ਸ਼ਿਮਲਾ ਲਈ 7 ਡੱਬਿਆਂ ਵਾਲੀ ਵਿਸਟਾਡੋਮ ਰੇਲ ਸ਼ੁਰੂ

ਚੰਡੀਗੜ੍ਹ- ਰੇਲਵੇ ਨੇ ਇਤਿਹਾਸਕ ਕਾਲਕਾ-ਸ਼ਿਮਲਾ ਰੂਟ ’ਤੇ ਅੱਜ ਤੋਂ ਸੱਤ ਡੱਬਿਆਂ ਵਾਲੀ ਸ਼ੀਸ਼ੇ ਨਾਲ ਤਿਆਰ ਵਿਸਟਾਡੋਮ ਰੇਲ ਗੱਡੀ ਚਲਾ ਦਿੱਤੀ ਹੈ। ਲਾਲ ਰੰਗ ਦੀ ਰੇਲ ਗੱਡੀ ਨੂੰ ਗੁਬਾਰਿਆਂ ਨਾਲ ਸਜਾਇਆ ਗਿਆ ਸੀ। ਕਾਲਕਾ ਸਟੇਸ਼ਨ ਦੇ ਰੇਲ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਵਿਸ਼ੇਸ਼ ਰੇਲ ਗੱਡੀ ਸਵੇਰੇ 7 ਵਜੇ ਦੇ ਕਰੀਬ ਕਾਲਕਾ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ।
‘ਹਿਮ ਦਰਸ਼ਨ’ ਟਰੇਨ ’ਚ 100 ਮੁਸਾਫ਼ਰਾਂ ਦੇ ਬੈਠਣ ਦੀ ਸਮਰੱਥਾ ਹੈ ਅਤੇ ਅਗਲੇ ਕੁਝ ਦਿਨਾਂ ਲਈ ਇਸ ਦੀ ਬੁਕਿੰਗ ਮੁਕੰਮਲ ਹੋ ਚੁੱਕੀ ਹੈ। ਅਧਿਕਾਰੀ ਨੇ ਕਿਹਾ ਕਿ ਨਵਾਂ ਵਰ੍ਹਾ ਨੇੜੇ ਹੋਣ ਕਾਰਨ ਸੈਲਾਨੀ ਇਸ ਰੇਲ ਗੱਡੀ ’ਚ ਪੂਰੀ ਦਿਲਚਸਪੀ ਦਿਖਾ ਰਹੇ ਹਨ। ਇਸ ਤੋਂ ਪਹਿਲਾਂ ਰੇਲਵੇ ਨੇ ਚਾਰੇ ਪਾਸਿਉਂ ਮਨੋਹਰ ਨਜ਼ਾਰੇ ਦਿਖਾਉਣ ਵਾਲਾ ਇਕ ਡੱਬਾ ਜੋੜਿਆ ਸੀ ਪਰ ਜ਼ੋਰਦਾਰ ਹੁੰਗਾਰਾ ਮਿਲਣ ਕਰਕੇ ਹੁਣ ਉਨ੍ਹਾਂ ਸਾਰੇ ਡੱਬੇ ਹੀ ਅਜਿਹੇ ਤਿਆਰ ਕੀਤੇ ਹਨ। ਦੁਨੀਆਂ ਦੇ ਕੁਝ ਵਿਰਾਸਤੀ ਰੇਲ ਲਾਈਨਾਂ ’ਚੋਂ ਇਕ ਕਾਲਕਾ-ਸ਼ਿਮਲਾ ਰੂਟ ’ਤੇ ਸੈਲਾਨੀ ਹੁਣ ਸ਼ੀਸ਼ੇ ਵਾਲੇ ਡੱਬਿਆਂ ’ਚੋਂ ਬਰਫ਼ ਅਤੇ ਮੀਂਹ ਦਾ ਆਨੰਦ ਵੀ ਮਾਣ ਸਕਣਗੇ। ਕਾਲਕਾ ਤੋਂ ਰੇਲ ’ਚ ਸਵਾਰ ਇਕ ਪਰਿਵਾਰ ਨੇ ਮੀਡੀਆ ਨੂੰ ਦੱਸਿਆ,‘‘ ਪਾਰਦਰਸ਼ੀ ਛੱਤਾਂ ਨਾਲ ਕੁਦਰਤ ਦਾ ਨਜ਼ਾਰਾ ਮਾਣਨਾ ਬਹੁਤ ਵਧੀਆ ਤਜਰਬਾ ਹੈ। ਅਸੀਂ ਕੁਝ ਦਿਨਾਂ ਮਗਰੋਂ ਫਿਰ ਪਰਤਾਂਗੇ ਤਾਂ ਜੋ ਗੱਡੀ ’ਚ ਬਰਫ਼ਬਾਰੀ ਦੇਖਣ ਦਾ ਮੌਕਾ ਵੀ ਮਿਲ ਸਕੇ।’’ ਏਅਰ-ਕੰਡੀਸ਼ਨ ਵਾਲੀ ਰੇਲ ਗੱਡੀ ’ਚ ਖਿੜਕੀਆਂ ’ਤੇ ਵੱਡੇ ਵੱਡੇ ਸ਼ੀਸ਼ੇ ਲੱਗੇ ਹੋਏ ਹਨ ਅਤੇ ਅੰਦਰ ਡੱਬਿਆਂ ’ਚ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਖੂਬਸੂਰਤ ਸਜਾਵਟ ਕੀਤੀ ਗਈ ਹੈ ਤਾਂ ਜੋ 95.5 ਕਿਲੋਮੀਟਰ ਰੂਟ ’ਤੇ ਉਹ ਕੁਦਰਤ ਦੇ ਨੇੜੇ ਹੋਣ ਦਾ ਅਹਿਸਾਸ ਮਾਣ ਸਕਣ।

Previous articleਕਰਤਾਰਪੁਰ ਲਾਘਾ: ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਟਰਮੀਨਲ ਤੱਕ ਚੱਲੇਗੀ ਬੱਸ
Next articleਨਾਗਰਿਕਤਾ ਕਾਨੂੰਨ ਬਾਰੇ ਕਾਂਗਰਸ ਦਾ ਪ੍ਰਚਾਰ ਗੁਮਰਾਹਕੁੰਨ: ਚੌਹਾਨ