ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਦਾ ਤਗ਼ਮਾ ਜੇਤੂ ਸ਼ਿਵ ਥਾਪਾ ਅਤੇ ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਅਮਿਤ ਪੰਘਾਲ ਨੇ ਅੱਜ ਇੱਥੇ ਦੂਜੇ ਇੰਡੀਆ ਓਪਨ ਮੁੱਕੇਬਾਜ਼ੀ ਟੂਰਨਾਮੈਂਟ ਦੇ ਸੈਮੀ-ਫਾਈਨਲ ਵਿੱਚ ਥਾਂ ਬਣਾ ਲਈ ਹੈ। ਕਰਮਵੀਰ ਨਵੀਨ ਚੰਦਰ ਬੋਰਦੋਲੋਈ ਇੰਡੋਰ ਸਟੇਡੀਅਮ ਵਿੱਚ ਪੰਜ ਹੋਰ ਭਾਰਤੀ ਵੀ ਸੈਮੀ-ਫਾਈਨਲ ਵਿੱਚ ਥਾਂ ਬਣਾਉਣ ਵਿੱਚ ਸਫਲ ਰਹੇ। ਸ਼ਿਵ ਇਸੇ ਸਟੇਡੀਅਮ ਵਿੱਚ ਤਿੰਨ ਸਾਲ ਪਹਿਲਾਂ ਕੌਮੀ ਚੈਂਪੀਅਨ ਬਣਿਆ ਸੀ। ਉਸ ਨੇ 60 ਕਿਲੋ ਵਰਗ ਵਿੱਚ ਆਪਣੇ ਤੋਂ ਕੱਦ ਵਿੱਚ ਲੰਮੇ ਮੌਰੀਸ਼ਸ ਦੇ ਹੇਲੇਨ ਡੇਮੀਅਨ ਨੂੰ 5-0 ਨਾਲ ਹਰਾ ਕੇ ਆਖ਼ਰੀ ਚਾਰ ਵਿੱਚ ਥਾਂ ਬਣਾਈ। ਹੁਣ ਉਸ ਦਾ ਸਾਹਮਣਾ ਪੋਲੈਂਡ ਦੇ ਖਿਡਾਰੀ ਡੀ ਕ੍ਰਿਸਟੀਅਨ ਸਕੇਪਾਂਸਕੀ ਨਾਲ ਹੋਵੇਗਾ। ਸ਼ਿਵ ਦਾ ਮੁਕਾਬਲਾ ਵੇਖਣ ਲਈ ਉਸ ਦੇ ਪਿਤਾ ਪਦਮ ਥਾਪਾ ਸਣੇ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਸਨ। ਅੰਕਿਤ ਅਤੇ ਮਨੀਸ਼ ਕੌਸ਼ਿਕ ਵੀ ਆਪੋ-ਆਪਣੇ ਵਿਰੋਧੀਆਂ ਖ਼ਿਲਾਫ਼ 5-0 ਦੀ ਜਿੱਤ ਨਾਲ 60 ਕਿਲੋ ਭਾਰ ਵਰਗ ਵਿੱਚ ਅੱਗੇ ਵਧਣ ਵਿੱਚ ਸਫਲ ਰਹੇ। ਇਸ ਤਰ੍ਹਾਂ ਸੈਮੀ-ਫਾਈਨਲ ਵਿੱਚ ਤਿੰਨ ਭਾਰਤੀਆਂ ਨੇ ਥਾਂ ਬਣਾਈ। ਦੂਜੇ ਪਾਸੇ 52 ਕਿਲੋ ਵਿੱਚ ਚਾਰ ਭਾਰਤੀ ਮੁੱਕੇਬਾਜ਼ ਸੈਮੀ-ਫਾਈਨਲ ਵਿੱਚ ਪਹੁੰਚੇ। ਪੰਘਾਲ ਤੋਂ ਇਲਾਵਾ ਕੌਮੀ ਚੈਂਪੀਅਨ ਪੀਐਸ ਪ੍ਰਸਾਦ, ਸਾਬਕਾ ਵਿਸ਼ਵ ਯੂਥ ਚੈਂਪੀਅਨ ਸਚਿਨ ਸਿਵਾਚ ਅਤੇ ਰਾਸ਼ਟਰਮੰਡਲ ਖੇਡਾਂ ਦੇ ਮੌਜੂਦਾ ਚੈਂਪੀਅਨ ਗੌਰਵ ਸੋਲੰਕੀ ਆਖ਼ਰੀ ਚਾਰ ਵਿੱਚ ਪਹੁੰਚੇ।ਪੰਘਾਲ ਨੇ ਥਾਈਲੈਂਡ ਦੇ ਚਕਾਪੋਂਗ ਚਾਨਪਿਰੋਮ ਖ਼ਿਲਾਫ਼ 5-0 ਨਾਲ ਸੌਖੀ ਜਿੱਤ ਦਰਜ ਕੀਤੀ। ਪੰਘਾਲ ਸੈਮੀ-ਫਾਈਨਲ ਵਿੱਚ ਕੌਮੀ ਚੈਂਪੀਅਨ ਪ੍ਰਸਾਦ ਨਾਲ ਭਿੜੇਗਾ, ਜਦਕਿ ਇੱਕ ਹੋਰ ਸੈਮੀ ਫਾਈਨਲ ਵਿੱਚ ਸਿਵਾਚ ਦਾ ਸਾਹਮਣਾ ਸੋਲੰਕੀ ਨਾਲ ਹੋਵੇਗਾ। ਸਿਵਾਚ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਦਾ ਤਗ਼ਮਾ ਜੇਤੂ ਫਿਲਪੀਨਜ਼ ਦੇ ਰੋਗਲ ਲੇਡਨ ਨੂੰ 4-1 ਨਾਲ ਹਰਾਇਆ। ਦੂਜੇ ਪਾਸੇ ਸੋਲੰਕੀ ਨੂੰ ਮੌਰੀਸ਼ਸ ਦੇ ਲੂਈ ਫਲੂਰੋਟ ਖ਼ਿਲਾਫ਼ 5-0 ਦੀ ਜਿੱਤ ਦੌਰਾਨ ਜ਼ਿਆਦਾ ਪਸੀਨਾ ਨਹੀਂ ਵਹਾਉਣਾ ਪਿਆ।
Sports ਸ਼ਿਵ ਤੇ ਪੰਘਾਲ ਇੰਡੀਆ ਓਪਨ ਮੁੱਕੇਬਾਜ਼ੀ ਦੇ ਸੈਮੀਜ਼ ’ਚ