(ਸਮਾਜ ਵੀਕਲੀ)
“ਭੂਤ-ਕ੍ਰਿਦੰਤ” ਸ਼ਬਦਾਂ ਵਿੱਚ ਵੀ ਅੰਤਿਮ ਅੱਖਰ ‘ਤ’ ਤੋਂ ਪਹਿਲੇ ਅੱਖਰ ਨੂੰ ਸਿਹਾਰੀ ਲੱਗੇਗੀ:
ਪੰਜਾਬੀ-ਵਿਆਕਰਨ ਅਨੁਸਾਰ ਭੂਤ-ਕ੍ਰਿਦੰਤ ਸ਼ਬਦ ਉਹਨਾਂ ਸ਼ਬਦਾਂ ਨੂੰ ਆਖਿਆ ਜਾਂਦਾ ਹੈ ਜਿਨ੍ਹਾਂ ਤੋਂ ਇਸ ਗੱਲ ਦਾ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਅਰਥਾਤ ਭੂਤ-ਕਾਲ ਵਿੱਚ ਹੋ ਚੁੱਕਿਆ ਹੈ। ਇਹਨਾਂ ਸ਼ਬਦਾਂ ਦੀ ਇੱਕ ਨਿਸ਼ਾਨੀ ਇਹ ਹੈ ਕਿ ਇਹਨਾਂ ਦੇ ਅੰਤ ਵਿੱਚ ‘ਤ’ ਧੁਨੀ ਲੱਗੀ ਹੁੰਦੀ ਹੈ ਤੇ ਇਸ ਧੁਨੀ ਤੋਂ ਪਹਿਲੇ ਅੱਖਰ ਨਾਲ਼ ਸਿਹਾਰੀ ਪਾਈ ਜਾਂਦੀ ਹੈ, ਜਿਵੇਂ: ਕਲਪਿਤ, ਰਚਿਤ, ਸਾਧਿਤ, ਸੰਪਾਦਿਤ, ਪ੍ਰਕਾਸ਼ਿਤ, ਅਨੁਬੰਧਿਤ, ਪ੍ਰਭਾਵਿਤ, ਸ਼ਾਸਿਤ, ਅਨੁਸ਼ਾਸਿਤ, ਪ੍ਰਬੰਧਿਤ, ਪ੍ਰਚਲਿਤ, ਵਰਜਿਤ,ਨਿਰਧਾਰਿਤ, ਅੰਕਿਤ, ਸੰਬੰਧਿਤ, ਲਿਖਿਤ, ਰੁਚਿਤ, ਪ੍ਰਸਤਾਵਿਤ, ਕਥਿਤ, ਨਿਸ਼ਚਿਤ ਆਦਿ।
ਆਮ ਤੌਰ ‘ਤੇ ਅਸੀਂ ਦੇਖਦੇ ਹਾਂ ਕਿ ਅਜਿਹੇ ਸ਼ਬਦਾਂ ਨੂੰ ਲਿਖਣ ਸਮੇਂ ਅਸੀਂ ਵਿਆਕਰਨਿਕ ਹਿਦਾਇਤਾਂ ਅਨੁਸਾਰ ਅੰਤਲੇ ਅੱਖਰ ਤ ਤੋਂ ਪਹਿਲੇ ਅੱਖਰ ਨਾਲ਼ ਸਿਹਾਰੀ ਦੀ ਵਰਤੋਂ ਘੱਟ ਹੀ ਕਰਦੇ ਹਾਂ ਅਤੇ ਅਕਸਰ ਪ੍ਰਕਾਸ਼ਿਤ ਜਾਂ ਪ੍ਰਚਲਿਤ ਆਦਿ ਸ਼ਬਦਾਂ ਨੂੰ ਬਿਨਾਂ ਸਿਹਾਰੀ ਤੋਂ ਪ੍ਰਕਾਸ਼ਤ ਅਤੇ ਪ੍ਰਚਲਤ ਹੀ ਲਿਖਿਆ ਹੋਇਆ ਦੇਖਦੇ ਹਾਂ ਜੋਕਿ ਇੱਕ ਵੱਡੀ ਕੁਤਾਹੀ ਹੈ।
ਸਿਹਾਰੀ ਅਤੇ ਤ ਧੁਨੀ ਦਾ ਉਪਰੋਕਤ ਸ਼ਬਦਾਂ ਦੇ ਨਿਰਮਾਣ ਵਿੱਚ ਕੀ ਯੋਗਦਾਨ ਹੈ?
