ਦੇਵੇਂਦਰ ਫੜਨਵੀਸ ਨੂੰ ਮੁੜ ਮਹਾਰਾਸ਼ਟਰ ਦਾ ਮੁੱਖ ਮੰਤਰੀ ਚੁਣੇ ਜਾਣ ’ਤੇ ਵਧਾਈ ਦਿੰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਸ਼ਿਵ ਸੈਨਾ ਨੇ ਕਾਂਗਰਸ ਨਾਲ ਜਾਣ ਦਾ ਫ਼ੈਸਲਾ ਲੈ ਕੇ ਸੂਬੇ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ‘ਭ੍ਰਿਸ਼ਟਾਂ ਦਾ ਸਾਥ ਦੇਣ ਦੇ ਬਰਾਬਰ ਹੈ।’ ਜਾਵੜੇਕਰ ਨੇ ਕਿਹਾ ਕਿ ਬਾਵਜੂਦ ਇਸ ਦੇ ਕਿ ਕਾਂਗਰਸ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਦੇ ਖ਼ਿਲਾਫ਼ ਸੀ, ਸੈਨਾ ਨੇ ਇਸ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸ਼ਿਵ ਸੈਨਾ, ਐੱਨਸੀਪੀ ਤੇ ਕਾਂਗਰਸ ਵੱਲੋਂ ਸਰਕਾਰ ਕਾਇਮ ਕਰਨ ਦੇ ਦਾਅਵਿਆਂ ਦੇ ਉਲਟ ਅੱਜ ਸਵੇਰੇ ਭਾਜਪਾ ਤੇ ਐੱਨਸੀਪੀ ਗੱਠਜੋੜ ਨੇ ਸੂਬੇ ਵਿਚ ਸਰਕਾਰ ਬਣਾ ਦਿੱਤੀ ਹੈ। ਜਾਵੜੇਕਰ ਨੇ ਟਵੀਟ ਕੀਤਾ ‘ਦੇਵੇਂਦਰ ਫੜਨਵੀਸ ਨੂੰ ਵਧਾਈ ਤੇ ਉਨ੍ਹਾਂ ਦਾ ਮੁੱਖ ਮੰਤਰੀ ਬਣਨਾ ਸੂਬੇ ਦੇ ਲੋਕਾਂ ਵੱਲੋਂ ਦਿੱਤੇ ਫ਼ਤਵੇ ਦਾ ਸਨਮਾਨ ਹੈ।’ ਕੇਂਦਰੀ ਮੰਤਰੀ ਨੇ ਕਿਹਾ ਸ਼ਿਵ ਸੈਨਾ, ਐੱਨਸੀਪੀ ਤੇ ਕਾਂਗਰਸ ਵੱਲੋਂ ਪਕਾਈ ਜਾ ਰਹੀ ‘ਖਿਚੜੀ’ ਲੋਕਾਂ ਦੇ ਫ਼ਤਵੇ ਦੇ ਖ਼ਿਲਾਫ਼ ਸੀ। ਸੂਬੇ ਨੇ ਭਾਜਪਾ ਗੱਠਜੋੜ ਲਈ ਵੋਟ ਦਿੱਤੀ ਹੈ ਤੇ ਸ਼ਿਵ ਸੈਨਾ ਨੇ ਉਨ੍ਹਾਂ ਨੂੰ ਧੋਖਾ ਦਿੱਤਾ ਹੈ। ਜਾਵੜੇਕਰ ਨੇ ਕਿਹਾ ਕਿ ਅਯੁੱਧਿਆ ਮੁੱਦੇ ਦੇ ਨਾਲ-ਨਾਲ ਕਾਂਗਰਸ ਨੇ ਵੀਰ ਸਾਵਰਕਰ ਦਾ ਵੀ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਦਾ ਤਰਕ ਬੜਾ ਬੇਤੁਕਾ ਹੈ, ‘ਜਦ ਸ਼ਿਵ ਸੈਨਾ, ਐੱਨਸੀਪੀ ਦੇ ਨਾਲ ਸੀ ਤਾਂ ਸਭ ਠੀਕ ਸੀ, ਜੇ ਹੁਣ ਐੱਨਸੀਪੀ ਦੇ ਵਿਧਾਇਕ ਭਾਜਪਾ ਦੇ ਨਾਲ ਹਨ ਤਾਂ ਇਹ ਮਾੜਾ ਹੈ।’
HOME ਸ਼ਿਵ ਸੈਨਾ ਨੇ ਕਾਂਗਰਸ ਦਾ ਸਾਥ ਦੇ ਕੇ ਲੋਕਾਂ ਨੂੰ ਧੋਖਾ ਦਿੱਤਾ:...