਹਵਸ ਦੀ ਅੱਖ ਨਾਲ ਨਾ ਦੇਣ ਸਕੇ। ਦੋਸ਼ੀ ਨੂੰ ਸਖ਼ਤ ਸਜਾ ਦੇ ਕੇ ਗਰੀਬ ਪਰਿਵਾਰ ਦੇ ਮਾਪਿਆਂ ਨੂੰ ਇਨਸਾਫ ਦੇਣਾ ਕਾਨੂੰਨ ਦੀ ਜਿੰਮੇਵਾਰੀ ਹੈ।
ਸਰਕਾਰਾਂ ਨੂੰ ਵੀ ਅਜਿਹੇ ਘਟੀਆ ਕਿਸਮ ਦੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੇ ਪੁੱਖਤਾ ਕਦਮ ਚੁੱਕਣੇ ਚਾਹੀਦੇ ਹਨ। ਸਰਕਾਰੇ ਦਰਬਾਰੇ ਆਪਣੀ ਪਹੰੁਚ ਰੱਖਣ ਵਾਲੇ ਅਜਿਹੇ ਘਟੀਆ ਸੋਚ ਦੇ ਮਾਲਕ ਸਮਾਜ ਵਿਚ ਆਪਣੀ ਪਹੁੰਚ ਦੱਸ ਕੇ ਅਜਿਹੇ ਕਾਲੇ ਕਰਮ ਕਰਦੇ ਹਨ। ਜਿੰਨ੍ਹਾਂ ਨੂੰ ਸਮਾਜ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਇਸ ਦੇ ਨਾਲ ਹੀ ਸ਼੍ਰੀ ਮਹਿਮੀ ਨੇ ਕਿਹਾ ਕਿ ਹਾਲ ਹੀ ਵਿਚ ਜੋ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਿਓਵਾਲ ਪਿੰਡ ਵਿਚ ਇਕ ਹੋਰ ਦਲਿਤ ਲੜਕੀ ਨਾਲ ਰੇਪ ਹੋਣ ਤੋਂ ਬਾਅਦ ਲੜਕੀ ਨੂੰ ਜ਼ਹਿਰ ਦੇ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਉਹ ਵੀ ਅਤਿ ਦਰਜੇ ਸ਼ਬਦਾਂ ਨਾਲ ਨਿੰਦਣਯੋਗ ਹੈ। ਪ੍ਰਸ਼ਾਸ਼ਨ ਦੀਆਂ ਢਿੱਲੀਆਂ ਕਾਰਵਾਈਆਂ ਕਾਰਨ ਅੱਜ ਪੰਜਾਬ ਅੰਦਰ ਗੂੰਡਾ ਅਨਸਰ ਸ਼ਰੇਆਮ ਲੋਕਾਂ ਦੀਆਂ ਬਹੁ ਬੇਟੀਆਂ ਨੂੰ ਮੌਤ ਦੇ ਘਾਟ ਉਤਾਰ ਰਹੇ ਹਨ। ਇੰਨ੍ਹਾਂ ਸਮਾਜ ਵਿਰੋਧੀ ਅਨਸਰਾਂ ਤੇ ਕਾਨੂੰਨ ਸਖ਼ਤੀ ਦਾ ਰੁਖ ਅਪਨਾਵੇ ਅਤੇ ਇੰਨ੍ਹਾਂ ਨੂੰ ਬਿਨਾ ਕਿਸੇ ਸ਼ਰਤ ਦੇ ਫਾਂਸੀ ਦੇ ਫੰਦੇ ਤੇ ਲਟਕਾਵੇ।