ਪੰਜਾਬ ਤੇ ਹਰਿਆਣਾ ’ਚ ਠੰਢ ਦਾ ਕਹਿਰ ਜਾਰੀ ਹੈ, ਜਿੱਥੇ ਅੱਜ ਘੱਟੋ-ਘੱਟ ਤਾਪਮਾਨ ਵਿੱਚ ਕਈ ਡਿਗਰੀ ਦਾ ਨਿਘਾਰ ਦਰਜ ਕੀਤਾ ਗਿਆ। ਪੰਜਾਬ ਵਿੱਚ ਫਰੀਦਕੋਟ ਘੱਟੋ ਘੱਟ 3.6 ਡਿਗਰੀ ਤਾਪਮਾਨ ਨਾਲ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ (4 ਡਿਗਰੀ) ਤੋਂ ਵੀ ਵੱਧ ਠੰਢਾ ਰਿਹਾ ਜਦਕਿ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵੀ ਸ਼ਿਮਲਾ ਨਾਲੋਂ ਵੱਧ ਠੰਢੀ ਰਹੀ। ਚੰਡੀਗੜ੍ਹ ’ਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 11.3 ਡਿਗਰੀ ਰਿਹਾ ਜੋ ਕਿ ਆਮ ਨਾਲੋਂ 10 ਡਿਗਰੀ ਹੇਠਾਂ ਹੈ। ਜੰਮੂ-ਕਸ਼ਮੀਰ ਦੀ ਸਰਦੀਆਂ ਦੀ ਰਾਜਧਾਨੀ ਜੰਮੂ ’ਚ ਮੰਗਲਵਾਰ ਦੀ ਰਾਤ ਨੂੰ ਤਾਪਮਾਨ 4.8 ਡਿਗਰੀ ਤੱਕ ਪਹੁੰਚ ਗਿਆ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰੀ ਭਾਰਤ ਵਿੱਚ ਸੀਤ ਲਹਿਰ ਜ਼ੋਰਾਂ ’ਤੇ ਹੈ। ਪੰਜਾਬ ਤੇ ਹਰਿਆਣਾ ਵਿੱਚੋਂ ਸਭ ਤੋਂ ਘੱਟ ਤਾਪਮਾਨ ਹਰਿਆਣਾ ਦੇ ਸ਼ਹਿਰ ਨਾਰਨੌਲ ਵਿੱਚ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਇਕ ਅਧਿਕਾਰੀ ਅਨੁਸਾਰ ਪੰਜਾਬ ਵਿੱਚ ਸਭ ਤੋਂ ਘੱਟੋ-ਘੱਟ ਤਾਪਮਾਨ ਫ਼ਰੀਦਕੋਟ ’ਚ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਅੰਮ੍ਰਿਤਸਰ ’ਚ 6.4 ਡਿਗਰੀ, ਆਦਮਪੁਰ ’ਚ 6, ਹਲਵਾਰਾ ’ਚ 7.2 ਡਿਗਰੀ, ਬਠਿੰਡਾ ’ਚ 5.7, ਲੁਧਿਆਣਾ ’ਚ 7.6, ਗੁਰਦਾਸਪੁਰ ’ਚ 7.1 ਅਤੇ ਪਟਿਆਲਾ ’ਚ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਦੇ ਸ਼ਹਿਰ ਹਿਸਾਰ ’ਚ 4.6, ਅੰਬਾਲਾ ’ਚ 7.7, ਰੋਹਤਕ ’ਚ 6, ਭਿਵਾਨੀ ’ਚ 6.3 ਅਤੇ ਕਰਨਾਲ ’ਚ 8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਚੰਡੀਗੜ੍ਹ, ਅੰਬਾਲਾ, ਹਿਸਾਰ ਤੇ ਕਰਨਾਲ ਵਿੱਚ ਸੰਘਣੀ ਧੁੰਦ ਕਾਰਨ ਦੇਖਣ ਦੀ ਸਮਰੱਥਾ ਘੱਟ ਰਹੀ। ਇਸੇ ਤਰ੍ਹਾਂ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਮਨਾਲੀ, ਸੁੰਦਰਨਗਰ, ਭੁੰਤਰ, ਕਿਲੌਂਗ ਤੇ ਕਲਪਾ ’ਚ ਤਾਪਮਾਨ ਮਨਫ਼ੀ ਹੋਣ ਕਾਰਨ ਹੱਡ ਚੀਰਵੀਂ ਠੰਢ ਰਹੀ। ਲਾਹੌਲ ਸਪਿਤੀ ਦੇ ਪ੍ਰਸ਼ਾਸਕੀ ਕੇਂਦਰ ਕਿਲੌਂਗ ’ਚ ਤਾਪਮਾਨ ਮਨਫ਼ੀ 13.8 ਡਿਗਰੀ ਰਹਿਣ ਕਾਰਨ ਇਹ ਰਾਜ ਦੀ ਸਭ ਤੋਂ ਠੰਢੀ ਜਗ੍ਹਾ ਰਹੀ। ਮੌਸਮ ਵਿਭਾਗ ਦੇ ਸ਼ਿਮਲਾ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਕਿਨੌਰ ਜ਼ਿਲ੍ਹੇ ਦੇ ਕਲਪਾ ’ਚ ਤਾਪਮਾਨ ਮਨਫੀ 4.6 ਡਿਗਰੀ, ਕੁੱਲੂ ਦੇ ਮਨਾਲੀ ’ਚ ਮਨਫ਼ੀ 2.8 ਡਿਗਰੀ, ਮੰਡੀ ਜ਼ਿਲ੍ਹੇ ਦੇ ਸੁੰਦਰਨਗਰ ’ਚ ਮਨਫ਼ੀ 0.5 ਡਿਗਰੀ ਤੇ ਮੰਡੀ ਜ਼ਿਲ੍ਹੇ ਦੇ ਹੀ ਭੁੰਤਰ ’ਚ ਮਨਫ਼ੀ 0.4 ਡਿਗਰੀ ਜਦਕਿ ਸ਼ਿਮਲਾ ’ਚ 4 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਅਨੁਸਾਰ 19 ਤੇ 21 ਦਸੰਬਰ ਵਿਚਾਲੇ ਰਾਜ ਵਿੱਚ ਭਾਰੀ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਜੰਮੂ ਵਿੱਚ ਲੰਘੀ ਰਾਤ ਤਾਪਮਾਨ 4.8 ਡਿਗਰੀ ਤੱਕ ਪਹੁੰਚ ਗਿਆ। ਸ੍ਰੀਨਗਰ ’ਚ ਤਾਪਮਾਨ ਸਿਫ਼ਰ ਤੋਂ 3.7 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਜੋ ਔਸਤ ਨਾਲ 2.2 ਡਿਗਰੀ ਘੱਟ ਹੈ।