ਨਵੀਂ ਦਿੱਲੀ (ਸਮਾਜਵੀਕਲੀ) : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਸਿੰਘ ਤੋਮਰ ਨਾਲ ਮੁਲਾਕਾਤ ਕਰਕੇ ਸੂਬੇ ਦੇ ਬਾਸਮਤੀ ਚੌਲਾਂ ਨੂੰ ਜੀਆਈ ਟੈਗ ਦਿੱਤੇ ਜਾਣ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਜੀਆਈ ਟੈਗ ਕਿਸੇ ਊਤਪਾਦ ਦਾ ਭੂਗੋਲਿਕ ਮੂਲ ਦਰਸਾਉਂਦਾ ਹੈ।
ਚੌਹਾਨ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਕਰੀਬ 80 ਹਜ਼ਾਰ ਕਿਸਾਨਾਂ ਵਲੋਂ 13 ਜ਼ਿਲ੍ਹਿਆਂ- ਮੋਰੇਨਾ, ਭਿੰਡ, ਗਵਾਲੀਅਰ, ਸ਼ਿਓਪੁਰ, ਦਾਤੀਆ, ਸ਼ਿਵਪੁਰੀ, ਗੁਨਾ, ਵਿਦੀਸ਼ਾ, ਰਾਇਸੇਨ, ਸੇਹੋਰ, ਹੋਸ਼ੰਗਾਬਾਦ, ਜਬਲਪੁਰ ਅਤੇ ਨਰਸਿੰਘਪੁਰ ਵਿੱਚ ਬਾਸਮਤੀ ਚੌਲਾਂ ਦੀ ਪੈਦਾਵਰ ਕੀਤੀ ਜਾਂਦੀ ਹੈ। ਊਨ੍ਹਾਂ ਕਿਹਾ, ‘‘ਇਤਿਹਾਸਿਕ ਸਬੂਤਾਂ ਨੂੰ ਦੇਖਦਿਆਂ ਸੂਬੇ ਦੇ ਬਾਸਮਤੀ ਚੌਲਾਂ ਨੂੰ ਜੀਆਈ ਟੈਗ ਦੇਣਾ ਢੁਕਵਾਂ ਹੋਵੇਗਾ ਅਤੇ ਇਸ ਨਾਲ ਸੂਬੇ ਦੇ ਕਿਸਾਨਾਂ ਦੇ ਹਿੱਤ ਸੁਰੱਖਿਅਤ ਰਹਿਣਗੇ।’’
ਊਨ੍ਹਾਂ ਦੱਸਿਆ ਕਿ ਸੂਬੇ ਦਾ ਤਿੰਨ ਹਜ਼ਾਰ ਕਰੋੜ ਰੁਪਏ ਦਾ ਬਾਸਮਤੀ ਚੌਲ ਹਰ ਵਰ੍ਹੇ ਕਈ ਵਿਦੇਸ਼ੀ ਮੁਲਕਾਂ ਵਿੱਚ ਭੇਜਿਆ ਜਾਂਦਾ ਹੈ। ਤੋਮਰ ਨੇ ਇਸ ਸਬੰਧੀ ਕੇਂਦਰ ਵਲੋਂ ਹਰ ਤਰ੍ਹਾਂ ਦੀ ਸੰਭਵ ਮੱਦਦ ਦਾ ਭਰੋਸਾ ਦਿੱਤਾ।