ਨਵੀਂ ਦਿੱਲੀ (ਸਮਾਜ ਵੀਕਲੀ) : ਪੂਰਾ ਉੱਤਰ ਭਾਰਤ ਕੜਾਕੇ ਦੀ ਠੰਢ ਦੀ ਚਪੇਟ ’ਚ ਆਇਆ ਹੋਇਆ ਹੈ। ਸੀਤ ਲਹਿਰ ਨੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਮੌਸਮ ਵਿਭਾਗ ਨੇ 3 ਤੋਂ 5 ਜਨਵਰੀ ਤੱਕ ਉੱਤਰੀ ਭਾਰਤ ’ਚ ਮੀਂਹ, ਗੜੇ ਅਤੇ ਬਰਫ਼ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ ਅਤੇ ਪੱਛਮੀ ਮੱਧ ਪ੍ਰਦੇਸ਼ ’ਚ ਜ਼ੋਰਦਾਰ ਸੀਤ ਲਹਿਰ ਚੱਲਣ ਦੀ ਸੰਭਾਵਨਾ ਪ੍ਰਗਟਾਈ ਹੈ। ਪੱਛਮੀ ਗੜਬੜੀ ਕਾਰਨ 2 ਤੋਂ 6 ਜਨਵਰੀ ਤੱਕ ਉੱਤਰ-ਪੱਛਮ ਭਾਰਤ ’ਚ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਪੱਛਮੀ ਹਿਮਾਲਿਆ ਖ਼ਿੱਤੇ ’ਚ ਬਰਫ਼ਬਾਰੀ ਵੀ ਹੋ ਸਕਦੀ ਹੈ।
ਪੰਜਾਬ ਅਤੇ ਹਰਿਆਣਾ ’ਚ ਸੀਤ ਲਹਿਰ ਨੇ ਵੱਟ ਕੱਢੇ ਹੋਏ ਹਨ। ਹਿਸਾਰ ’ਚ ਤਾਪਮਾਨ ਮਨਫ਼ੀ 1.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਉਥੇ ਸ਼ਿਮਲਾ (3 ਡਿਗਰੀ ਸੈਲਸੀਅਸ) ਨਾਲੋਂ ਜ਼ਿਆਦਾ ਠੰਢ ਰਿਕਾਰਡ ਕੀਤੀ ਗਈ ਅਤੇ ਬੁੱਧਵਾਰ ਦੀ ਰਾਤ ਸਭ ਤੋਂ ਠੰਢੀ ਰਹੀ ਜਿਸ ਕਾਰਨ 47 ਸਾਲ ਦਾ ਰਿਕਾਰਡ ਟੁੱਟ ਗਿਆ। ਇਸੇ ਤਰ੍ਹਾਂ ਨਾਰਨੌਲ ’ਚ ਤਾਪਮਾਨ ਮਨਫ਼ੀ 0.5, ਸਿਰਸਾ ’ਚ 1,5 ਅਤੇ ਅੰਬਾਲਾ ’ਚ ਘੱਟੋ ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਬਠਿੰਡਾ ’ਚ ਤਾਪਮਾਨ ਸਿਫ਼ਰ ਡਿਗਰੀ ਸੈਲਸੀਅਸ ਰਿਹਾ ਜੋ ਇਸ ਮੌਸਮ ਦਾ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਹੈ। ਠੰਢ ਨੇ ਅੰਮ੍ਰਿਤਸਰ ਅਤੇ ਫਰੀਦਕੋਟ ਦੇ ਲੋਕਾਂ ਨੂੰ ਵੀ ਪ੍ਰੇਸ਼ਾਨ ਕੀਤਾ ਹੋਇਆ ਹੈ ਜਿਥੇ ਘੱਟੋ ਘੱਟ ਤਾਪਮਾਨ ਕ੍ਰਮਵਾਰ 1.6 ਅਤੇ 1.2 ਡਿਗਰੀ ਸੈਲਸੀਅਸ ਦਰਜ ਹੋਇਆ। ਪਠਾਨਕੋਟ ’ਚ 2.2, ਹਲਵਾਰਾ ’ਚ 3.1, ਆਦਮਪੁਰ ’ਚ 4.8, ਲੁਧਿਆਣਾ ’ਚ 4.1 ਅਤੇ ਪਟਿਆਲਾ ’ਚ ਤਾਪਮਾਨ 4.8 ਡਿਗਰੀ ਸੈਲਸੀਅਸ ਰਿਹਾ। ਦੋਵੇਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ’ਚ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਰਹੀ ਅਤੇ ਪਾਰਾ 2.7 ਡਿਗਰੀ ਸੈਲਸੀਅਸ ਦਰਜ ਹੋਇਆ।
ਕੌਮੀ ਰਾਜਧਾਨੀ ਦਿੱਲੀ ’ਚ ਸੂਰਜ ਦੇ ਦਰਸ਼ਨ ਔਖੇ ਹੋ ਗਏ ਹਨ। ਸੀਤ ਲਹਿਰ ਅਤੇ ਸੰਘਣੀ ਧੁੰਦ ਕਾਰਨ ਸੜਕਾਂ ’ਤੇ ਆਵਾਜਾਈ ਘੱਟ ਦੇਖਣ ਨੂੰ ਮਿਲੀ। ਮੌਸਮ ਵਿਭਾਗ ਦੇ ਖੇਤਰੀ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਦੱਸਿਆ ਕਿ ਸ਼ਹਿਰ ’ਚ ਲਗਾਤਾਰ ਤੀਜੇ ਦਿਨ ਸੀਤ ਲਹਿਰ ਜਾਰੀ ਰਹੀ। ਦਿੱਲੀ ’ਚ ਵੀਰਵਾਰ ਨੂੰ ਘੱਟੋ ਘੱਟ ਤਾਪਮਾਨ 3.3 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਵੀ ਕੜਾਕੇ ਦੀ ਠੰਢ ਜਾਰੀ ਰਹੇਗੀ ਪਰ ਅੱਗੇ ਘੱਟੋ ਘੱਟ ਤਾਪਮਾਨ ਵੱਧਣ ਦੀ ਸੰਭਾਵਨਾ ਹੈ।