“””””””””””””””””
ਹੁਣ ਦੇਖਦੇ ਹਾਂ ਕਿ ਉਪਰੋਕਤ ਨਿਯਮ ਅਨੁਸਾਰ ਬਣੇ ਸ਼ਬਦਾਂ ਨੂੰ ਉਹਨਾਂ ਦੇ ਅਰਥ ਦੇਣ ਵਿੱਚ ਸਿਹਾਰੀ ਅਤੇ ਤ ਧੁਨੀ ਦਾ ਕੀ ਮਹੱਤਵ ਅਤੇ ਯੋਗਦਾਨ ਹੈ? ਉੱਪਰ ਅਸੀਂ ਦੇਖ ਹੀ ਚੁੱਕੇ ਹਾਂ ਕਿ ਤ ਧੁਨੀ ਦਾ ਇਸਤੇਮਾਲ ਅਕਸਰ ਉਹਨਾਂ ਸ਼ਬਦਾਂ ਵਿੱਚ ਕੀਤਾ ਜਾਂਦਾ ਹੈ ਜਿੱਥੇ ਕੋਈ ਕੰਮ ਬੀਤੇ ਸਮੇਂ ਵਿੱਚ ਹੋ ਚੁੱਕਿਆ ਹੋਵੇ। ਸਾਡੇ ਵਿੱਚੋਂ ਬਹੁਤਿਆਂ ਨੇ ਇਹ ਗੱਲ ਵੀ ਜ਼ਰੂਰ ਨੋਟ ਕੀਤੀ ਹੋਣੀ ਹੈ ਕਿ ਸਾਡੇ ਵਡੇਰੇ ਬਹੁਤਾ ਕਰਕੇ ਸੀ ਜਾਂ ਸਨ ਸ਼ਬਦਾਂ ਦੀ ਥਾਂ ਤੀ/ ਤਾ /ਤੇ ਆਦਿ ਸ਼ਬਦਾਂ ਦੀ ਹੀ ਵਰਤੋਂ ਕਰਿਆ ਕਰਦੇ ਸਨ, ਜਿਵੇਂ: ਮੈਂ ਆਇਆ ਤੀ/ਉਹ ਗਿਆ ਤੀ/ਉਹ ਗਏ ਤੀ ਆਦਿ। ਉਦੋਂ ਅਸੀਂ ਇਹ ਸਮਝਿਆ ਕਰਦੇ ਸਾਂ ਕਿ ਵਿੱਦਿਅਕ ਸਹੂਲਤਾਂ ਦੀ ਘਾਟ ਕਾਰਨ ਜਾਂ ਉਸ ਸਮੇਂ ਦੇ ਆਮ ਲੋਕਾਂ ਦੀ ਬੋਲ-ਚਾਲ ਦੀ ਭਾਸ਼ਾ ਹੀ ਅਜਿਹੀ ਹੋਣ ਕਾਰਨ ਉਹ ਇਸ ਤਰ੍ਹਾਂ ਬੋਲਦੇ ਸਨ। ਪਰ ਅੱਗੋਂ ਆਉਣ ਵਾਲੀਆਂ ਪੀਡ਼੍ਹੀਆਂ ਜਦੋਂ ਕੁਝ ਪੜ੍ਹ-ਲਿਖ ਗਈਆਂ ਤਾਂ ਇਸ ਦੇ ਨਾਲ਼ ਹੀ ਤਾ, ਤੀ, ਤੇ ਆਦਿ ਸ਼ਬਦ ਵੀ ਸੀ, ਸਨ ਆਦਿ ਸ਼ਬਦਾਂ ਵਿੱਚ ਬਦਲ ਗਏ। ਜੇ ਮੈਂ ਗ਼ਲਤ ਨਾ ਹੋਵਾਂ ਤਾਂ ਮਾਲਵੇ ਦੇ ਇਲਾਕੇ ਵਿੱਚ ਸ਼ਾਇਦ ਅਜੇ ਵੀ ਬਹੁਤੇ ਲੋਕ ਸੀ/ਸਨ ਦੀ ਥਾਂ ਤੀ, ਤਾ, ਤੇ ਆਦਿ ਸ਼ਬਦਾਂ ਦੀ ਹੀ ਵਰਤੋਂ ਕਰਦੇ ਹਨ। ਦੁਆਬੇ ਵਿੱਚ ਇਹ ਪਰੰਪਰਾ ਬੇਸ਼ੱਕ ਹੁਣ ਕਾਫ਼ੀ ਘਟ ਗਈ ਹੈ।
