ਕਾਂਗਰਸ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਸੀਨੀਅਰ ਆਗੂਆਂ ਦੀ ਲੰਬੀ ਬੈਠਕ ਅਤੇ ਸੋਨੀਆ ਗਾਂਧੀ ਵੱਲੋਂ ਪ੍ਰਵਾਨਗੀ ਮਿਲਣ ਮਗਰੋਂ ਦੋਵੇਂ ਪਾਰਟੀਆਂ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਛੇਤੀ ਹੀ ਮਹਾਰਾਸ਼ਟਰ ’ਚ ਸ਼ਿਵ ਸੈਨਾ ਨਾਲ ਮਿਲ ਕੇ ਨਵੀਂ ਸਰਕਾਰ ਦਾ ਗਠਨ ਕਰਨਗੇ। ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਮਗਰੋਂ ਇਹ ਪਹਿਲੀ ਵਾਰ ਹੈ ਕਿ ਕਾਂਗਰਸ ਅਤੇ ਐੱਨਸੀਪੀ ਨੇ ਮਹਾਰਾਸ਼ਟਰ ’ਚ ਸ਼ਿਵ ਸੈਨਾ ਨਾਲ ਸਰਕਾਰ ਬਣਾਉਣ ਪ੍ਰਤੀ ਹਾਂ-ਪੱਖੀ ਹੁੰਗਾਰਾ ਭਰਿਆ ਹੈ। ਇਸ ਦੌਰਾਨ ਐੱਨਸੀਪੀ ਦੇ ਸੂਤਰਾਂ ਨੇ ਇਹ ਵੀ ਕਿਹਾ ਕਿ ਸ਼ਿਵ ਸੈਨਾ ਨਾਲ ਢਾਈ-ਢਾਈ ਸਾਲ ਦੇ ਮੁੱਖ ਮੰਤਰੀ ’ਤੇ ਸਹਿਮਤੀ ਬਣ ਸਕਦੀ ਹੈ। ਸਹਿਮਤੀ ਬਣਨ ਮਗਰੋਂ ਪਹਿਲੇ ਢਾਈ ਸਾਲ ਸ਼ਿਵ ਸੈਨਾ ਦਾ ਮੁੱਖ ਮੰਤਰੀ ਹੋਵੇਗਾ। ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਕਿਹਾ ਕਿ ਮਹਾਰਾਸ਼ਟਰ ਦੇ ਲੋਕ ਚਾਹੁੰਦੇ ਹਨ ਕਿ ਪਾਰਟੀ ਮੁਖੀ ਊਧਵ ਠਾਕਰੇ ਨਵੀਂ ਸਰਕਾਰ ਦੀ ਅਗਵਾਈ ਕਰਨ। ਕਾਂਗਰਸ ਸੂਤਰਾਂ ਮੁਤਾਬਕ ਸੋਨੀਆ ਗਾਂਧੀ ਤੋਂ ਹਰੀਝੰਡੀ ਮਿਲਣ ਮਗਰੋਂ ਪਾਰਟੀ ਨੇ ਸ਼ਿਵ ਸੈਨਾ ਨਾਲ ਸਰਕਾਰ ਬਣਾਉਣ ਸਬੰਧੀ ਕਦਮ ਉਠਾਇਆ ਹੈ। ਸ਼ਰਦ ਪਵਾਰ ਦੇ ਘਰ ਕਾਂਗਰਸ ਅਤੇ ਐੱਨਸੀਪੀ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਤੋਂ ਬਾਅਦ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਪ੍ਰਿਥਵੀ ਰਾਜ ਚਵਾਨ ਨੇ ਕਿਹਾ ਕਿ ਚਰਚਾ ਸਕਾਰਾਤਮਕ ਰਹੀ ਅਤੇ ਛੇਤੀ ਹੀ ਨਵੀਂ ਸਰਕਾਰ ਬਣੇਗੀ। ਐੱਨਸੀਪੀ ਅਤੇ ਕਾਂਗਰਸੀ ਆਗੂਆਂ ਦੀ ਵੀਰਵਾਰ ਨੂੰ ਮੁੜ ਮੀਟਿੰਗ ਹੋਏਗੀ। ਇਸ ਤੋਂ ਬਾਅਦ ਤਿੰਨੋਂ ਪਾਰਟੀਆਂ ਦੀ 22 ਨਵੰਬਰ ਨੂੰ ਵੀ ਮੀਟਿੰਗ ਹੋਵੇਗੀ। ਐੱਨਸੀਪੀ ਦੇ ਬੁਲਾਰੇ ਨਵਾਬ ਮਲਿਕ ਨਾਲ ਸਾਂਝੀ ਪ੍ਰੈੱਸ ਕਾਨਫਰੰਸ ’ਚ ਚਵਾਨ ਨੇ ਕਿਹਾ ਕਿ ਅੱਜ ਦੀ ਮੀਟਿੰਗ ’ਚ ਸਰਕਾਰ ਦੇ ਗਠਨ ਨਾਲ ਜੁੜੇ ਖਾਕੇ ਅਤੇ ਘੱਟੋ ਘੱਟ ਸਾਂਝੇ ਪ੍ਰੋਗਰਾਮ ਬਾਰੇ ਚਰਚਾ ਕੀਤੀ ਗਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮੀਟਿੰਗ ਦੌਰਾਨ ਦੋਵੇਂ ਪਾਰਟੀਆਂ ਸ਼ਿਵ ਸੈਨਾ ਆਗੂਆਂ ਦੇ ਸੰਪਰਕ ’ਚ ਸਨ। ਇਸ ਤੋਂ ਪਹਿਲਾਂ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਬੁੱਧਵਾਰ ਨੂੰ ਮਹਾਰਾਸ਼ਟਰ ਵਿਚ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਬਾਰੇ ਸੰਸਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪਵਾਰ ਵੱਲੋਂ ਮੋਦੀ ਨੂੰ ਦਿੱਤੇ ਤਿੰਨ ਪੰਨਿਆਂ ਦੇ ਮੰਗ ਪੱਤਰ ਵਿੱਚ ਕਿਹਾ ਗਿਆ ਹੈ, ‘‘ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਕਾਰਨ, ਤੁਹਾਡੀ ਦਖਲਅੰਦਾਜ਼ੀ ਦੀ ਬਹੁਤ ਲੋੜ ਹੈ। ਜੇ ਤੁਸੀਂ ਦੁਖੀ ਕਿਸਾਨਾਂ ਨੂੰ ਰਾਹਤ ਦੇਣ ਲਈ ਵੱਡੇ ਪੱਧਰ ’ਤੇ ਰਾਹਤ ਉਪਾਅ ਕਰਨ ਲਈ ਤੁਰੰਤ ਕਦਮ ਚੁੱਕਦੇ ਹੋ ਤਾਂ ਮੈਂ ਸ਼ੁਕਰਗੁਜ਼ਾਰ ਹੋਵਾਂਗਾ।’’