ਧੁਨੀਆਂ ਦੇ ਅਰਥਾਂ ਦਾ ਅਧਿਐਨ ਕੀਤਿਆਂ ਪਤਾ ਲੱਗਦਾ ਹੈ ਕਿ ਉਪਰੋਕਤ ਅਨੁਸਾਰ ਸਾਡੇ ਵੱਡੇ-ਵਡੇਰੇ ਨਹੀਂ ਸਗੋਂ ਅਸੀਂ ਹੀ ਗ਼ਲਤ ਸਾਂ। ਕਿਉਂਕਿ ਤ ਧੁਨੀ ਦੇ ਇੱਕ ਅਰਥ ਹੀ ਅਜਿਹੇ ਹਨ ਜਿਨ੍ਹਾਂ ਰਾਹੀਂ ਕਿਸੇ ਕੰਮ ਨੂੰ ਬੀਤ ਚੁੱਕੇ ਸਮੇਂ ਵਿਚ ਪ੍ਰਗਟਾਇਆ ਜਾਂਦਾ ਹੈ। ਜੇਕਰ ਗਹੁ ਨਾਲ਼ ਦੇਖਿਆ ਜਾਵੇ ਤਾਂ ਇਸ ਚਰਚਾ ਤੋਂ ਇਹ ਗੱਲ ਵੀ ਸਪਸ਼ਟ ਹੋ ਜਾਂਦੀ ਹੈ ਕਿ ਹਿੰਦੀ ਭਾਸ਼ਾ ਵਿੱਚ ਵਰਤੇ ਜਾਂਦੇ ਥਾ, ਥੇ, ਥੀ (ਕਹਾਂ ਗਯਾ ਥਾ/ਕਹਾਂ ਗਏ ਥੇ/ ਕਹਾਂ ਗਈ ਥੀ) ਆਦਿ ਸ਼ਬਦ/ਧੁਨੀਆਂ ਦਰਅਸਲ ਤਾ, ਤੇ, ਤੀ ਸ਼ਬਦਾਂ ਜਾਂ ਧੁਨੀਆਂ ਤੇ ਇਹਨਾਂ ਦੇ ਉਪਰੋਕਤ ਅਰਥਾਂ ਦੀ ਹੀ ਦੇਣ ਹਨ ਜਾਂ ਇਹ ਵੀ ਕਹਿ ਸਕਦੇ ਹਾਂ ਕਿ ਥਾ,ਥੇ,ਥੀ ਧੁਨੀਆਂ ਦੀ ਰਚਨਾ ਤ ਵਾਲ਼ੀਆਂ ਉਪਰੋਕਤ ਧੁਨੀਆਂ (ਤਾ/ਤੇ/ਤੀ) ਤੋਂ ਹੀ ਹੋਈ ਹੈ।
ਸਿਹਾਰੀ ਲਗ ਦੇ ਅਰਥ:
“”””””””””””””””””””””””””””
ਤ ਧੁਨੀ ਦੇ ਇਹਨਾਂ ਅਰਥਾਂ ਤੋਂ ਬਿਨਾਂ ਸਿਹਾਰੀ ਲਗ ਦਾ ਕਿਸੇ ਸ਼ਬਦ ਦੀ ਬਣਤਰ ਜਾਂ ਤ ਧੁਨੀ ਦੇ ਅਰਥ ਸਪਸ਼ਟ ਕਰਨ ਵਿੱਚ ਯੋਗਦਾਨ ਇਹ ਹੈ ਕਿ ਇਹ ਜਿਸ ਅੱਖਰ ਨਾਲ਼ ਲੱਗੀ ਹੁੰਦੀ ਹੈ, ਉਸੇ ਦੇ ਆਲ਼ੇ-ਦੁਆਲ਼ੇ ਘੂੰਮਦੀ ਹੈ ਅਰਥਾਤ ਇਹ ਕਿਰਿਆ ਦੇ ਕੰਮ ਨੂੰ ਉਸ ਧੁਨੀ ਦੇ ਅਰਥਾਂ ਤੱਕ ਹੀ ਸੀਮਿਤ ਕਰ ਕੇ ਰੱਖਦੀ ਹੈ। ਇਸ ਪ੍ਰਕਾਰ ਇਹ ਕਿਰਿਆ ਦੇ ਕਾਰਜ ਨੂੰ ਅੱਗੇ ਤੱਕ ਨਹੀਂ ਜਾਣ ਦਿੰਦੀ। ਉਦਾਹਰਨ ਵਜੋਂ ਜੇਕਰ ਸੀਮਿਤ (ਸੀਮਾ+ਸਿਹਾਰੀ+ਤ) ਸ਼ਬਦ ਨੂੰ ਹੀ ਦੇਖਿਆ ਜਾਵੇ ਤਾਂ ਸਿਹਾਰੀ ਅਤੇ ਤ ਧੁਨੀ ਦੇ ਅਰਥਾਂ ਕਾਰਨ ਇਸ ਸ਼ਬਦ (ਸੀਮਿਤ) ਦੇ ਅਰਥ ਹਨ ਜੋ ਇੱਕ ਨਿਰਧਾਰਿਤ ਸੀਮਾ ਤੋਂ ਅੱਗੇ ਨਾ ਜਾਵੇ। ਇਸ ਸ਼ਬਦ ਵਿੱਚ ਅਸੀਂ ਦੇਖਦੇ ਹਾਂ ਕਿ ਅੰਤਲੀ ਸਿਹਾਰੀ ਅਤੇ ਤ ਧੁਨੀ ਨੇ ਮੁਢਲੇ ਸ਼ਬਦ ਸੀਮਾ ਨੂੰ ਉਸ ਦੀ ਸੀਮਾ ਤੱਕ ਹੀ ਸੀਮਿਤ ਕਰ ਦਿੱਤਾ ਹੈ ਤੇ ਉਸ ਤੋਂ ਅੱਗੇ ਨਹੀਂ ਵਧਣ ਦਿੱਤਾ। ਇਸੇ ਤਰ੍ਹਾਂ ਉੱਪਰ ਦੱਸੇ ਬਾਕੀ ਦੇ ਸ਼ਬਦਾਂ ਵਿੱਚ ਵੀ ਇਹਨਾਂ ਦੋਂਹਾਂ ਧੁਨੀਆਂ (ਤ+ ਸਿਹਾਰੀ) ਨੂੰ ਆਪਸ ਵਿਚ ਰਲ਼ਾ ਕੇ ਇਹੋ ਹੀ ਸਿੱਟਾ ਨਿਕਲਦਾ ਹੈ, ਜਿਵੇਂ: ਰਚਿਤ= ਜਿਸ ਦੀ ਰਚਨਾ ਕੀਤੀ ਜਾ ਚੁੱਕੀ ਹੋਵੇ ਅਤੇ ਉਸ ਵਿੱਚ ਵਾਧੇ ਦੀ ਹੋਰ ਗੁੰਜਾਇਸ਼ ਕਤਈ ਨਾ ਬਚੀ ਹੋਵੇ ਇਸੇ ਤਰ੍ਹਾਂ ਸੰਪਾਦਿਤ= ਜਿਸ ਦਾ ਸੰਪਾਦਨ ਕੀਤਾ ਜਾ ਚੁੱਕਿਆ ਹੋਵੇ ਤੇ ਉਸ ਵਿੱਚ ਹੋਰ ਵਾਧਾ ਨਾ ਕੀਤਾ ਜਾ ਸਕੇ ਆਦਿ।
ਪਤੀ/ਪਤਨੀ ਸ਼ਬਦਾਂ ਵਿੱਚ ਤ ਅੱਖਰ ਤੇ ਸਿਹਾਰੀ ਦੀ ਭੂੁਮਿਕਾ:
“””””””””””””””””””””””””””””””””””””””””””””””””””””””””””””””””””””
ਪਤੀ (ਹਿੰਦੀ=ਪਤਿ) ਸ਼ਬਦ ਵਿੱਚ ਵੀ ਤ ਅੱਖਰ ਤੇ ਸਿਹਾਰੀ ਲਗ ਦੇ ਅਰਥ ਉਪਰੋਕਤ ਅਨੁਸਾਰ ਹੀ ਹਨ। ‘ਪ’ ਧੁਨੀ ਦੇ ਅਰਥ ਹਨ: ਦੂਜਾ ਜਾਂ ਦੂਜੀ (ਪ ਧੁਨੀ ਦੇ ਇਹ ਅਰਥ ਦੇਖਣ ਲਈ ਵੱਖ-ਵੱਖ ਸ਼ਬਦਾਂ ਦੀਆਂ ਉਦਾਹਰਨਾਂ ਸਮੇਤ ਮੇਰੇ ਲੇਖ, “ਸ਼ਬਦਾਂ ਦੀ ਪਰਵਾਜ਼ ਭਾਗ-4 ਅਤੇ ਭਾਗ-5” ਪੜ੍ਹੇ ਜਾ ਸਕਦੇ ਹਨ)। ਪ+ਤ+ਸਿਹਾਰੀ ਧੁਨੀਆਂ ਅਤੇ ਉਹਨਾਂ ਦੇ ਮੇਲ਼ ਨਾਲ਼ ਬਣੇ ਪਤੀ (ਪਤਿ) ਸ਼ਬਦ ਦੇ ਅਰਥ ਹਨ: ਜੋ ਵਿਅਕਤੀ ਕਿਸੇ ਦੂਜੇ ਵਿਅਕਤੀ ਤੱਕ ਸੀਮਿਤ (ਵਿਆਹ-ਬੰਧਨ ਵਿੱਚ ਬੱਝ ਕੇ) ਹੋ ਚੁੱਕਿਆ ਹੋਵੇ। ਪਤਨੀ (ਪਤਿ+ਨੀ) ਸ਼ਬਦ ਦੇ ਵੀ ਲਗ-ਪਗ ਇਹੋ ਹੀ ਅਰਥ ਹਨ ਪਰ ਇਸ ਸ਼ਬਦ ਨੂੰ ਇਸਤਰੀ-ਲਿੰਗ ਦਾ ਰੂਪ ਦੇਣ ਲਈ ਪਤੀ (ਪਤਿ) ਸ਼ਬਦ ਦੇ ਪਿੱਛੇ ‘ਨੀ’ ਦੀ ਧੁਨੀ ਲਾਈ ਗਈ ਹੈ, ਜਿਵੇਂ: ਸ਼ੇਰ ਤੋਂ ਸ਼ੇਰਨੀ, ਮੋਰ ਤੋਂ ਮੋਰਨੀ, ਥਾਣੇਦਾਰ ਤੋਂ ਥਾਣੇਦਾਰਨੀ ਆਦਿ। ਇਸੇ ਤਰ੍ਹਾਂ ਹੋਰ ਵੀ ਅਨੇਕਾਂ ਸ਼ਬਦਾਂ ਵਿੱਚ ਤ ਅਤੇ ਸਿਹਾਰੀ ਦੇ ਉਪਰੋਕਤ ਅਰਥਾਂ ਨੂੰ ਇਸੇ ਭੂਮਿਕਾ ਸਮੇਤ ਦੇਖਿਆ ਜਾ ਸਕਦਾ ਹੈ।
ਜਸਵੀਰ ਸਿੰਘ ਪਾਬਲਾ
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 9888403052.
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly